ਹਰਦੀਪ ਸਿੰਘ ਸੋਢੀ
ਧੂਰੀ, 13 ਅਕਤੂਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਨੇੜਲੇ ਪਿੰਡ ਲੱਡਾ ਟੌਲ ਪਲਾਜ਼ਾ ਕੋਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਪੱਕਾ ਧਰਨਾ ਹਰਪਾਲ ਸਿੰਘ ਪੇਧਨੀ ਕਲਾ ਦੀ ਅਗਵਾਈ ਹੇਠ 375ਵੇਂ ਦਿਨ ਵੀ ਜਾਰੀ ਰਿਹਾ। ਆਗੂਆਂ ਨੇ ਕਿਹਾ ਜੇ ਮੋਦੀ ਸਰਕਾਰ ਨੇ ਲਖਮੀਪੁਰ ਖੀਰੀ ਘਟਨਾ ਜਾਚ ਵਿੱਚ ਕੋਈ ਪੱਖਪਾਤ ਕੀਤਾ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ। ਉਨ੍ਹਾਂ ਕਿਹਾ ਦਸਹਿਰੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਪੁਤਲੇ ਫੂਕਣ ਦੇ ਨਾਲ ਨਾਲ 18 ਅਕਤੂਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਰੇਲ ਗੱਡੀਆਂ ਰੋਕੀਆ ਜਾਣਗੀਆਂ। ਇਸ ਮੌਕੇ ਗੁਰਜੀਤ ਸਿੰਘ ਲੱਡਾ,ਸੁੱਖਜੀਤ ਸਿੰਘ ਲੱਡਾ, ਰਾਮ ਸਿੰਘ , ਗੁਰਮੀਤ ਕੌਰ ਬੇਨੜਾ, ਹਰਬੰਸ ਸਿੰਘ ਸੋਢੀ, ਹਮੀਰ ਸਿੰਘ,ਅਜੈਬ ਸਿੰਘ ਪੁੰਨਾਵਾਲ, ਕੁਲਵਿੰਦਰ ਕੌਰ ਲੱਡਾ ਤੇ ਹਰਬੰਸ ਸਿੰਘ ਲੱਡਾ ਹਾਜ਼ਰ ਸਨ।
ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਅੱਜ ਟੌਲ ਪਲਾਜ਼ਾ ਕਾਲਾਝਾੜ ਵਿਖੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਅਤੇ ਗੁਰਚੇਤ ਸਿੰਘ ਭੱਟੀਵਾਲ ਨੇ ਦੱਸਿਆ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਦੌਰਾਨ ਕੀਤੇ ਜਾ ਰਹੇ ਜਬਰ ਦਾ ਮੂੰਹ ਤੋੜ ਜਵਾਬ ਦੇਣ ਲਈ ਦਸਹਿਰੇ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਸ ਦੇ ਮੰਤਰੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਟੌਲ ਪਲਾਜ਼ਾ ਮਾਝੀ ਵਿਖੇ ਧਰਨਾ ਜਾਰੀ ਰੱਖਿਆ ਗਿਆ ।