ਨਵੀਂ ਦਿੱਲੀ, 13 ਅਕਤੂਬਰ
ਮੁੱਖ ਅੰਸ਼
- ਮਹਾਨਗਰਾਂ ’ਚ ਟਮਾਟਰ ਦੇ ਭਾਅ ਅਸਮਾਨੀਂ ਚੜ੍ਹੇ
- ਬੇਮੌਸਮੇ ਮੀਂਹ ਕਾਰਨ ਪੈਦਾਵਾਰ ਨੁਕਸਾਨੇ ਜਾਣ ਕਾਰਨ ਮਹਿੰਗੇ ਹੋਏ ਟਮਾਟਰ
ਬੇਮੌਸਮੇ ਮੀਂਹ ਕਾਰਨ ਟਮਾਟਰ ਦੇ ਭਾਅ ਮਹਾਨਗਰਾਂ ’ਚ ਅਸਮਾਨੀਂ ਚੜ੍ਹ ਗਏ ਹਨ। ਪਰਚੂਨ ’ਚ ਟਮਾਟਰ 72 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ। ਟਮਾਟਰ ਦੀ ਪੈਦਾਵਾਰ ਵਾਲੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ’ਚ ਬੇਮੌਸਮੇ ਮੀਂਹ ਕਾਰਨ ਫਸਲ ਨੁਕਸਾਨੀ ਗਈ ਹੈ ਅਤੇ ਇਸ ਦੀ ਸਪਲਾਈ ’ਤੇ ਮਾੜਾ ਅਸਰ ਪਿਆ ਹੈ। ਕੋਲਕਾਤਾ ’ਚ ਟਮਾਟਰ ਮੰਗਲਵਾਰ ਨੂੰ 72 ਰੁਪਏ ’ਚ ਵਿਕਿਆ ਜਦਕਿ ਇਕ ਮਹੀਨਾ ਪਹਿਲਾਂ ਇਸ ਦਾ ਭਾਅ 38 ਰੁਪਏ ਪ੍ਰਤੀ ਕਿਲੋ ਸੀ। ਦਿੱਲੀ ਅਤੇ ਚੇਨਈ ’ਚ ਟਮਾਟਰ ਦਾ ਭਾਅ 57 ਰੁਪਏ ’ਤੇ ਪਹੁੰਚ ਗਿਆ ਹੈ। ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਇਕੱਤਰ ਕੀਤੇ ਗਏ ਅੰਕੜਿਆਂ ਮੁਤਾਬਕ ਦੋਵੇਂ ਸ਼ਹਿਰਾਂ ’ਚ ਕ੍ਰਮਵਾਰ 30 ਅਤੇ 20 ਰੁਪਏ ਪ੍ਰਤੀ ਕਿਲੋ ਦਾ ਵਾਧਾ ਦਰਜ ਹੋਇਆ ਹੈ। ਟਮਾਟਰਾਂ ਦੀ ਪਰਚੂਨ ਕੀਮਤ ਗੁਣਵੱਤਾ ਅਤੇ ਸਥਾਨ ’ਤੇ ਨਿਰਭਰ ਕਰਦੀ ਹੈ। ਆਜ਼ਾਦਪੁਰ ਟਮਾਟਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੌਸ਼ਿਕ ਨੇ ਖ਼ਬਰ ਏਜੰਸੀ ਨੂੰ ਦੱਸਿਆ,‘‘ਬੇਮੌਸਮੇ ਮੀਂਹ ਨੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ’ਚ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ ਜਿਸ ਕਾਰਨ ਦਿੱਲੀ ਵਰਗੀਆਂ ਮੰਡੀਆਂ ’ਚ ਟਮਾਟਰ ਦੀ ਆਮਦ ’ਤੇ ਅਸਰ ਪਿਆ ਹੈ। ਇਸ ਕਾਰਨ ਥੋਕ ਅਤੇ ਪਰਚੂਨ ਮੰਡੀਆਂ ’ਚ ਟਮਾਟਰ ਦੇ ਭਾਅ ਚੜ੍ਹ ਗਏ ਹਨ।’’ ਉਨ੍ਹਾਂ ਕਿਹਾ ਕਿ ਸ਼ਿਮਲਾ ਵਰਗੇ ਪਹਾੜੀ ਇਲਾਕਿਆਂ ਸਮੇਤ ਹੋਰ ਥਾਵਾਂ ’ਤੇ ਮੀਂਹ ਕਾਰਨ ਟਮਾਟਰ ਦੀ ਫਸਲ 60 ਫ਼ੀਸਦ ਤੱਕ ਨੁਕਸਾਨੀ ਗਈ ਹੈ। ਇਸ ਦੇ ਨਤੀਜੇ ਵਜੋਂ ਇਕ ਮਹੀਨੇ ’ਚ ਟਮਾਟਰ ਦੀ ਕੀਮਤ ਆਜ਼ਾਦਪੁਰ ਮੰਡੀ ’ਚ ਦੁੱਗਣੀ ਹੋ ਕੇ 40 ਤੋਂ 60 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਉਨ੍ਹਾਂ ਕਿਹਾ ਕਿ ਟਮਾਟਰ ਦੀ ਰੋਜ਼ਾਨਾ ਆਮਦ ਵੀ ਘੱਟ ਕੇ ਅੱਧੀ 250 ਤੋਂ 300 ਟਨ ਰਹਿ ਗਈ ਹੈ। ਮੌਜੂਦਾ ਸਮੇਂ ’ਚ ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ’ਚ ਟਮਾਟਰ ਦੀ ਖੇਤੀ ਜਾਰੀ ਹੈ ਅਤੇ ਇਹ ਫ਼ਸਲ 2-3 ਮਹੀਨਿਆਂ ’ਚ ਤਿਆਰ ਹੋ ਜਾਵੇਗੀ ਤਾਂ ਹੀ ਕੀਮਤਾਂ ’ਚ ਕੁਝ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ। ਚੀਨ ਤੋਂ ਬਾਅਦ ਭਾਰਤ ’ਚ ਦੂਜੇ ਨੰਬਰ ’ਤੇ ਟਮਾਟਰ ਦੀ ਪੈਦਾਵਾਰ ਹੁੰਦੀ ਹੈ ਅਤੇ 7.89 ਲੱਖ ਹੈਕਟਰੇਅਰ ਰਕਬੇ ’ਚ ਕਰੀਬ ਇਕ ਕਰੋੜ 97 ਲੱਖ ਟਨ ਟਮਾਟਰ ਦਾ ਉਤਪਾਦਨ ਹੁੰਦਾ ਹੈ। -ਪੀਟੀਆਈ