ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 8 ਅਕਤੂਬਰ
ਪਿਛਲੀ ਕਾਂਗਰਸ ਸਰਕਾਰ ਵੱਲੋਂ ਇਤਿਹਾਸਕ ਸ਼ਹਿਰ ਮਾਛੀਵਾੜਾ ਦੇ ਮਹੱਤਵ ਨੂੰ ਦੇਖਦੇ ਹੋਏ ਇਸ ਦੇ ਵਿਕਾਸ ਲਈ ਨਗਰ ਸੁਧਾਰ ਟਰੱਸਟ ਹੋਂਦ ’ਚ ਲਿਆਂਦਾ ਸੀ ਪਰ ਹੁਣ ਮੌਜੂਦਾ ‘ਆਪ’ ਸਰਕਾਰ ਵਲੋਂ ਸੂਬੇ ਦੇ 9 ਨਗਰ ਸੁਧਾਰ ਟਰੱਸਟ ਭੰਗ ਕਰਨ ਦੀ ਤਿਆਰੀ ਕਰ ਲਈ ਹੈ। ਇਸ ਵਿਚ ਮਾਛੀਵਾੜਾ ਸਾਹਿਬ ਦਾ ਨਾਮ ਵੀ ਦਰਜ ਹੈ। ਪਿਛਲੀ ਕਾਂਗਰਸ ਸਰਕਾਰ ਸਮੇਂ ਹਲਕਾ ਸਮਰਾਲਾ ਦੇ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਨੇ ਮਾਛੀਵਾੜਾ ਨਗਰ ਸੁਧਾਰ ਟਰੱਸਟ ਸਥਾਪਤ ਕਰਨ ਲਈ ਕਾਫ਼ੀ ਯਤਨ ਕੀਤੇ ਅਤੇ ਆਪਣੇ ਹੀ ਕਰੀਬੀ ਰਹੇ ਸੀਨੀਅਰ ਕਾਂਗਰਸੀ ਆਗੂ ਸ਼ਕਤੀ ਆਨੰਦ ਨੂੰ ਇਸ ਦਾ ਚੇਅਰਮੈਨ ਨਿਯੁਕਤ ਕੀਤਾ ਸੀ। ਮਾਛੀਵਾੜਾ ਨਗਰ ਸੁਧਾਰ ਟਰੱਸਟ ਜਦੋਂ ਸਥਾਪਤ ਹੋਇਆ ਤਾਂ ਲੋਕਾਂ ਨੂੰ ਆਸ ਸੀ ਕਿ ਇਸ ਇਤਿਹਾਸਕ ਨਗਰੀ ਦੀ ਨੁਹਾਰ ਬਦਲੇਗੀ ਪਰ ਇਸ ਸਰਕਾਰੀ ਦਫ਼ਤਰ ਨੇ ਵਿਕਾਸ ਤਾਂ ਕੀ ਕਰਵਾਉਣੇ ਸਨ ਇੱਥੇ ਸਟਾਫ਼ ਤੱਕ ਮੁਹੱਈਆ ਨਾ ਹੋਇਆ। ਕਾਂਗਰਸ ਸਰਕਾਰ ਵੱਲੋਂ ਬਣਾਇਆ ਚੇਅਰਮੈਨ ਅਤੇ 7 ਕਮੇਟੀ ਮੈਂਬਰ ਕੇਵਲ ਨਾਮ ਦੇ ਹੀ ਅਹੁਦੇਦਾਰ ਬਣ ਕੇ ਰਹਿ ਗਏ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਗਰ ਸੁਧਾਰ ਟਰੱਸਟ ਦੇ ਸਾਰੇ ਅਹੁਦੇਦਾਰ ਭੰਗ ਕਰ ਦਿੱਤੇ। ਆਮ ਆਦਮੀ ਪਾਰਟੀ ਦੇ ਕਈ ਆਗੂ ਮਨ ਵਿਚ ਆਸ ਲਗਾਈ ਬੈਠੇ ਸਨ ਕਿ ਹੁਣ ਉਨ੍ਹਾਂ ਦੀ ਸਰਕਾਰ ਆ ਗਈ ਅਤੇ ਚੇਅਰਮੈਨੀ ਤੇ ਟਰੱਸਟ ਦੇ ਮੈਂਬਰ ਬਣਾਂਗੇ ਪਰ ਹੁਣ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਗਿਆ ਹੈ। ਮਾਛੀਵਾੜਾ ਦਾ ਨਗਰ ਸੁਧਾਰ ਟਰੱਸਟ ਕੇਵਲ ‘ਚਿੱਟਾ ਹਾਥੀ’ ਸਾਬਤ ਹੋਇਆ ਕਿਉਂਕਿ ਜਦੋਂ ਇਸ ਨੂੰ ਸਥਾਪਤ ਕੀਤਾ ਗਿਆ ਨਾ ਉਸ ਸਮੇਂ ਇਸ ਦੀ ਕੋਈ ਪ੍ਰਾਪਤੀ ਰਹੀ ਅਤੇ ਹੁਣ ਖਤਮ ਹੋਣ ਨਾਲ ਕੇਵਲ ਸਿਆਸੀ ਆਗੂਆਂ ਦੇ ਹੀ ਸੁਪਨੇ ਚਕਨਾਚੂਰ ਹੋਏ ਹਨ।
ਟਰੱਸਟ ਖ਼ਤਮ ਕਰਨਾ ਸ਼ਲਾਘਾਯੋਗ ਫੈਸਲਾ ਹੋਵੇਗਾ: ਵਿਧਾਇਕ
ਹਲਕਾ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਤੋਂ ਪਤਾ ਲੱਗਾ ਹੈ ਕਿ ‘ਆਪ’ ਸਰਕਾਰ ਵਲੋਂ ਪੰਜਾਬ ਦੇ 9 ਨਗਰ ਸੁਧਾਰ ਟਰੱਸਟ ਖਤਮ ਕੀਤੇ ਜਾ ਰਹੇ ਹਨ। ਇਸ ਵਿਚ ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ ਵੀ ਸ਼ਾਮਲ ਹੈ। ਵਿਧਾਇਕ ਨੇ ਕਿਹਾ ਕਿ ਸਰਕਾਰ ਦਾ ਇਹ ਸ਼ਲਾਘਾਯੋਗ ਫੈਸਲਾ ਹੋਵੇਗਾ ਕਿ ਇਹ ਨਗਰ ਸੁਧਾਰ ਟਰੱਸਟ ਖ਼ਜਾਨੇ ’ਤੇ ਬੋਝ ਹਨ ਜਿਸ ਨੂੰ ਘੱਟ ਕਰਨ ਲਈ ਸਰਕਾਰ ਇਹ ਫੈਸਲਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਮਾਛੀਵਾੜਾ ਨਗਰ ਸੁਧਾਰ ਟਰੱਸਟ ਜਦੋਂ ਤੋਂ ਬਣਿਆ ਹੈ ਇਸ ਦੀ ਕੋਈ ਪ੍ਰਾਪਤੀ ਨਹੀਂ, ਇਸ ਲਈ ਇਸ ਨੂੰ ਖ਼ਤਮ ਕਰਨਾ ਹੀ ਠੀਕ ਹੈ।