ਜੋਗਿੰਦਰ ਸਿੰਘ ਮਾਨ
ਮਾਨਸਾ, 14 ਅਕਤੂਬਰ
ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਕਿਸਾਨਾਂ ਨੂੰ ਹੁਣ ਝੋਨੇ ਦੇ ਘੱਟ ਝਾੜ ਨੇ ਫ਼ਿਕਰਾਂ ਵਿੱਚ ਪਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ 7 ਤੋਂ 12 ਕੁਇੰਟਲ ਪ੍ਰਤੀ ਹੈਕਟੇਅਰ ਝੋਨੇ ਦੀ ਝਾੜ ਪੱਖੋਂ ਮਾਰ ਪਈ ਹੈ। ਖੇਤੀਬਾੜੀ ਮਹਿਕਮੇ ਦੇ ਅਜੇ ਇਸ ਘਟੇ ਝਾੜ ਸਬੰਧੀ ਸਪੱਸ਼ਟ ਰੂਪ ਵਿੱਚ ਮੂੰਹ ਨਹੀਂ ਖੋਲ੍ਹਿਆ ਹੈ, ਪਰ ਮਹਿਕਮੇ ਦੇ ਅਧਿਕਾਰੀਆਂ ਨੇ ਮੰਨਿਆ ਹੈ ਕਿ ਝਾੜ 10 ਤੋਂ 15 ਫੀਸਦੀ ਉਡ ਗਿਆ ਹੈ। ਮਾਲਵਾ ਖੇਤਰ ਦੀਆਂ ਮੰਡੀਆਂ ਵਿੱਚੋਂ ਜਾ ਕੇ ਹਾਸਲ ਕੀਤੀ ਜਾਣਕਾਰੀ ਅਨੁਸਾਰ ਇਸ ਵਾਰ ਕਿਸਾਨ ਨੂੰ ਭਾਵੇਂ ਝੋਨੇ ਤੋਂ ਪੱਲਾ ਪੂਰਾ ਹੋਣ ਦੀ ਆਸ ਸੀ, ਪਰ ਹੁਣ ਝੋਨੇ ਦੇ ਨਿੱਕਲੇ ਕੇਰ ਤੋਂ ਇਹ ਆਸ ਘੱਟ ਹੀ ਹੈ ਕਿ ਕਰਜ਼ੇ ਦੀ ਮਾਰ ਹੇਠ ਦਬਿਆ ਮਲਵਈ ਕਿਸਾਨ ਆੜ੍ਹਤੀਆਂ ਦਾ ਮੂਲ ਤੇ ਸੂਦ ਮੋੜ ਕੇ ਆਪਣੀ ਜੇਬ੍ਹ ਵਿਚ ਕੋਈ ਧੇਲਾ ਪਾ ਲਵੇਗਾ। ਮਾਨਸਾ ਜ਼ਿਲ੍ਹੇ ਦੇ ਪਿੰਡ ਸਰਦੂਲੇਵਾਲਾ ਦੇ ਕਿਸਾਨ ਕਾਲਾ ਸਿੰਘ ਅਤੇ ਟਿੱਬੀ ਹਰੀ ਸਿੰਘ ਦੇ ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਝੋਨੇ ਦਾ ਝਾੜ ਲਗਾਤਾਰ ਪਈ ਗਰਮੀ ਕਾਰਨ ਘੱਟ ਗਿਆ ਹੈ। ਖੇਤੀਬਾੜੀ ਮਹਿਕਮੇ ਦੇ ਇੱਕ ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਦਾ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਨੇ ਅਜੇ ਤੱਕ ਕੰਬਾਈਨਾਂ ਰਾਹੀਂ ਝੋਨੇ ਨੂੰ ਵੱਢ ਕੇ ਮੰਡੀਆਂ ਵਿੱਚ ਤੋਲ ਦਿੱਤਾ ਹੈ। ਉਨ੍ਹਾਂ ਅਨੁਸਾਰ ਝਾੜ ਪੱਖੋਂ ਐਂਤਕੀ 10 ਤੋਂ 15 ਪ੍ਰਤੀਸ਼ਤ ਰਗੜਾ ਲੱਗ ਗਿਆ ਹੈ। ਮੰਡੀਆਂ ਵਿੱਚ ਬੈਠੇ ਕਿਸਾਨਾਂ ਨਾਲ ਕਰਜ਼ੇ ਸਬੰਧੀ ਖੁੱਲ੍ਹੀਆਂ ਗੱਲਾਂ ਕਰਨ ਤੋਂ ਪਿਛੋਂ ਮਹਿਸੂਸ ਕੀਤਾ ਕਿ ਕਿਸਾਨ ਤੇ ਉਸ ਦੇ ਪਰਿਵਾਰ ਦੀਆਂ ਬੋਹਲਾਂ ਹੇਠ ਦੱਬੀਆਂ ਉਮੀਦਾਂ ਤੇ ਹਸਰਤਾਂ ਵੀ ਝੋਨਾ ਵਿਕਣ ਦੇ ਨਾਲ ਹੀ ਵਿਕ ਜਾਣੀਆਂ ਹਨ। ਮਾਨਸਾ ਦੀ ਮੰਡੀ ਵਿਚ ਬੈਠੇ ਕਿਸਾਨਾਂ ਨਾਲ ਗੱਲਬਾਤ ਤੋਂ ਪਿਛੋਂ ਇਹ ਵੀ ਪਤਾ ਲੱਗਦਾ ਕਿ ਜਿਣਸ ਵੇਚਣ ਵਾਸਤੇ ਬੈਠੇ ਕਿਸਾਨਾਂ ਦਾ ਦਰਦ ਕੇਵਲ ਸੰਵੇਦਨਸ਼ੀਲ ਲੋਕਾਂ ਲਈ ਹੀ ਕੋਈ ਅਰਥ ਰੱਖਦਾ ਹੈ ਅਤੇ ਸਰਕਾਰਾਂ ਤੇ ਅਫਸਰਾਂ ਵਾਸਤੇ ਇਸ ਦਾ ਕੋਈ ਖਾਸ ਮਹੱਤਤਾ ਨਹੀਂ ਹੈ। ਬੀ.ਏ ਕਰਕੇ ਨੌਕਰੀ ਨਾ ਮਿਲਣ ਤੋਂ ਪਿਛੋਂ ਪਿਤਾ ਪੁਰਖੀ ਖੇਤੀ ਦੇ ਧੰਦੇ ’ਚ ਜੁਟੇ ਮਨਜੀਤ ਸਿੰਘ, ਨਿਰਮਲ ਸਿੰਘ, ਸਮਸ਼ੇਰ ਸਿੰਘ ਅਤੇ ਮਲਕੀਤ ਸਿੰਘ ਨੇ ਦੱਸਿਆ ਕਿ ਨਕਲੀ ਜ਼ਹਿਰਾਂ, ਘਟੀਆ ਬੀਜ ਅਤੇ ਮਾੜੀਆਂ ਖਾਦਾਂ ਵੇਚਣ ਵਾਲੀਆਂ ਕੰਪਨੀਆਂ ਨੇ ਆੜ੍ਹਤੀਆਂ ਨਾਲ ਗੱਠਜੋੜ ਕਰਕੇ ਵੀ ਕਿਸਾਨਾਂ ਨੂੰ ਖੂਬ ਰਗੜਾ ਲਾਇਆ ਹੈ ਅਤੇ ਹੁਣ ਝੋਨੇ ਦੇ ਘਟੇ ਝਾੜ ਨੇ ਨਵੀਂ ਸਿਰਦਰਦੀ ਖੜ੍ਹੀ ਕਰ ਧਰੀ ਹੈ।
ਭਗਤੇ ਵਿੱਚ ਗੁਰਪ੍ਰੀਤ ਕਾਂਗੜ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਪੰਜਾਬ ਦੇ ਸਾਬਕਾ ਮਾਲ ਮੰਤਰੀ ਤੇ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਭਗਤਾ ਭਾਈ ਦੀ ਅਨਾਜ ਮੰਡੀ ਵਿੱਚ ਪਹੁੰਚ ਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ। ਸ੍ਰੀ ਕਾਂਗੜ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਮਾਰਕੀਟ ਕਮੇਟੀ ਭਗਤਾ ਦੇ ਚੇਅਰਮੈਨ ਰਾਜਵੰਤ ਸਿੰਘ ਭਗਤਾ, ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ, ਸੁਰਿੰਦਰ ਕਟਾਰੀਆ, ਟਰੱਕ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ, ਸੰਮਾ ਸਿੱਧੂ, ਰਾਜਿੰਦਰ ਸਿੰਘ ਬਾਬੇਕਾ ਸੰਜੀਵ ਰਿੰਕਾ ਆਦਿ ਹਾਜ਼ਰ ਸਨ।