ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 13 ਅਕਤੂਬਰ
ਬਲਾਕ ਪੰਚਾਇਤ ਦਫ਼ਤਰ ਮਾਛੀਵਾੜਾ ਵਿੱਚ ਲੱਗੇ ਦਰੱਖਤ ਕੱਟਣ ਦੇ ਮਾਮਲੇ ’ਚ ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਅੰਦਰ ਭਾਰੀ ਨਿਰਾਸ਼ਾ ਦਾ ਆਲਮ ਦੇਖਣ ਨੂੰ ਮਿਲ ਰਿਹਾ ਹੈ। ਉਹ ਕਾਫ਼ੀ ਚਿੰਤਤ ਹਨ ਕਿ ਅੱਜ ਲੋੜ ਹੈ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ ਪਰ ਸਰਕਾਰੀ ਦਫ਼ਤਰਾਂ ’ਚ ਰੁੱਖਾਂ ਦੀ ਕਟਾਈ ਹੋ ਰਹੀ ਹੈ। ਅੱਜ ਬਲਾਕ ਦਫ਼ਤਰ ਵਿੱਚ ਪੁੱਜੇ ਵਾਤਾਵਰਨ ਪ੍ਰੇਮੀ ਅੰਮ੍ਰਿਤਪਾਲ ਸਮਰਾਲਾ, ਗੁਰਪ੍ਰੀਤ ਸਿੰਘ ਮਾਨ ਅਤੇ ਬਰਕਤਪਾਲ ਸਿੰਘ ਰੰਧਾਵਾ ਨੇ ਦੋਸ਼ ਲਗਾਇਆ ਕਿ ਕਿਸੇ ਜ਼ਰੂਰੀ ਵਜ੍ਹਾ ਕਾਰਨ 4-5 ਦਰੱਖਤ ਤਾਂ ਕੱਟੇ ਜਾ ਸਕਦੇ ਹਨ ਪਰ ਬਲਾਕ ਸਬੰਧਤ ਦਫ਼ਤਰ ’ਚ ਸਾਰੇ ਰੁੱਖਾਂ ਦਾ ਕੱਟਣਾ ਬਹੁਤ ਹੀ ਮੰਦਭਾਗਾ ਹੈ। ਸਮਾਜ ਸੇਵੀ ਅੰਮ੍ਰਿਤਪਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਲਾਕ ਪੰਚਾਇਤ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਦਰੱਖਤਾਂ ਨੂੰ ਕੱਟਣ ਸਬੰਧੀ ਸਵਾਲ ਪੁੱਛੇ ਗਏ ਸਨ ਪਰ ਅੱਗੋਂ ਜਵਾਬ ਮਿਲਿਆ ਕਿ ਉਹ ਆਰ.ਟੀ.ਆਈ. ਪਾ ਕੇ ਇਸ ਦੀ ਜਾਣਕਾਰੀ ਲੈ ਲੈਣ। ਅੰਮ੍ਰਿਤਪਾਲ ਨੇ ਦੱਸਿਆ ਕਿ ਅੱਜ ਦਫ਼ਤਰ ਸੁਪਰਡੈਂਟ ਰਮਾਂਕਾਂਤ ਵੱਲੋਂ ਉਨ੍ਹਾਂ ਨੂੰ ਬੁਲਾਇਆ ਗਿਆ ਸੀ ਤੇ ਉਨ੍ਹਾਂ ਨੇ ਵਣ ਰੇਂਜ ਅਫ਼ਸਰ ਦੁਆਰਾ ਦਿੱਤੀ ਰੁੱਖਾਂ ਦੀ ਕੀਮਤ ਰਿਪੋਰਟ, ਅਖ਼ਬਾਰ ’ਚ ਰੁੱਖਾਂ ਦੀ ਬੋਲੀ ਸਬੰਧੀ ਇਸ਼ਤਿਹਾਰ ਅਤੇ 106 ਰੁੱਖਾਂ ਦੀ ਕਟਾਈ ਸਬੰਧੀ ਕਟਵਾਈ ਰਸੀਦ ਹੀ ਦਿੱਤੀ ਅਤੇ ਰੁੱਖਾਂ ਦੀ ਕਟਾਈ ਦਾ ਕਾਰਨ ਇਹ ਦੱਸਿਆ ਗਿਆ ਕਿ ਉਹ ਗਲ ਤੇ ਸੜ੍ਹ ਚੁੱਕੇ ਸਨ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਰਕਾਰੀ ਦਫ਼ਤਰ ’ਚ ਐਨੀ ਵੱਡੀ ਗਿਣਤੀ ’ਚ ਦਰੱਖਤਾਂ ਦਾ ਗਲ-ਸੜ੍ਹ ਜਾਣਾ ਸੰਭਵ ਹੀ ਨਹੀਂ। ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਉਹ ਮਾਮਲੇ ਦੀ ਤਹਿ ਤੱਕ ਜਾਣਗੇ।
ਕਾਨੂੰਨ ਮੁਤਾਬਕ ਕਾਰਵਾਈ ਕੀਤੀ: ਸੁਪਰਡੈਂਟ
ਦਫ਼ਤਰ ਦੇ ਸੁਪਰਡੈਂਟ ਰਮਾਂਕਾਂਤ ਦਾ ਕਹਿਣਾ ਹੈ ਕਿ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਹੈ, ਜੋ ਕੁਝ ਵੀ ਹੋਇਆ ਹੈ ਵਿਭਾਗ ਦੀ ਮਨਜ਼ੂਰੀ ਨਾਲ ਤੇ ਕਾਨੂੰਨ ਮੁਤਾਬਕ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਏ ਹੋਏ ਵਾਤਾਵਰਨ ਪ੍ਰੇਮੀਆਂ ਨੂੰ ਸਬੰਧਤ ਦਸਤਾਵੇਜ਼ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਰੁੱਖ ਕਿਸੇ ਵੀ ਤਰਤੀਬ ’ਚ ਨਹੀਂ ਲੱਗੇ ਸਨ, ਹੁਣ ਜਲਦੀ ਹੀ ਦਫ਼ਤਰ ਵੱਲੋਂ ਜਗ੍ਹਾ ਪੱਧਰੀ ਕਰਕੇ ਤਰਤੀਬ ਅਨੁਸਾਰ ਨਵੇਂ ਫ਼ਲਦਾਰ ਬੂਟੇ ਲਗਾ ਦਿੱਤੇ ਜਾਣਗੇ।