ਮਹਾਂਵੀਰ ਮਿੱਤਲ
ਜੀਂਦ, 13 ਮਾਰਚ
ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਆਈਟੀਆਈ ਉਚਾਨਾ ਖੁਰਦ ਵਿੱਚ ਨਵੇਂ ਬਣੇ ਹੁਨਰ ਵਿਕਾਸ ਕੇਂਦਰ (ਸੀਐੱਸਆਰਆਰਐੱਮ) ਦਾ ਉਦਘਾਟਨ ਕੀਤਾ। ਇਹ ਹੁਨਰ ਵਿਕਾਸ ਕੇਂਦਰ ਹੌਂਡਾ ਇੰਡੀਆ ਫਾਊਂਡੇਸ਼ਨ ਦੇ ਸਹਿਯੋਗ ਨਾਲ ਬਣਿਆ ਹੈ। ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਸੰਨ 2019 ਵਿੱਚ ਹੌਂਡਾ ਇੰਡੀਆ ਫਾਊਂਡੇਸ਼ਨ ਦੀ ਸਥਾਪਨਾ ਮਗਰੋਂ ਦੇਸ਼ ਭਰ ਵਿੱਚ ਇਸ ਤਰ੍ਹਾਂ ਦੇ 48 ਕੇਂਦਰ ਸਥਾਪਿਤ ਕੀਤੇ ਗਏ ਹਨ। ਜਦੋਂਕਿ ਹਰਿਆਣਾ ਵਿੱਚ ਅਜਿਹਾ ਪਹਿਲਾ ਕੇਂਦਰ ਉਚਾਨਾ ਦੇ ਆਈਟੀਆਈ ਵਿੱਚ ਬਣਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਆਟੋ ਮੋਬਾਈਲ ਦੀ ਤਕਨੀਕ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ, ਜਿਸ ਕਰਕੇ ਵਿਦਿਆਰਥੀਆਂ ਵਿੱਚ ਹੁਨਰ ਵਿਕਾਸ ਦੀ ਲੋੜ ਹੈ। ਇਹ ਕੇਂਦਰ ਆਈਟੀਆਈ ਵਿੱਚ ਵਿਦਿਆਰਥੀਆਂ ਦੇ ਹੁਨਰ ਵਿੱਚ ਵਾਧਾ ਕਰਨ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਸੈਸ਼ਨ ਲਈ 20 ਸੀਟਾਂ ਰੱਖੀਆਂ ਗਈਆਂ ਸਨ, ਜਿਸ ਲਈ ਅਰਜ਼ੀਆਂ ਵੀ ਮਿਲ ਚੁੱਕੀਆਂ ਹਨ।
ਇਸ ਮੌਕੇ ਜੁਲਾਨਾ ਦੇ ਵਿਧਾਇਕ ਅਮਰਜੀਤ ਸਿੰਘ ਢਾਂਡਾ, ਹੌਂਡਾ ਇੰਡੀਆ ਫਾਊਂਡੇਸ਼ਲ ਆਫ ਇੰਡੀਆ ਦੇ ਉੱਪ ਪ੍ਰਧਾਨ ਸੈਬਲ ਮੈਤਰਾ, ਡੀਸੀ ਡਾ. ਮਨੌਜ ਕੁਮਾਰ, ਨਿੱਜੀ ਸਕੱਤਰ ਪ੍ਰੋ. ਜਗਦੀਸ਼ ਸਿਹਾਗ ਆਦਿ ਹਾਜ਼ਰ ਸਨ।