ਸੁਖਦੇਵ ਸਿੰਘ
ਅਜਨਾਲਾ, 14 ਮਾਰਚ
ਸੂਬੇ ’ਚ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਉਪਰੰਤ ਆਪ ਵੱਲੋਂ ਪਾਰਦਰਸ਼ੀ ਸਿਸਟਮ ਲਾਗੂ ਕਰਨ ਦੇ ਕੀਤੇ ਵਾਅਦੇ ਅਤੇ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਨਣ ਲਈ ਅੱਜ ਵਿਧਾਇਕ ਅਜਨਾਲਾ ਕੁਲਦੀਪ ਸਿੰਘ ਧਾਲੀਵਾਲ ਨੇ ਸਿਵਲ ਹਸਪਤਾਲ ਅਜਨਾਲਾ ਵਿਖੇ ਅਚਨਚੇਤ ਪਹੁੰਚ ਕੇ ਸਿਹਤ ਸਹੂਲਤਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਹਾਜ਼ਰ ਸਟਾਫ ਨੂੰ ਮਰੀਜ਼ਾਂ ਪ੍ਰਤੀ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਪਰੰਤ ਗੱਲਬਾਤ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸਿਹਤ ਸਹੂਲਤਾਂ ਸਬੰਧੀ ਜਨਤਾ ਨਾਲ ਕੀਤੇ ਗਏ ਵਾਅਦੇ ਅਨੁਸਾਰ ਕੰਮ ਕਰੇਗੀ ਅਤੇ ਕਿਸੇ ਵੀ ਮਰੀਜ਼ ਨੂੰ ਸਰਕਾਰੀ ਹਸਪਤਾਲ ਤੋਂ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਨਹੀਂ ਕੀਤਾ ਜਾਵੇਗਾ ਕਿਉਂਕਿ ਸਰਕਾਰੀ ਹਸਪਤਾਲਾਂ ਅੰਦਰ ਸਾਰੀਆਂ ਹੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਰੇ ਡਾਕਟਰ ਮਰੀਜ਼ ਨੂੰ ਹਸਪਤਾਲ ਅੰਦਰੋਂ ਮਿਲਣ ਵਾਲੀ ਦਵਾਈ ਲਿਖ ਕੇ ਦੇਣਗੇ ਤਾਂ ਜੋ ਮਰੀਜ਼ ਬਾਹਰੋਂ ਮਹਿੰਗੀਆਂ ਦਵਾਈਆਂ ਨਾ ਖਰੀਦਣ। ਧਾਲੀਵਾਲ ਨੇ ਕਿਹਾ ਕਿ ਦਿੱਲੀ ਦੀ ਤਰਜ਼ ’ਤੇ ਸੂਬੇ ਦੇ ਲੋਕਾਂ ਨੂੰ ਮੁਫਤ ਦਵਾਈਆਂ ਅਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ।
ਡੇਰਾ ਬਾਬਾ ਨਾਨਕ (ਡਾ. ਰਾਜਿੰਦਰ ਸਿੰਘ): ਹਲਕੇ ਤੋਂ ਆਮ ਆਦਮੀ ਪਾਰਟੀ ਦੇ ਜਿੱਤੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਵਿਧਾਇਕ ਦਾ ਅਹੁਦਾ ਸਾਂਭਣ ਤੋਂ ਪਹਿਲਾਂ ਅੱਜ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਪ੍ਰਬੰਧਾਂ ਤੇ ਸਟਾਫ ਬਾਰੇ ਜਾਣਕਾਰੀ ਪ੍ਰਾਪਤ ਕੀਤੀ| ਇਸ ਮੌਕੇ ਉਨ੍ਹਾਂ ਮਰੀਜ਼ਾਂ ਦਾ ਹਾਲ ਜਾਣਿਆ ਅਤੇ ਸਮੱਸਿਆਵਾਂ ਪੁੱਛੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਉਨ੍ਹਾਂ ਨੇ ਅੱਜ ਆਮ ਵਾਂਗ ਹੀ ਹਸਪਤਾਲ ਦਾ ਦੌਰਾ ਕੀਤਾ ਹੈ ਇਹ ਕੋਈ ਰੇਡ ਨਹੀਂ ਹੈ| ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਆਮ ਆਦਮੀ ਪਾਰਟੀ ਵੱਲੋਂ ਪ੍ਰਸ਼ਾਸਨ ਨੂੰ ਚੁਸਤ ਕਰਨ ਲਈ ਇਸ ਦੇ ਵਿਧਾਇਕਾਂ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਅਸਰ ਅੱਜ ਇਥੋਂ ਦੇ ਬੀਡੀਪੀਓ ਦਫ਼ਤਰ ’ਚ ਦੇਖਣ ਨੂੰ ਮਿਲਿਆ। ਉੜਮੁੜ ਟਾਂਡਾ ਤੋਂ ਨਵੇਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਅੱਜ ਬੀਡੀਪੀਓ ਦਫ਼ਤਰ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਮੂਹ ਸਟਾਫ ਦੀ ਹਾਜ਼ਰੀ ਨੂੰ ਚੈੱਕ ਕੀਤਾ ਜਿਸ ਦੌਰਾਨ ਬੀਡੀਪੀਓ ਟਾਂਡਾ ਗੈਰ ਹਾਜ਼ਰ ਪਾਏ ਗਏ। ਇਸ ਮੌਕੇ ਵਿਧਾਇਕ ਜਸਬੀਰ ਸਿੰਘ ਰਾਜਾ ਨੇ ਦਫਤਰ ਦੇ ਕਰਮਚਾਰੀਆਂ ਨੂੰ ਸਮੇਂ ਸਿਰ ਦਫਤਰ ਪਹੁੰਚਣ ਦੀ ਹਦਾਇਤ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਮੇਂ ਸਿਰ ਦਫਤਰ ਨਾ ਪੁੱਜਣ ਵਾਲੇ ਅਧਿਕਾਰੀਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਵਿਧਾਇਕ ਹਰਭਜਨ ਸਿੰਘ ਈਟੀਓ ਵੱਲੋਂ ਜੰਡਿਆਲਾ ਗੁਰੂ ਦੇ ਸਕੂਲ ਦਾ ਦੌਰਾ
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਅੱਜ ਇੱਥੇ ਹਲਕਾ ਵਧਾਇਕ ਜੰਡਿਆਲਾ ਗੁਰੂ ਹਰਭਜਨ ਸਿੰਘ ਈਟੀਓ ਨੇ ਅਚਨਚੇਤ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਦਾ ਦੌਰਾ ਕੀਤਾ। ਇਸ ਦੌਰੇ ਵਿਚ ਉਨ੍ਹਾਂ ਨੇ ਸਕੂਲ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕੁਝ ਮੁਸ਼ਕਲਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰ ਦਿੱਤਾ। ਹਲਕਾ ਵਿਧਾਇਕ ਹਰਭਜਨ ਸਿੰਘ ਈਟੀਓ ਨੇ ਕਿਹਾ ਉਹ ਖੁੱਦ ਸਰਕਾਰੀ ਸਕੂਲ ਵਿੱਚ ਬਤੌਰ ਲੈਕਚਰਾਰ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਅੱਜ ਉਹ ਇੱਥੇ ਸਕੂਲ ਦੇ ਵਿਦਿਆਰਥੀਆਂ ਅਤੇ ਸਕੂਲ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਨ ਲਈ ਉਚੇਚੇ ਤੌਰ ‘ਤੇ ਸਕੂਲ ਵਿਚ ਪਹੁੰਚੇ ਅਤੇ ਇੱਥੇ ਆ ਕੇ ਉਨ੍ਹਾਂ ਨੇ ਸਕੂਲ ਦੀ ਪ੍ਰਿੰਸੀਪਲ ਜਤਿੰਦਰ ਕੌਰ ਕੋਲੋਂ ਸਕੂਲ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨੇ ਕੁਝ ਮੁਸ਼ਕਲਾਂ ਮੌਕੇ ‘ਤੇ ਸਥਾਨਕ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਬੁਲਾ ਕੇ ਅਤੇ ਸਿੱਖਿਆ ਵਿਭਾਗ ਦੇ ਬੀਓ ਨਾਲ ਫੋਨ ‘ਤੇ ਗੱਲ ਕਰਕੇ ਮੌਕੇ ਉਪਰ ਹੀ ਨਿਪਟਾਰਾ ਕਰ ਦਿੱਤਾ ਹੈ। ਹਲਕਾ ਵਿਧਾਇਕ ਨੇ ਕਿਹਾ ਕਾਰਜਸਾਧਕ ਅਫਸਰ ਨੇ ਉਨ੍ਹਾਂ ਕੋਲੋਂ ਸਕੂਲ ਦੀ ਮੁਸ਼ਕਲ ਹੱਲ ਕਰਨ ਲਈ ਦੋ ਦਿਨ ਦਾ ਸਮਾਂ ਲਿਆ ਹੈ ਅਤੇ ਦੋ ਦਿਨ ਵਿੱਚ ਉਨ੍ਹਾਂ ਦੀ ਇਹ ਸਮੱਸਿਆ ਵੀ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਸਕੂਲ ਦੇ ਲੱਗਣ ਅਤੇ ਛੁੱਟੀ ਵੇਲੇ ਸਕੂਲ ਦੇ ਬਾਹਰ ਭਾਰੀ ਟ੍ਰੈਫਿਕ ਦੀ ਸਮੱਸਿਆ ਅਤੇ ਸਕੂਲ ਬਾਹਰ ਗੈਰ ਸਮਾਜੀ ਅਨਸਰਾਂ ਵੱਲੋਂ ਵਿਦਿਆਰਥਣਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਸਮੱਸਿਆਵਾਂ ਸਨ, ਜਿਨ੍ਹਾਂ ਨੂੰ ਮੌਕੇ ‘ਤੇ ਚੌਕੀ ਇੰਚਾਰਜ ਜੰਡਿਆਲਾ ਗੁਰੂ ਨੂੰ ਬੁਲਾ ਕੇ ਹਦਾਇਤ ਕਰ ਦਿੱਤੀ ਗਈ ਹੈ। ਵਿਧਾਇਕ ਹਰਭਜਨ ਸਿੰਘ ਨੇ ਕਿਹਾ ਸਕੂਲ ਵਿਚ ਘੱਟ ਅਧਿਆਪਕਾਂ ਦਾ ਮਸਲਾ ਜਲਦੀ ਹੀ ਕੈਬਨਿਟ ਬਣਨ ਉਪਰੰਤ ਕੈਬਨਿਟ ਵਿਚ ਰੱਖ ਕੇ ਹੱਲ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਜੋ ਸਮੱਸਿਆਵਾਂ ਅਧਿਆਪਕਾਂ ਨੂੰ ਆ ਰਹੀਆਂ ਸਨ ਉਹ ਵੀ ਬਹੁਤ ਜਲਦ ਹੀ ਹੱਲ ਹੋ ਜਾਣਗੀਆਂ। ਸਕੂਲ ਦੇ ਪ੍ਰਿੰਸੀਪਲ ਜਤਿੰਦਰ ਕੌਰ ਨੇ ਦੱਸਿਆ ਵਿਧਾਇਕ ਹਰਭਜਨ ਸਿੰਘ ਈਟੀਓ ਨੇ ਸਕੂਲ ਦੇ ਸਾਰੇ ਸਟਾਫ਼ ਨਾਲ ਮੀਟਿੰਗ ਕੀਤੀ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ’ਚੋਂ ਕੁਝ ਮੁਸ਼ਕਲਾਂ ਦਾ ਹੱਲ ਮੌਕੇ ‘ਤੇ ਹੀ ਕਰ ਦਿੱਤਾ।