ਲਵੀਵ(ਯੂਕਰੇਨ), 14 ਮਾਰਚ
ਯੂਕਰੇਨ ਦੇ ਕੀਵ ਖੇਤਰ ਦੇ ਮੁਖੀ ਓਲੈਕਸ ਕੁਲੇਬਾ ਨੇ ਸੋਮਵਾਰ ਨੂੰ ਦੱਸਿਆ ਕਿ ਰੂਸੀ ਫੌਜ ਨੇ ਕੀਵ ਦੇ ਉੱਤਰ ਪੱਛਮੀ ਨੀਮ ਸ਼ਹਿਰੀ ਇਲਾਕਿਆਂ ’ਤੇ ਸਾਰੀ ਰਾਤ ਗੋਲਾਬਾਰੀ ਕੀਤੀ ਅਤੇ ਰਾਜਧਾਨੀ ਦੇ ਪੂਰਬੀ ਹਿੱਸੇ ਵਿੱਚ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਕੁਲੇਬਾ ਨੇ ਦੱਸਿਆ ਕਿ ਕੀਵ ਦੇ ਪੂਰਬ ਵਿੱਚ ਜੰਗ ਦੌਰਾਨ ਬ੍ਰੋਵਰੀ ਦੇ ਇਕ ਕੌਂਸਲਰ ਦੀ ਮੌਤ ਹੋ ਗਈ ਹੈ। ਉੱਤਰ ਪੱਛਮੀ ਸ਼ਹਿਰਾਂ ਇਰਪਿਨ, ਬੁਕਾ ਅਤੇ ਹੋਸਤੋਮੇਲ ਵਿੱਚ ਵੀ ਸਾਰੀ ਰਾਤ ਹਮਲੇ ਜਾਰੀ ਰਹਿਣ ਦੀ ਜਾਣਕਾਰੀ ਮਿਲੀ ਹੈ। ਰਾਜਧਾਨੀ ਕੀਵ ’ਤੇ ਕਬਜ਼ੇ ਦੀ ਕੋਸ਼ਿਸ਼ ਵਿੱਚ ਰੂਸ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਸਭ ਤੋਂ ਵਧ ਹਮਲੇ ਕੀਤੇ ਗਏ ਹਨ। ਯੂਕਰੇਨ ਫੌਜ ਦੇ ਜਨਰਲ ਸਟਾਫ ਨੇ ਸੋਮਵਾਰ ਨੂੰ ਕਿਹਾ ਕਿ ਰੂਸੀ ਫੌਜ ਨੇ ਬੀਤੇ 24 ਘੰਟਿਆਂ ਵਿੱਚ ਪੱਛਮੀ ਹਿੱਸੇ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ।