ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਕਤੂਬਰ
ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਦਸਹਿਰੇ ਦੇ ਤਿਉਹਾਰ ਮੌਕੇ ਸ਼ਹਿਰ ਵਾਸੀਆਂ ਨੂੰ ਭੀੜ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਵਾਹਨਾਂ ਦੀ ਘੱਟ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਸੈਕਟਰ 17 ’ਚ ਦਸਹਿਰਾ ਸਮਾਗਮ ’ਚ ਹਿੱਸਾ ਲੈਣ ਵਾਲੇ ਲੋਕ ਸੈਕਟਰ 22 ਏ, ਬੀ, 23 ਬੀ ’ਚ ਵਾਹਨ ਖੜ੍ਹੇ ਕਰਨ। ਇਸ ਤੋਂ ਇਲਾਵਾ ਸੈਕਟਰ 17 ’ਚ ਫੁੱਟਬਾਲ ਗਰਾਉੂਂਡ, ਨੀਲਮ ਸਿਨੇਮਾ ਦੇ ਨਜ਼ਦੀਕ ਅਤੇ ਬੱਸ ਅੱਡੇ ’ਚ ਵਾਹਨ ਖੜ੍ਹੇ ਕਰ ਸਕਦੇ ਹਨ। ਸੈਕਟਰ 34 ਦਸਹਿਰਾ ਗਰਾਉੂਂਡ ’ਚ ਹਿੱਸਾ ਲੈਣ ਵਾਸੇ ਸੈਕਟਰ 34 ਦੇ ਸਬਜ਼ੀ ਮੰਡੀ ਗਰਾਉੂਂਡ, ਸਰਕਾਰੀ ਮਾਡਲ ਸਕੂਲ, ਸ਼ਿਆਮ ਮਾਲ, ਲਾਇਬ੍ਰੇਰੀ ਦੇ ਨਜ਼ਦੀਕ ਅਤੇ ਕੰਪਲੈਕਸ ’ਚ ਵਾਹਨ ਖੜ੍ਹੇ ਕਰਨ। ਸੈਕਟਰ 46 ਦੇ ਸਮਾਗਮ ’ਚ ਹਿੱਸਾ ਲੈਣ ਲਈ ਸੈਕਟਰ 46 ਮਾਰਕੀਟ ਦੀ ਪਾਰਕਿੰਗ, ਰੇਹੜੀ ਮਾਰਕੀਟ ਅਤੇ ਬੂਥ ਮਾਰਕੀਟ ’ਚ ਵਾਹਨ ਖੜ੍ਹੇ ਕਰਨ। ਟਰੈਫ਼ਿਕ ਪੁਲੀਸ ਨੇ ਲੋਕਾਂ ਨੂੰ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਟਰੈਫ਼ਿਕ ਹੈਲਪਲਾਈਨ ਨੰਬਰ 1073 ’ਤੇ ਸੰਪਰਕ ਕਰੋ।