ਪੱਤਰ ਪ੍ਰੇਰਕ
ਮੋਰਿੰਡਾ, 15 ਅਕਤੂਬਰ
ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰਾ ਇੱਥੇ ਰਾਮਲੀਲਾ ਗਰਾਊਂਡ ਵਿੱਚ ਮਨਾਇਆ ਗਿਆ। ਰਾਮਲੀਲਾ ਕਮੇਟੀ ਵੱਲੋਂ ਕਬੱਡੀ ਮੁਕਾਬਲੇ ਵੀ ਕਰਵਾਏ ਗਏ। ਮੁੱਖ ਮਹਿਮਾਨ ਵਜੋਂ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਵਣ ਦਹਿਨ ਕੀਤਾ। ਉਨ੍ਹਾਂ ਕਿਹਾ ਕਿ ਉਹ ਥੋੜ੍ਹੇ ਸਮੇਂ ਵਿੱਚ ਹੀ ਹਲਕਾ ਸ੍ਰੀ ਚਮਕੌਰ ਸਾਹਿਬ ਨੂੰ ਪੰਜਾਬ ਦਾ ਮੋਹਰੀ ਹਲਕਾ ਬਣਾ ਦੇਣਗੇ। ਉਨ੍ਹਾਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਵਿੱਚ 100 ਬੈੱਡਾਂ ਦਾ ਹਸਪਤਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਕਈ ਹੋਰ ਵਿਕਾਸ ਕਾਰਜਾਂ ਦਾ ਵੀ ਐਲਾਨ ਕੀਤਾ। ਉਨ੍ਹਾਂ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ ‘ਪੱਤ ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਹੈ’। ਮੁੱਖ ਮੰਤਰੀ ਨੇ ਕਿਹਾ ਕਿ ਉਹ ਥੋੜ੍ਹੇ ਸਮੇਂ ਵਿੱਚ ਹੀ ਬਹੁਤ ਕੁੱਝ ਕਰਕੇ ਵਿਖਾਉਣਗੇ। ਉਨ੍ਹਾਂ ਕਬੱਡੀ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ। ਇਸੇ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਿਜੈ ਸ਼ਰਮਾ ਟਿੰਕੂ, ਡੀਸੀ ਸੋਨਾਲੀ ਗਿਰੀ ਹਾਜ਼ਰ ਸਨ।
ਜ਼ੀਰਕਪੁਰ/ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਵਿੱਚ ਅੱਜ ਤਿੰਨ ਥਾਵਾਂ ’ਤੇ ਦਸਹਿਰਾ ਮੇਲਾ ਲਾਇਆ ਗਿਆ। ਇਸ ਦੌਰਾਨ ਭਬਾਤ, ਛੱਤ ਅਤੇ ਲੋਹਗੜ੍ਹ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਲੋਹਗੜ੍ਹ ਵਿੱਚ ਵਿਧਾਇਕ ਐਨ.ਕੇ. ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੰਜਾਬੀ ਗਾਇਕ ਜੱਸ ਬਾਜਵਾ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਪਿੰਡ ਭਬਾਤ ਅਤੇ ਪਿੰਡ ਛੱਤ ਵਿੱਚ ਵੀ ਦਸਹਿਰਾ ਮਨਾਇਆ ਗਿਆ। ਹਾਈਲੈਂਡ ਕੋਪਰੇਟਿਵ ਸੁਸਾਇਟੀ ਵੱਲੋਂ ਬਲਟਾਣਾ ਵਿੱਚ ਦਸਹਿਰਾ ਮਨਾਇਆ ਗਿਆ। ਛੋਟੇ ਛੋਟੇ ਬੱਚਿਆਂ ਵੱਲੋਂ 25 ਫੁੱਟ ਰਾਵਣ ਦੇ ਪੁਤਲੇ ਨੂੰ ਅੱਗ ਲਾਈ ਗਈ। ਬੱਚਿਆਂ ਵਿੱਚ ਸ਼ੁਭਮ, ਪ੍ਰਿੰਸ, ਵੰਸ, ਨਵੀਨ, ਤੇਜਸ, ਕਰਨ ਅਤੇ ਮਾਨਵ ਨੇ ਰਾਵਣ ਦੇ ਪੁਤਲੇ ਲਈ ਸਾਰੀ ਸੁਸਾਇਟੀ ਵਿੱਚੋਂ ਪੈਸੇ ਇਕੱਠੇ ਕੀਤੇ। ਸੁਸਾਇਟੀ ਪ੍ਰਧਾਨ ਰਾਧਿਕਾ ਗੋਇਲ ਨੇ ਦਸਹਿਰੇ ਦੀ ਵਧਾਈ ਦਿੱਤੀ। ਇਸੇ ਤਰ੍ਹਾਂ ਡੇਰਾਬੱਸੀ ਸ਼ਹਿਰ ਵਿੱਚ ਦਸਹਿਰਾ ਦਾ ਤਿਉਹਾਰ ਮਨਾਇਆ ਗਿਆ। ਰਾਮਲੀਲਾ ਗਰਾਊਂਡ ਅਤੇ ਗੁਲਾਬਗੜ੍ਹ ਰੋਡ ’ਤੇ ਅਸ਼ੋਕ ਵਾਟਿਕਾ ਵਿੱਚ ਦਸਹਿਰਾ ਮੇਲਾ ਲਾਇਆ ਗਿਆ। ਰਾਮਲੀਲਾ ਗਰਾਊਂਡ ਵਿੱਚ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਸ਼ੰਕਰ ਡਰਾਮਾਟਿਕ ਕਲੱਬ, ਰਾਮਲੀਲਾ ਕਮੇਟੀ ਖਮਾਣੋਂ ਅਤੇ ਦਸਹਿਰਾ ਕਮੇਟੀ ਵੱਲੋਂ ਦਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਪ੍ਰੀਤ ਸਿੰਘ ਜੀ.ਪੀ. ਹਲਕਾ ਵਿਧਾਇਕ ਬਸੀ ਪਠਾਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਵੀ ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਦਸਹਿਰੇ ਦੀਆਂ ਵਧਾਈਆਂ ਦਿੱਤੀਆਂ। ਇਸੇ ਦੌਰਾਨ ਐਸ.ਵੀ.ਐਮ. ਖਮਾਣੋਂ ਵਿੱਚ ਪ੍ਰਿੰਸੀਪਲ ਗੁਰਪ੍ਰੀਤ ਕੌਰ ਦੀ ਦੇਖ ਰੇਖ ਹੇਠ ਦਸਹਿਰਾ ਮਨਾਇਆ ਗਿਆ।
ਕੁਰਾਲੀ (ਪੱਤਰ ਪ੍ਰੇਰਕ): ਦਸਹਿਰਾ ਅੱਜ ਇੱਥੇ ਸ਼ਹਿਰ ਤੇ ਆਸ ਪਾਸ ਦੇ ਪਿੰਡਾਂ ਵਿੱਚ ਸ਼ਰਧਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਦਸਹਿਰਾ ਮੇਲਾ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰੋਗਰਾਮ ਕਰਵਾਇਆ ਗਿਆ ਅਤੇ ਰਾਵਣ ਦੇ ਪੁਤਲੇ ਸਾੜੇ ਗਏ।
ਬਨੂੜ (ਪੱਤਰ ਪ੍ਰੇਰਕ): ਪਿੰਡ ਖੇੜਾ ਗੱਜੂ ਵਿਖੇ ਰਾਮ ਲੀਲਾ ਦੀ ਸਮਾਪਤੀ ਮਗਰੋਂ ਅੱਜ ਦੁਸਹਿਰੇ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਰਾਮ ਲੀਲਾ ਕਲੱਬ ਦੇ ਪ੍ਰਧਾਨ ਪ੍ਰਤਾਪ ਕੁਮਾਰ, ਜ਼ਿਲ੍ਹਾ ਪਰਿਸ਼ਦ ਮੈਂਬਰ ਮਨੋਹਰ ਲਾਲ, ਬਲਾਕ ਸਮਿਤੀ ਮੈਂਬਰ ਚੇਤਨ ਦਾਸ ਅਤੇ ਸਰਪੰਚ ਰੋੋਹਿਤ ਕੁਮਾਰ ਦੀ ਅਗਵਾਈ ਹੇਠ ਹੋਏ ਪ੍ਰੋਗਰਾਮ ਵਿੱਚ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸ਼ਿਰਕਤ ਕੀਤੀ।
