ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਅਕਤੂਬਰ
ਮਹਾਸਭਾ ਲੁਧਿਆਣਾ, ਨੌਜਵਾਨ ਸਭਾ ਐੱਲ ਬਲਾਕ ਭਾਈ ਰਣਧੀਰ ਸਿੰਘ ਨਗਰ, ਇਨਕਲਾਬੀ ਕੇਂਦਰ ਪੰਜਾਬ, ਤਰਕਸ਼ੀਲ ਸੁਸਾਇਟੀ ਅਤੇ ਜਮਹੂਰੀ ਅਧਿਕਾਰ ਸਭਾ ਦੀਆਂ ਲੁਧਿਆਣਾ ਇਕਾਈਆਂ ਵੱਲੋਂ ਸ਼ਹੀਦ ਭਗਤ ਨੂੰ ਸਮਰਪਿਤ ‘ਛਿਪਣ ਤੋਂ ਪਹਿਲਾਂ’ ਨਾਟਕ ਕਰਵਾਇਆ ਗਿਆ। ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਇਹ ਨਾਟਕ ਤਰਲੋਚਨ ਸਿੰਘ ਦੀ ਨਿਰਦੇਸ਼ਨਾਂ ਹੇਠ ਰੰਗ ਮੰਚ ਰੰਗ ਨਗਰੀ ਟੀਮ ਦੇ ਕਲਾਕਾਰਾਂ ਵੱਲੋਂ ਖੇਡਿਆ ਗਿਆ। ਸ਼ਹੀਦਾਂ ਦੀ ਯਾਦਗਰ ਵਿਖੇ ਖੇਡਿਆ ਗਿਆ ਨਾਟਕ ‘ਛਿਪਣ ਤੋਂ ਪਹਿਲਾਂ’ ਸ਼ਹੀਦ ਭਗਤ ਸਿੰਘ ਦੇ ਫਾਂਸੀ ਚੜ੍ਹਨ ਤੋਂ ਪਹਿਲਾਂ ਦੇ ਆਖਰੀ ਦਿਨਾਂ ’ਤੇ ਆਧਾਰਿਤ ਸੀ। ਕਲਾਕਾਰਾਂ ਦੀ ਪੇਸ਼ਕਾਰੀ ਇੰਨੀਂ ਵਧੀਆ ਸੀ ਕਿ ਦਰਸ਼ਕ ਭਗਤ ਸਿੰਘ ਨਾਲ ਖੁਦ ਗੱਲਾਂ ਕਰਦੇ ਮਹਿਸੂਸ ਕਰ ਰਹੇ ਸਨ। ਇਸ ਨਾਟਕ ਤੋਂ ਪਹਿਲਾਂ ਇਨਕਲਾਬੀ ਮਜ਼ਦੂਰ ਕੇਂਦਰ ਦੇ ਆਗੂ ਕਾਮਰੇਡ ਸੁਰਿੰਦਰ ਨੇ ਮੁੱਖ ਬੁਲਾਰੇ ਵਜੋਂ ਬੋਲਦਿਆਂ ਦੇਸ਼ ਦੇ ਮੌਜੂਦਾ ਆਰਥਿਕ ਹਾਲਾਤਾਂ ਅਤੇ ਦੇਸ਼ ਵਿੱਚ ਵਧ ਰਹੇ ਫਿਰਕੂਫਾਸ਼ੀ ਹਮਲਿਆਂ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਹੀ ਦੇਸ਼ ਵਿੱਚ ਵਧ ਰਹੀ ਫਿਰਕਾਪ੍ਰਸਤੀ ਅਤੇ ਦਲਿਤਾਂ ਤੇ ਲਗਾਤਾਰ ਵਧ ਰਹੇ ਹਮਲਿਆਂ ਖ਼ਿਲਾਫ਼ ਰਾਹ ਦਰਸਾਵਾ ਸਾਬਤ ਹੋ ਸਕਦੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਸਰਕਾਰਾਂ ਦੀਆਂ ਚਾਲਾਂ ਨੂੰ ਸਮਝਣ, ਬੇਰੁਜ਼ਗਾਰੀ, ਮਹਿੰਗਾਈ, ਮਿਆਰੀ ਸਿੱਖਿਆ ਅਤੇ ਚੰਗੀਆਂ ਸਿਹਤ ਸਹੂਲਤਾਂ ਲਈ ਏਕੇ ਨੂੰ ਮਜ਼ਬੂਤ ਕਰਨ ਦਾ ਹੋਕਾ ਲਾਇਆ। ਪਲਸ ਮੰਚ ਵੱਲੋਂ ਸਾਥੀ ਕਸਤੂਰੀ ਲਾਲ ਸਮੇਤ ਹਰਚਰਨ ਚੌਧਰੀ, ਰਵਿਤਾ, ਮੀਨੂੰ ਸ਼ਰਮਾ, ਰਾਜੂ, ਮਨੀ ਨੇ ਇਨਕਲਾਬੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਹਰਪ੍ਰੀਤ ਜੀਰਖ ਨੇ ਬਾਖੂਬੀ ਨਿਭਾਈ। ਇਸ ਮੌਕੇ ਬਲਵਿੰਦਰ ਸਿੰਘ ਲਾਲ ਬਾਗ, ਜਗਜੀਤ ਸਿੰਘ, ਪਰਮਜੀਤ ਸਿੰਘ, ਕਰਤਾਰ ਸਿੰਘ ਪੀਏਯੂ, ਮਧੂ, ਸੁਰਿੰਦਰ ਕੌਰ, ਰਜਿੰਦਰ ਸਿੰਘ, ਪ੍ਰਤਾਪ ਸਿੰਘ ਤੇ ਮਾਨ ਸਿੰਘ ਆਦਿ ਹਾਜ਼ਰ ਸਨ।