ਮੁੰਬਈ, 13 ਅਕਤੂਬਰ
ਮਹਾਰਾਸ਼ਟਰ ਸਰਕਾਰ ਨੇ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖ਼ਿਲਾਫ਼ ਦਰਜ ਕੇਸ ਦੇ ਸਬੰਧ ਵਿੱਚ ਸੀਬੀਆਈ ਵੱਲੋਂ ਮਹਾਰਾਸ਼ਟਰ ਦੇ ਮੁੱਖ ਸਕੱਤਰ ਸੀਤਾਰਾਮ ਕੁੰਟੇ ਅਤੇ ਡੀਜੀਪੀ ਸੰਜੇ ਪਾਂਡੇ ਨੂੰ ਜਾਰੀ ਕੀਤੇ ਤਾਜ਼ਾ ਸੰਮਨਾਂ ਖ਼ਿਲਾਫ਼ ਬੰਬੇ ਹਾਈ ਕੋਰਟ ਦਾ ਕੁੰਡਾ ਖੜਕਾਇਆ ਹੈ। ਸੂਬਾ ਸਰਕਾਰ ਨੇ ਇਸ ਖ਼ਿਲਾਫ਼ ਮੰਗਲਵਾਰ ਨੂੰ ਰਿੱਟ ਪਟੀਸ਼ਨ ਦਾਇਰ ਕੀਤੀ ਸੀ ਅਤੇ ਅੱਜ ਉਸ ਨੇ ਜਸਟਿਸ ਨਿਤਿਨ ਜਾਮਦਾਰ ਅਤੇ ਐੱਸਵੀ ਕੋਤਵਾਲ ਦੇ ਬੈਂਚ ਸਾਹਮਣੇ ਇਸ ਦਾ ਜ਼ਿਕਰ ਕਰਦਿਆਂ ਫੌਰੀ ਸੁਣਵਾਈ ਦੀ ਮੰਗ ਕੀਤੀ। ਹਾਈ ਕੋਰਟ ਨੇ ਸੁਣਵਾਈ 20 ਅਕਤੂਬਰ ’ਤੇ ਪਾ ਦਿੱਤੀ ਹੈ। ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੁੰਟੇ ਅਤੇ ਪਾਂਡੇ ਨੂੰ ਸੰਮਨ ਜਾਰੀ ਕੀਤੇ ਸਨ ਅਤੇ ਉਨ੍ਹਾਂ ਨੂੰ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀ ਵਿੱਚ ਕਥਿਤ ਸਿਆਸੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਐੱਨਸੀਪੀ ਆਗੂ ਦੇਸ਼ਮੁਖ ਖ਼ਿਲਾਫ਼ ਦਰਜ ਕੇਸ ਦੇ ਸਬੰਧ ਵਿੱਚ ਜਾਂਚ ਏਜੰਸੀ ਸਾਹਮਣੇ ਇਸ ਹਫ਼ਤੇ ਪੇਸ਼ ਹੋਣ ਲਈ ਕਿਹਾ ਸੀ। ਸਾਬਕਾ ਮੁੰਬਈ ਪੁਲੀਸ ਕਮਿਸ਼ਨਰ ਪਰਮ ਬੀਰ ਸਿੰਘ ਨੇ ਇਸ ਸਾਲ ਮਾਰਚ ਵਿੱਚ ਮੁੱਖ ਮੰਤਰੀ ਊਧਵ ਠਾਕਰੇ ਨੂੰ ਪੱਤਰ ਲਿਖ ਕੇ ਦੇਸ਼ਮੁੱਖ ’ਤੇ ਕਥਿਤ ਦਖ਼ਲਅੰਦਾਜ਼ੀ ਅਤੇ ਦੁਰਵਿਹਾਰ ਦੇ ਦੋਸ਼ ਲਾਏ ਸਨ। -ਪੀਟੀਆਈ