ਖਰੜ (ਪੱਤਰ ਪ੍ਰੇਰਕ): ਦੁਸਹਿਰਾ ਅੱਜ ਖਰੜ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਦਸਹਿਰਾ ਕਮੇਟੀ ਵੱਲੋਂ ਅੱਜ ਇੱਥੇ ਸਰੋਵਰ ਦੇ ਵਿਸ਼ਾਲ ਮੈਦਾਨ ਵਿੱਚ ਪ੍ਰੋਗਰਾਮ ਕਰਵਾਇਆ ਗਿਆ, ਜਿਥੇ ਰਾਵਣ, ਕੁੰਭਕਰਨ ਅਤੇ ਮੇਗਨਾਥ ਦੇ ਪੁਤਲੇ ਸਾੜੇ। ਇਸ ਮੌਕੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਖਰੜ ਨਗਰ ਕੌਸਲ ਦੇ ਸਮੂਹ ਮੈਂਬਰਾਨ, ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਇੱਥੇ ਮੌਜੂਦ ਸਨ।
ਅਮਲੋਹ (ਪੱਤਰ ਪ੍ਰੇਰਕ): ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰਾ ਆਲੇ-ਦੁਆਲੇ ਪਿੰਡਾਂ ਵਿਚ ਅਤੇ ਅਮਲੋਹ ਸ਼ਹਿਰ ਵਿਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਸੁੰਦਰ ਝਾਂਕੀਆਂ ਪੇਸ਼ ਕੀਤੀਆਂ ਗਈਆਂ ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦੀਆਂ ਹੋਈਆਂ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿਖੇ ਦਸਹਿਰੇ ਸਮਾਗਮ ’ਚ ਪਹੁੰਚੀਆਂ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਵਿਚ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੇ.ਪੀ.ਐਸ. ਜੌਲੀ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ।
ਮੁੱਲਾਂਪੁਰ ਗਰੀਬਦਾਸ (ਪੱਤਰ ਪੇ੍ਰਕ): ਨਿਊ ਚੰਡੀਗੜ੍ਹ ਦੇ ਪਿੰਡ ਮੁੱਲਾਂਪੁਰ ਗ਼ਰੀਬਦਾਸ ਵਿੱਚ ਰਾਮਲੀਲਾ ਕਮੇਟੀ ਵੱਲੋਂ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਉਤਸਾਹ ਮਨਾਇਆ ਗਿਆ। ਰਾਮਲੀਲਾ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਸਮੇਤ ਸਮਾਜਸੇਵੀ ਅਰਵਿੰਦਪੁਰੀ ਨੇ ਦੱਸਿਆ ਕਿ ਮਹਿਮਾਨਾਂ ਤੇ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ ਮਨੀਸ਼ ਤਿਵਾੜੀ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਅਤੇ ਅਕਾਲੀ-ਬਸਪਾ ਗੱਠਜੋੜ ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਨੇ ਸ਼ਿਰਕਤ ਕੀਤੀ।
