ਪੱਤਰ ਪ੍ਰੇਰਕ
ਬਾਘਾ ਪੁਰਾਣਾ, 9 ਅਕਤੂਬਰ
ਸੜਕਾਂ ਦੀ ਸੰਭਾਲ ਕਰਨ ਵਾਲੇ ਵਿਭਾਗਾਂ ਅਤੇ ਬੋਰਡਾਂ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਕਥਿਤ ਅਣਦੇਖੀ ਦਾ ਖਮਿਆਜ਼ਾ ਲੋਕ ਪਿਛਲੇ ਲੰਬੇ ਅਰਸੇ ਤੋਂ ਭੁਗਤ ਰਹੇ ਹਨ। ਮੁੱਖ ਅਤੇ ਲਿੰਕ ਸੜਕਾਂ ਦੁਆਲੇ ਵਿਭਾਗਾਂ ਦੀ ਮਾਲਕੀ ਵਾਲੀ ਪਈ ਪੰਜ-ਪੰਜ ਫੁੱਟ ਦੇ ਕਰੀਬ ਥਾਂ ਉੱਪਰ ਉੱਗੇ ਘਾਹ ਫੂਸ ਤੇ ਕਿੱਕਰਾਂ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਸ਼ਹਿਰ ਦੇ ਨਿਹਾਲ ਸਿੰਘ ਵਾਲਾ ਸੜਕ ਉਪਰਲੇ ਪੈਟਰੋਲ ਪੰਪ ਦੇ ਸਾਹਮਣੇ ਵਾਲੀ ਲਿੰਕ ਸੜਕ ’ਤੇ ਅਜਿਹੀਆਂ ਕਈ ਕਿੱਕਰਾਂ ਹਨ, ਜਿਨ੍ਹਾਂ ਨੇ ਸਾਰੀ ਲਿੰਕ ਸੜਕ ਨੂੰ ਹੀ ਆਪਣੇ ਕਲਾਵੇ ਵਿਚ ਲਿਆ ਹੋਇਆ ਹੈ। ਇਸੇ ਤਰ੍ਹਾਂ ਬਾਘਾ ਪੁਰਾਣਾ ਤੋਂ ਕਾਲੇਕੇ ਸੜਕ ਅਤੇ ਹੋਰਨਾਂ ਕਈ ਸੰਪਰਕ ਸੜਕਾਂ ਅਤੇ ਮੁੱਖ ਸੜਕਾਂ ਉੱਪਰ ਅਜਿਹੀਆਂ ਅਨੇਕਾਂ ਪਹਾੜੀ ਕਿੱਕਰਾਂ ਹਨ। ਲੋਕਾਂ ਨੇ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕਿੱਕਰਾਂ ਛੰਗਵਾ ਕੇ ਪੈਦਲ ਚੱਲਣ ਵਾਲੇ ਰਾਹਗੀਰਾਂ ਲਈ ਰਸਤਾ ਸੁਰੱਖਿਅਤ ਕਰਵਾਇਆ ਜਾਵੇ।