ਪੱਤਰ ਪ੍ਰੇਰਕ
ਫਰੀਦਾਬਾਦ, 13 ਮਾਰਚ
ਕੌਮਾਤਰੀ ਦਸਤਕਾਰੀ ਸੂਰਜਕੁੰਡ ਮੇਲੇ ਦੀ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਾਂ ਦੇ ਮੱਦੇਨਜ਼ਰ ਮੇਲੇ ਦੇ ਪੁਲੀਸ ਨੋਡਲ ਅਫ਼ਸਰ ਨਿਤੀਸ਼ ਅਗਰਵਾਲ, ਡੀਸੀਪੀ ਹੈੱਡਕੁਆਰਟਰ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਪਾਰਕਿੰਗ, ਲਾਈਟਾਂ, ਟਿਕਟ ਬੁਕਿੰਗ ਅਤੇ ਸੁਰੱਖਿਆ ਸਬੰਧੀ ਜਾਣਕਾਰੀ ਹਾਸਲ ਕੀਤੀ। ਇਹ 35ਵਾਂ ਸੂਰਜਕੁੰਡ ਮੇਲਾ 19 ਮਾਰਚ ਤੋਂ 4 ਅਪਰੈਲ ਤੱਕ ਹੋਣਾ ਹੈ, ਜਿੱਥੇ ਆਉਣ ਵਾਲੇ ਸੈਲਾਨੀਆਂ ਨੂੰ ਪਾਰਕਿੰਗ ਦੀ ਸਮੱਸਿਆ ਨਾ ਆਉਣ ਦੇਣ ਲਈ ਵਾਧੂ ਪਾਰਕਿੰਗਾਂ ਪ੍ਰਬੰਧਾਂ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਟਿਕਟ ਬੁਕਿੰਗ ਦੌਰਾਨ ਦਰਸ਼ਕਾਂ ਨੂੰ ਪਾਰਕਿੰਗ ਸਥਾਨ ਬਾਰੇ ਵੀ ਜਾਣਕਾਰੀ ਮਿਲੇਗੀ। ਮੇਲੇ ਦਾ ਸਾਰਾ ਪ੍ਰਬੰਧ ਪੇਟੀਐੱਮ ਨੂੰ ਸੌਂਪਿਆ ਗਿਆ ਹੈ। ਮੇਲੇ ਵਿੱਚ ਆਉਣ ਵਾਲੇ ਮਹਿਮਾਨਾਂ ਦਾ ਪੁਲੀਸ ਬੈਂਡ ਨਾਲ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਰਜਕੁੰਡ ਮੇਲੇ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਇਸ ਵਾਰ ਪਾਰਕਿੰਗ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਵਿਸ਼ੇਸ਼ ਤੌਰ ‘ਤੇ ਸ਼ਨਿਚਰਵਾਰ ਅਤੇ ਐਤਵਾਰ ਲਈ ਤਿੰਨ ਵਾਧੂ ਪਾਰਕਿੰਗ ਪ੍ਰਬੰਧ ਹੋਣਗੇ। ਸਾਰੀਆਂ ਪਾਰਕਿੰਗ ਥਾਵਾਂ ‘ਤੇ ਸਿੱਖਿਅਤ ਪੁਲੀਸ ਕਰਮਚਾਰੀ ਨਿਯੁਕਤ ਕੀਤੇ ਜਾਣਗੇ। ਦੱਸ ਦੇਈਏ ਕਿ ਮਹਿਮਾਨਾਂ ਦੇ ਸੁਆਗਤ ਲਈ ਹੋਟਲ ਫਲੇਮਿੰਗੋ ਵਿਖੇ ਪੁਲੀਸ ਬੈਂਡ ਵੀ ਮੌਜੂਦ ਰਹੇਗਾ। ਡੀਸੀਪੀ ੇ ਦੱਸਿਆ ਕਿ ਮੇਲੇ ਦੇ ਦੋਵੇਂ ਚੌਪਾਲਾਂ ’ਤੇ ਸੱਭਿਆਚਾਰਕ ਪ੍ਰੋਗਰਾਮ, ਦੇਸ਼-ਵਿਦੇਸ਼ ਦੇ ਕਲਾਕਾਰਾਂ ਦੇ ਨਾਲ-ਨਾਲ ਸਕੂਲੀ ਬੱਚੇ ਵੀ ਪ੍ਰੋਗਰਾਮ ਪੇਸ਼ ਕਰਨਗੇ।