ਨਿੱਜੀ ਪੱਤਰ ਪ੍ਰੇਰਕ
ਖੰਨਾ, 13 ਅਕਤੂਬਰ
ਇਥੋਂ ਦੇ ਰੇਲਵੇ ਲਾਈਨੋਂ ਪਾਰ ਲਲਹੇੜੀ ਰੋਡ ਦੇ ਸਾਲਾਂ ਤੋਂ ਰੁਕੇ ਨਿਰਮਾਣ ਖ਼ਿਲਾਫ਼ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਨੇ ਗੁਰਮੀਤ ਸਿੰਘ ਦੀ ਅਗਵਾਈ ਹੇਠਾਂ ਰੋਸ ਪ੍ਰਗਟ ਕਰਦਿਆਂ ਰੇਲਵੇ ਪੁਲ ’ਤੇ ਧਰਨਾ ਲਾਇਆ। ਇਸ ਨਾਲ ਪੁਲ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਲਲਹੇੜੀ ਰੋਡ ਸੜਕ ਦਾ ਨਿਰਮਾਣ ਕਾਰਜ ਅਧੂਰਾ ਪਏ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਕੇਂਦਰ ਸਰਕਾਰ ਦੀ ਅਮਰੂਤ ਸਕੀਮ ਤਹਿਤ ਇਲਾਕੇ ਵਿਚ ਸੀਵਰੇਜ ਤੇ ਵਾਟਰ ਸਪਲਾਈ ਦਾ ਕੰਮ ਚੱਲ ਰਿਹਾ ਹੈ, ਜੋ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਅੱਧ ਵਿਚਕਾਰ ਲਟਕ ਰਿਹਾ ਹੈ। ਰੋਡ ਦੀ ਮੁੱਖ ਸੜਕ ਦਾ ਨਿਰਮਾਣ ਨਗਰ ਕੌਂਸਲ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ’ਤੇ ਕਰੀਬ ਇਕ ਕਰੋੜ ਰੁਪਏ ਖਰਚੇ ਜਾ ਰਹੇ ਹਨ। ਠੇਕੇਦਾਰ ਨੇ ਸੜਕ ਤਾਂ ਪੁੱਟ ਦਿੱਤੀ ਪਰ ਹੁਣ ਤੱਕ ਕੰਮ ਆਰੰਭ ਨਹੀਂ ਕੀਤਾ ਗਿਆ, ਸਾਰਾ ਦਿਨ ਉੱਡਦੀ ਧੂੜ ਕਾਰਨ ਆਲੇ ਦੁਆਲੇ ਦੇ ਦੁਕਾਨਦਾਰਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਅਕਾਲੀ ਦਲ ਸੰਯੁਕਤ ਦੇ ਸੁਖਵੰਤ ਸਿੰਘ ਟਿੱਲੂ ਅਤੇ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਵਿਕਾਸ ਦੇ ਵੱਡੇ ਦਾਅਵੇ ਕਰਦੇ ਹਨ ਪਰ ਕਦੇ ਇਸ ਇਲਾਕੇ ਵਿਚ ਨਜ਼ਰ ਮਾਰ ਕੇ ਦੇਖਣ। ਉਨ੍ਹਾਂ ਕਿਹਾ ਕਿ ਮੰਤਰੀ ਤੇ ਕੌਂਸਲਰ ਉਨ੍ਹਾਂ ਦੀ ਗੱਲ ਵੀ ਨਹੀਂ ਸੁਣਦੇ, ਜਿਸ ਕਾਰਨ ਮਜਬੂਰੀ ਵੱਸ ਅੱਜ ਸੜਕ ’ਤੇ ਆਉਣਾ ਪਿਆ ਹੈ। ਅੰਤ ਵਿਚ ਪੁਲੀਸ ਅਧਿਕਾਰੀਆਂ ਦੇ ਭਰੋਸੇ ਉਪਰੰਤ ਧਰਨਾ ਖਤਮ ਕੀਤਾ ਗਿਆ।