ਕੇ.ਪੀ. ਸਿੰਘ
ਗੁਰਦਾਸਪੁਰ, 8 ਅਕਤੂਬਰ
ਇਲਾਕੇ ਦੇ ਖਰਲਾਂ ਮੋੜ ’ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਬੀਤੀ ਰਾਤ ਦੋ ਧਿਰਾਂ ਦਰਮਿਆਨ ਗੋਲੀ ਚੱਲੀ। ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਪੁਲੀਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮੁਨੀਸ਼ ਕੁਮਾਰ ਵਾਸੀ ਪਿੰਡ ਘੁੱਲਾ ਨੇ ਦੱਸਿਆ ਕਿ ਬੀਤੀ ਰਾਤ ਉਹ ਅਤੇ ਉਸ ਦਾ ਭਰਾ ਵਿਨੈ ਸ਼ਰਮਾ ਬਾਟਾ ਚੌਕ, ਗੁਰਦਾਸਪੁਰ ਸਥਿਤ ਦੁਕਾਨ ਬੰਦ ਕਰਕੇ ਪਿੰਡ ਪਰਤ ਰਹੇ ਸਨ। ਜਦੋਂ ਉਹ ਖਰਲਾਂ ਮੋੜ ਉੱਤੇ ਪਹੁੰਚੇ ਤਾਂ ਘਾਤ ਲਾ ਕੇ ਬੈਠੇ ਲਵਪ੍ਰੀਤ ਸਿੰਘ ਉਰਫ਼ ਨਵੀ ਵਾਸੀ ਸੈਨਪੁਰ ਜਿਸ ਦੇ ਹੱਥ ਵਿੱਚ ਪਿਸਤੌਲ ਸੀ ਅਤੇ ਉਸ ਦੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਬਾਕੀ ਸਾਥੀਆਂ ਨੰਨੂ ਵਾਸੀ ਸਾਹੋਵਾਲ, ਲੁਡਣ ਵਾਸੀ ਹੇਮਰਾਜ ਪੁਰ, ਸ਼ੇਰਾ ਵਾਸੀ ਹੇਮਰਾਜ ਪੁਰ, ਗੁੰਨੂ ਵਾਸੀ ਡਾਕਖ਼ਾਨਾ ਮੁਹੱਲਾ, ਗੁਰਦਾਸਪੁਰ ਅਤੇ ਚਾਰ ਪੰਜ ਹੋਰ ਅਣਪਛਾਤਿਆਂ ਨੇ ਉਨ੍ਹਾਂ ਦਾ ਮੋਟਰਸਾਈਕਲ ਰੋਕ ਲਿਆ। ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਹ ਮੋਟਰਸਾਈਕਲ ਸੁੱਟ ਕੇ ਝੋਨੇ ਦੇ ਖੇਤਾਂ ਵੱਲ ਨੂੰ ਭੱਜ ਨਿਕਲੇ। ਇਸ ਦੌਰਾਨ ਲਵਪ੍ਰੀਤ ਸਿੰਘ ਨੇ ਹਵਾ ਵਿੱਚ ਫਾਇਰ ਕੀਤੇ ਅਤੇ ਹਥਿਆਰਬੰਦ ਨੌਜਵਾਨਾਂ ਨੇ ਉਨ੍ਹਾਂ ਦੇ ਮੋਟਰਸਾਈਕਲ ਦੀ ਤੋੜ ਭੰਨ ਵੀ ਕੀਤੀ। ਮੁਨੀਸ਼ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਬਚਾਅ ਲਈ ਲਾਇਸੈਂਸੀ ਪਿਸਤੌਲ ਨਾਲ ਹਵਾ ਵਿੱਚ ਫਾਇਰ ਕੀਤਾ ਤਾਂ ਹਮਲਾਵਰ ਫ਼ਰਾਰ ਹੋ ਗਏ।
ਥਾਣਾ ਮੁਖੀ ਮੇਜਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਕਰਨ ਮਗਰੋਂ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਪੰਜ ਮੁਲਜ਼ਮਾਂ ਸਣੇ ਚਾਰ-ਪੰਜ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।