ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਮਾਰਚ
ਮੁੱਖ ਅੰਸ਼
- ਕੋਵਿਡ ਨਾਲ ਜੁੜੇ ਆਮ ਦਿਸ਼ਾ-ਨਿਰਦੇਸ਼ਾਂ ਦੀ ਪਹਿਲਾਂ ਵਾਂਗ ਕਰਨੀ ਹੋਵੇਗੀ ਪਾਲਣਾ
ਪੰਜਾਬ ਸਰਕਾਰ ਨੇ ਕੋਵਿਡ ਮਹਾਮਾਰੀ ਨੂੰ ਲੈ ਕੇ ਲਾਈਆਂ ਸਾਰੀਆਂ ਬੰਦਿਸ਼ਾਂ ਹਟਾ ਦਿੱਤੀਆਂ ਹਨ ਪਰ ਕੋਵਿਡ-19 ਨਾਲ ਜੁੜੇ ਆਮ ਦਿਸ਼ਾ-ਨਿਰਦੇਸ਼ਾਂ ਦੀ ਪਹਿਲਾਂ ਵਾਂਗ ਪਾਲਣਾ ਕਰਨੀ ਹੋਵੇਗੀ। ਪੰਜਾਬ ਰਾਜ ਹੁਣ ਸਭ ਬੰਦਿਸ਼ਾਂ ਤੋਂ ਮੁਕਤ ਹੋਵੇਗਾ ਅਤੇ ਰਾਜ ਵਿੱਚ ਹੁਣ ਸਮਾਗਮਾਂ ਵਿਚ ਇਕੱਠ ਕਰਨ ’ਤੇ ਕੋਈ ਪਾਬੰਦੀ ਨਹੀਂ ਰਹੇਗੀ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ 7 ਫਰਵਰੀ ਤੋਂ ਵਿੱਦਿਅਕ ਅਦਾਰੇ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਸੀ। ਕੋਵਿਡ ਦੇ ਪਾਸਾਰ ਨੂੰ ਠੱਲ੍ਹ ਪੈਣ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਹੁਣ ਆਮ ਜੀਵਨ ’ਚ ਕੋਈ ਅੜਿੱਕਾ ਨਹੀਂ ਰਹੇਗਾ।
ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਪੱਤਰ ਜਾਰੀ ਕੀਤਾ ਹੈ ਕਿ ਪੰਜਾਬ ਹੁਣ ਕੋਵਿਡ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਪਾਬੰਦੀਆਂ ਤੋਂ ਮੁਕਤ ਹੋਵੇਗਾ। ਕੋਵਿਡ ਪ੍ਰੋਟੋਕਾਲ ਨੂੰ ਲੈ ਕੇ ਪਹਿਲਾਂ ਜਾਰੀ ਹਦਾਇਤਾਂ ਅਤੇ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਇਨ੍ਹਾਂ ਹੁਕਮਾਂ ਮਗਰੋਂ ਹੁਣ ਸਿਨੇਮਾ ਹਾਲ, ਜਿਮ, ਸਪੋਰਟਸ ਕੰਪਲੈਕਸ, ਰੈਸਤਰਾਵਾਂ ਅਤੇ ਰਿਜ਼ੌਰਟ ਆਦਿ ਵਿਚ ਖੁੱਲ੍ਹੇ ਇਕੱਠ ਹੋ ਸਕਣਗੇ। ਲੰਘੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਚੋਣ ਕਮਿਸ਼ਨ ਵੱਲੋਂ ਬੰਦਿਸ਼ਾਂ ਤਹਿਤ ਪ੍ਰਚਾਰ ਕਰਨ ਦੀ ਛੋਟ ਦਿੱਤੀ ਗਈ ਸੀ। ਸਮਾਜਿਕ ਤੇ ਧਾਰਮਿਕ ਸਮਾਗਮਾਂ ਤੋਂ ਇਲਾਵਾ ਰਾਜਸੀ ਸਮਾਗਮਾਂ ਦੇ ਇਕੱਠ ’ਤੇ ਵੀ ਕੋਈ ਰੋਕ ਨਹੀਂ ਹੋਵੇਗੀ। ਹਾਲਾਂਕਿ ਕੋਵਿਡ ਨਾਲ ਜੁੜੇ ਆਮ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ।