ਸੰਤੋਖ ਗਿੱਲ
ਗੁਰੂਸਰ ਸੁਧਾਰ, 14 ਅਕਤੂਬਰ
ਪਿੰਡ ਘੁਮਾਣ ਦੀ ਸਰਪੰਚ ਅਮਰਜੀਤ ਕੌਰ ਦੇ ਪਤੀ ਨੂੰ ਸੱਤਾਧਾਰੀ ਧਿਰ ਨਾਲ ਪੰਗਾ ਲੈਣ ਮਹਿੰਗਾ ਪੈ ਗਿਆ। ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਨੇ ਪੰਚਾਇਤੀ ਰਾਜ ਕਾਨੂੰਨ ਦੀ ਧਾਰਾ 20 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤੁਰੰਤ ਪ੍ਰਭਾਵ ਤੋਂ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸੁਧਾਰ ਨੂੰ ਬੈਂਕ ਖਾਤੇ ਫ਼ੌਰੀ ਸੀਲ ਕਰ ਕੇ ਚਾਰਜ ਹਾਸਲ ਕਰਨ ਦੇ ਹੁਕਮ ਦਿੱਤੇ ਹਨ।
ਡਾਇਰੈਕਟਰ ਮਨਪ੍ਰੀਤ ਸਿੰਘ ਨੇ ਆਪਣੇ ਹੁਕਮਾਂ ਵਿਚ ਕਿਹਾ ਹੈ ਕਿ ਬਲਾਕ ਵਿਕਾਸ ਅਫ਼ਸਰ ਦੀ ਰਿਪੋਰਟ ਦੇ ਅਧਾਰ ’ਤੇ ਮੁੱਢਲੀ ਪੜਤਾਲ ਤੋਂ ਬਾਅਦ ਪੰਚਾਇਤੀ ਜ਼ਮੀਨ ਉੱਪਰ ਲੱਗੇ ਦਰੱਖਤ ਬਿਨਾ ਵਿਭਾਗੀ ਮਨਜ਼ੂਰੀ ਤੋਂ ਪੁੱਟਣ ਅਤੇ ਪੰਚਾਇਤੀ ਦੁਕਾਨਾਂ ਦਾ ਕਿਰਾਇਆ ਵਸੂਲਣ ਵੇਲੇ ਸਰਪੰਚ ਦੀ ਥਾਂ ਉਸ ਦੇ ਪਤੀ ਕੈਪਟਨ ਹਾਕਮ ਸਿੰਘ ਵੱਲੋਂ ਖ਼ੁਦ ਹੀ ਦਸਤਖ਼ਤ ਕੀਤੇ ਜਾਣ ਦੇ ਦੋਸ਼ਾਂ ਦੀ ਪੁਸ਼ਟੀ ਹੋਣ ਮਗਰੋਂ ਇਹ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਲਾਗਲੇ ਪਿੰਡ ਸੁਧਾਰ ਦੀ ਹੱਦ ਅੰਦਰ ਬਣੇ ਘਰਾਂ ਦਾ ਸੀਵਰੇਜ ਪਿੰਡ ਘੁਮਾਣ ਦੇ ਸੀਵਰੇਜ ਵਿਚ ਪਾਉਣ ਦਾ ਵਿਰੋਧ ਕਰਨ ਅਤੇ ਦੂਜੇ ਪਿੰਡ ਦੀ ਹੱਦ ਅੰਦਰ ਇੰਟਰਲਾਕ ਟਾਈਲਾਂ ਲਗਾਏ ਜਾਣ ਦਾ ਵਿਰੋਧ ਕਰਨਾ ਪਿੰਡ ਘੁਮਾਣ ਦੀ ਸਰਪੰਚ ਅਮਰਜੀਤ ਕੌਰ ਨੂੰ ਬਹੁਤ ਮਹਿੰਗਾ ਪੈ ਗਿਆ ਹੈ।
ਡਾਇਰੈਕਟਰ ਪੰਚਾਇਤੀ ਰਾਜ ਵੱਲੋਂ ਜਾਰੀ ਆਦੇਸ਼ ਅਨੁਸਾਰ ਬੀਡੀਪੀਓ ਦੀ ਰਿਪੋਰਟ ਮਿਲਣ ਤੋਂ ਬਾਅਦ ਸਰਪੰਚ ਅਮਰਜੀਤ ਕੌਰ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ ਅਤੇ ਕੇਸ ਦੀ ਮੁੱਢਲੀ ਸੁਣਵਾਈ ਦੌਰਾਨ ਉਸ ਨੂੰ ਆਪਣਾ ਪੱਖ ਰੱਖਣ ਲਈ ਪੂਰੇ ਮੌਕੇ ਦਿੱਤੇ ਗਏ। ਮੁੱਢਲੀ ਪੜਤਾਲ ਦੌਰਾਨ ਦੋਸ਼ ਸਾਬਿਤ ਹੋਣ ਉਪਰੰਤ ਮੁਅੱਤਲੀ ਦੇ ਹੁਕਮ ਸੁਣਾਏ ਗਏ ਹਨ। ਆਪਣੇ ਆਦੇਸ਼ ਵਿਚ ਡਾਇਰੈਕਟਰ ਨੇ ਕਿਹਾ ਕਿ ਮੁਅੱਤਲੀ ਅਧੀਨ ਸਰਪੰਚ ਅਮਰਜੀਤ ਕੌਰ ਪੰਚਾਇਤੀ ਕਾਰਵਾਈ ਵਿਚ ਭਾਗ ਨਹੀਂ ਲੈ ਸਕਦੀ, ਇਸ ਲਈ ਬਲਾਕ ਵਿਕਾਸ ਅਧਿਕਾਰੀ ਅਤੇ ਪੰਚਾਂ ਦੀ ਸਹਿਮਤੀ ਨਾਲ ਕਿਸੇ ਪੰਚ ਨੂੰ ਇਹ ਚਾਰਜ ਦਿੱਤਾ ਜਾਵੇਗਾ। ਬਲਾਕ ਸਮਿਤੀ ਮੈਂਬਰ ਗੁਰਪ੍ਰੀਤ ਕੌਰ ਅਤੇ ਹੋਰਨਾਂ ਵੱਲੋਂ ਸਰਪੰਚ ਵਿਰੁੱਧ ਸ਼ਿਕਾਇਤ ਕੀਤੀ ਗਈ ਸੀ।