ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 14 ਮਾਰਚ
ਕੈਨੇਡਾ ਦੇ ਟੋਰਾਂਟੋ ਸੂਬੇ ਨੇੜੇ ਸ਼ਨਿਚਰਵਾਰ ਤੜਕਸਾਰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪੰਜ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂਕਿ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਦੱਸੀ ਗਈ। ਮਾਰੇ ਗਏ ਵਿਦਿਆਰਥੀਆਂ ਦੀ ਉਮਰ 21 ਤੋਂ 24 ਸਾਲ ਦਰਮਿਆਨ ਸੀ ਤੇ ਸਾਰੇ ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ, ਜਸਪਿੰਦਰ ਸਿੰਘ, ਕਰਨਪਾਲ ਸਿੰਘ, ਮੋਹਿਤ ਚੌਹਾਨ ਤੇ ਪਵਨ ਕੁਮਾਰ ਵਜੋਂ ਹੋਈ ਹੈ। ਮੁਸਾਫ਼ਰ ਵੈਨ ਤੇ ਟਰੈਕਟਰ-ਟਰੇਲਰ ਦਰਮਿਆਨ ਟੱਕਰ ਇੰਨੀ ਜ਼ਬਰਦਸਤ ਸੀ ਕਿ ਵਿਦਿਆਰਥੀਆਂ ਦੀ ਥਾਂ ’ਤੇ ਹੀ ਮੌਤ ਹੋ ਗਈ। ਹਾਦਸਾ ਦੱਖਣੀ ਓਂਟਾਰੀਓ ਦੇ ਕੁਇੰਟੇ ਵੈਸਟ ਸਿਟੀ ਦੇ ਹਾਈਵੇਅ 401 ’ਤੇ ਬੈਲੇਵਿਲ ਤੇ ਟਰੈਂਟਲ ਕਸਬਿਆਂ ਨੇੜੇ ਹੋਇਆ। ਮ੍ਰਿਤਕਾਂ ਦੀ ਪਛਾਣ ਉਨ੍ਹਾਂ ਦੀਆਂ ਜੇਬਾਂ ’ਚੋਂ ਮਿਲੇ ਕਾਲਜਾਂ ਦੇ ਆਈ-ਕਾਰਡਾਂ ਤੋਂ ਹੋਈ। ਉਹ ਟੋਰਾਂਟੋ ਅਤੇ ਮੌਂਟਰੀਅਲ ਦੇ ਵਿਦਿਆਰਥੀ ਸਨ। ਓਂਟਾਰੀਓ ਪੁਲੀਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾੜੀਆ ਨੇ ਹਾਦਸੇ ਨੂੰ ‘ਦਿਲ ਦਹਿਲਾਉਣ ਵਾਲਾ ਦੁਖਾਂਤ’ ਦਸਦਿਆਂ ਕਿਹਾ ਕਿ ਟੋਰਾਂਟੋ ਸਥਿਤ ਭਾਰਤੀ ਮਿਸ਼ਨ ਲੋੜੀਂਦੀ ਸਹਾਇਤ ਮੁਹੱਈਆ ਕਰਵਾਉਣ ਲਈ ਪੀੜਤ ਵਿਦਿਆਰਥੀਆਂ ਦੇ ਦੋਸਤਾਂ-ਮਿੱਤਰਾਂ ਦੇ ਸੰਪਰਕ ਵਿੱਚ ਹੈ। ਜਾਣਕਾਰੀ ਅਨੁਸਾਰ ਵਿਦਿਆਰਥੀ ਸ਼ਨਿਚਰਵਾਰ ਸਵੇਰੇ ਮੁਸਾਫ਼ਰ ਵੈਨ ਰਾਹੀਂ ਹਾਈਵੇਅ 401 ’ਤੇ ਸਫ਼ਰ ਕਰ ਰਹੇ ਸਨ ਜਦੋਂ ਵੱਡੇ ਤੜਕੇ ਪੌਣੇ ਚਾਰ ਵਜੇ ਦੇ ਕਰੀਬ ਵੈਨ ਦੀ ਟਰੈਕਟਰ ਟਰੇਲਰ ਨਾਲ ਟੱਕਰ ਹੋ ਗਈ। ਸਥਾਨਕ ਪੁਲੀਸ ਮੁਤਾਬਕ ਹਾਦਸੇ ਦੇ ਦੋ ਗੰਭੀਰ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਤਬਦੀਲ ਕੀਤਾ ਗਿਆ ਹੈ। ਹਾਦਸੇ ਵਿੱਚ ਟਰੈਕਟਰ ਟਰੇਲਰ ਦਾ ਡਰਾਈਵਰ ਵਾਲ ਵਾਲ ਬਚ ਗਿਆ। ਹਾਦਸੇ ਮਗਰੋਂ ਵਾਲਬਰਿੱਜ ਲੌਇਲਿਸਟ ਰੋਡ ਤੇ ਗਲੈੱਨ ਮਿੱਲਰ ਰੋਡ ਨੂੰ ਜਾਂਦਾ ਹਾਈਵੇਅ 10 ਘੰਟਿਆਂ ਲਈ ਬੰਦ ਰਿਹਾ।
ਜੈਸ਼ੰਕਰ ਵੱਲੋਂ ਦੁੱਖ ਦਾ ਇਜ਼ਹਾਰ
ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕੈਨੇਡਾ ਵਿੱਚ ਸੜਕ ਹਾਦਸੇ ’ਚ ਪੰਜ ਭਾਰਤੀ ਵਿਦਿਆਰਥੀਆਂ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਜੈਸ਼ੰਕਰ ਨੇ ਇਕ ਟਵੀਟ ਵਿੱਚ ਕਿਹਾ, ‘‘ਕੈਨੇਡਾ ਵਿੱਚ ਪੰਜ ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ਦਾ ਡੂੰਘਾ ਦੁੱਖ ਹੈ। ਪਰਿਵਾਰ ਨਾਲ ਸੰਵੇਦਨਾਵਾਂ ਜ਼ਾਹਰ ਕਰਦਾ ਹਾਂ। ਜ਼ਖ਼ਮੀਆਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ। ਟੋਰਾਂਟੋ ਰਹਿੰਦੇ ਭਾਰਤੀਆਂ ਨੂੰ ਹਰ ਸੰਭਵ ਮਦਦ ਮੁਹੱਈਆ ਕੀਤੀ ਜਾਵੇਗੀ। -ਪੀਟੀਆਈ