ਰੂਪਨਗਰ (ਪੱਤਰ ਪ੍ਰੇਰਕ): ਇੱਥੇ ਵੱਖ-ਵੱਖ ਥਾਵਾਂ ’ਤੇ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲੇ ਫੂਕੇ ਗਏ। ਇੱਥੇ ਰਾਮਲੀਲਾ ਗਰਾਊਂਡ ਵਿਚ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਡਾ: ਦਲਜੀਤ ਸਿੰਘ ਚੀਮਾ, ਬਰਿੰਦਰ ਸਿੰਘ ਢਿੱਲੋਂ, ਨਗਰ ਕੌਸਲ ਪ੍ਰਧਾਨ ਸੰਜੇ ਵਰਮਾ ਵਿਸ਼ੇਸ਼ ਤੌਰ ’ਤੇ ਪਹੁੰਚੇ।
ਕੁੜੀਆਂ ਨੇ ਬੈਨਰ ਫੜ ਕੇ ਦਿੱਤਾ ਸਵੱਛਤਾ ਦਾ ਸੁਨੇਹਾ
ਅੰਬਾਲਾ (ਨਿਜੀ ਪੱਤਰ ਪ੍ਰੇਰਕ): ਅੰਬਾਲਾ ਸ਼ਹਿਰ, ਛਾਉਣੀ, ਬਰਾੜਾ ਅਤੇ ਹੋਰ ਕਸਬਿਆਂ ਵਿਚ ਦਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਦਸਹਿਰੇ ਦੇ ਮੇਲੇ ਵਿਚ ਲੋਕਾਂ ਦੀ ਖਾਸੀ ਭੀੜ ਦੇਖੀ ਗਈ। ਅੰਬਾਲਾ ਸ਼ਹਿਰ ਵਿੱਚ ਵਿਧਾਇਕ ਅਸੀਮ ਗੋਇਲ ਨੇ ਦੁਸਿਹਰਾ ਮੇਲਿਆਂ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਤਸਵੀ ਮਾਹੌਲ ਦੌਰਾਨ ਦੋ ਸਮਾਜ ਸੇਵੀ ਬੱਚੀਆਂ ਨੇ ਬਰਾੜਾ ਵਿਚ 110 ਫੁੱਟ ਉੱਚੇ ਰਾਵਣ ਦੇ ਪੁਤਲੇ ਅੱਗੇ ਹੱਥਾਂ ਵਿਚ ਬੈਨਰ ਫੜ ਕੇ ਲੋਕਾਂ ਨੂੰ ਸਵੱਛਤਾ ਦਾ ਸੰਦੇਸ਼ ਦੇ ਰਹੀਆਂ ਸਨ। ਰਾਵਣ ਦੇ ਸਭ ਤੋਂ ਵੱਡੇ ਪੁਤਲੇ ਨੂੰ ਦੇਖਣ ਆਏ ਲੋਕ ਇਨ੍ਹਾਂ ਬੱਚੀਆਂ ਦੇ ਸਿਰੜ ਤੇ ਲਗਨ ਦੀ ਪ੍ਰਸੰਸਾ ਕਰ ਰਹੇ ਸਨ।
ਲਾਲੜੂ ਵਿੱਚ ਮਨਾਏ ਗਏ ਦੋ ਦਸਹਿਰੇ
ਲਾਲੜੂ (ਪੱਤਰ ਪ੍ਰੇਰਕ): ਇਸ ਸਦੀ ਦੇ ਤੀਜੇ ਦਹਾਕੇ ਦਾ ਪਹਿਲਾ ਦਸਹਿਰਾ ਲਾਲੜੂ ਵਿੱਚ ਯੁਵਕ ਸੇਵਾਵਾਂ ਕਲੱਬ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਵਿਧਾਇਕ ਐਨਕੇ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ। ਕਲੱਬ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਗਾਇਕ ਰਵਿੰਦਰ ਗਰੇਵਾਲ ਨੇ ਆਪਣੀ ਗਾਇਕੀ ਨਾਲ ਲੋਕਾਂ ਦਾ ਮਨ ਮੋਹ ਲਿਆ। ਇਸ ਤਰ੍ਹਾਂ ਖੇਡ ਸਟੇਡੀਅਮ ਵਿੱਚ ਕਾਂਗਰਸ ਵੱਲੋਂ ਮੁਕੇਸ਼ ਰਾਣਾ ਦੀ ਅਗਵਾਈ ਹੇਠ ਦਸਹਿਰਾ ਮੇਲਾ ਕਰਵਾਇਆ ਗਿਆ। ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸੂਫ਼ੀ ਕਲਾਕਾਰ ਕੰਵਰ ਗਰੇਵਾਲ ਨੇ ਗਾਇਕੀ ਦੇ ਜੌਹਰ ਵਿਖਾਏ ਅਤੇ ਦਰਸ਼ਕਾ ਦਾ ਦੇਰ ਸ਼ਾਮ ਤੱਕ ਮਨੋਰੰਜਨ ਕੀਤਾ।