ਪੱਤਰ ਪ੍ਰੇਰਕ
ਸਮਾਣਾ, 13 ਅਕਤੂਬਰ
ਸਮਾਣਾ ’ਚ ਬਾਜ਼ਾਰਾਂ ’ਚ ਧੜਾ-ਧੜ ਖੁੱਲ੍ਹ ਰਹੀਆਂ ਮੀਟ ਦੀਆਂ ਦੁਕਾਨਾਂ ਜਿਥੇ ਆਮ ਲੋਕਾਂ ਲਈ ਪ੍ਰੇਸ਼ਾਨੀ ਬਣ ਰਹੀਆਂ ਹਨ, ਉਥੇ ਮੀਟ ਦਾ ਸੇਵਨ ਕਰਨ ਵਾਲੇ ਲੋਕ ਵੀ ਬਿਨਾਂ ਜਾਂਚ ਤੋਂ ਮੀਟ ਖਾ ਕੇ ਆਪਣੀ ਜਾਨ ਖਤਰੇ ’ਚ ਪਾ ਰਹੇ ਹਨ। ਇਸ ਪ੍ਰਤੀ ਸਰਕਾਰ ਤੇ ਪ੍ਰਸ਼ਾਸਨ ਗੰਭੀਰ ਨਹੀਂ। ਸ਼ਹਿਰ ’ਚ ਸਲਾਟਰ ਹਾਊਸ ਨਾ ਹੋਣ ਕਾਰਨ ਲੋਕਾਂ ਨੂੰ ਮਹਾਮਾਰੀ ਫੈਲਣ ਦਾ ਖਦਸ਼ਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਮਾਣਾ ਸ਼ਹਿਰ ਤੇ ਬਲਾਕ ’ਚ ਪੈਂਦੇ 85 ਪਿੰਡਾਂ ’ਚ ਮੀਟ-ਮਾਸ ਦੀਆਂ ਸੈਂਕੜੇ ਦੁਕਾਨਾਂ ਬਿਨਾਂ ਮਨਜ਼ੂਰੀ ਖੁੱਲ੍ਹੀਆਂ ਹੋਈਆਂ ਹਨ ਜਿਨਾਂ ਕੋਲ ਕੋਈ ਲਾਇਸੈਂਸ ਨਹੀਂ। ਇਨ੍ਹਾਂ ਦੁਕਾਨਦਾਰਾਂ ਕੋਲ ਦੁਕਾਨਾਂ ’ਚ ਮੀਟ ਲਈ ਜਾਨਵਰਾਂ ਦੇ ਕਟੱਣ ਤੇ ਜਿਊਂਦੇ ਜਾਨਵਰਾਂ ਦੇ ਖਾਣ-ਪਾਣ ਦਾ ਕੋਈ ਪ੍ਰਬੰਧ ਨਹੀਂ।