ਨਵੀਂ ਦਿੱਲੀ, 13 ਮਾਰਚ
ਭਾਰਤ ਨੇ ਆਪਣੇ ਦੂਤਾਵਾਸ ਨੂੰ ਅਸਥਾਈ ਤੌਰ ’ਤੇ ਯੂਕਰੇਨ ਤੋਂ ਪੋਲੈਂਡ ਤਬਦੀਲ ਕਰਨ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਜੰਗ ਪ੍ਰਭਾਵਿਤ ਯੂਕਰੇਨ ਵਿਚ ਵਿਗੜਦੇ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਲਿਆ ਗਿਆ ਹੈ। ਹਾਲ ਦੇ ਦਿਨਾਂ ਵਿਚ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਹੋਰ ਪ੍ਰਮੁੱਖ ਸ਼ਹਿਰਾਂ ਵਿਚ ਰੂਸੀ ਹਮਲੇ ਤੇਜ਼ ਹੋਣ ਕਰ ਕੇ ਭਾਰਤ ਨੇ ਆਪਣੇ ਦੂਤਾਵਾਸ ਨੂੰ ਪੋਲੈਂਡ ਲੈ ਕੇ ਜਾਣ ਦਾ ਫ਼ੈਸਲਾ ਲਿਆ ਹੈ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ‘‘ਯੂਕਰੇਨ ਦੇ ਪੱਛਮੀ ਖੇਤਰਾਂ ਵਿਚ ਵਧ ਰਹੇ ਰੂਸੀ ਫ਼ੌਜ ਦੇ ਹਮਲਿਆਂ ਅਤੇ ਦੇਸ਼ ਵਿਚ ਤੇਜ਼ੀ ਨਾਲ ਵਿਗੜਦੇ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਸਥਿਤ ਭਾਰਤੀ ਦੂਤਾਵਾਸ ਨੂੰ ਅਸਥਾਈ ਤੌਰ ’ਤੇ ਪੋਲੈਂਡ ਤਬਦੀਲ ਕਰਨ ਫ਼ੈਸਲਾ ਲਿਆ ਗਿਆ ਹੈ। ਆਉਣ ਵਾਲੇ ਸਮੇਂ ਦੇ ਘਟਨਾਕ੍ਰਮ ਅਨੁਸਾਰ ਹਾਲਾਤ ਦੀ ਮੁੜ ਸਮੀਖਿਆ ਕਰ ਕੇ ਅਗਲਾ ਫ਼ੈਸਲਾ ਲਿਆ ਜਾਵੇਗਾ।’ ’ਜ਼ਿਕਰਯੋਗ ਹੈ ਕਿ ਕੀਵ ਵਿਚ ਸਥਿਤ ਭਾਰਤੀ ਦੂਤਾਵਾਸ ਦੇ ਵੱਡੀ ਗਿਣਤੀ ਅਧਿਕਾਰੀ ਪਹਿਲਾਂ ਹੀ ਪਿਛਲੇ ਕੁਝ ਦਿਨਾਂ ਤੋਂ ਲਵੀਵ ਵਿਚ ਸਥਿਤ ਕੈਂਪ ਆਫ਼ਿਸ ਤੋਂ ਕੰਮ ਕਰ ਰਹੇ ਹਨ। ਲਵੀਵ ਵਿਚ ਭਾਰਤੀ ਦੂਤਾਵਾਸ ਦਾ ਇਹ ਕੈਂਪ ਆਫ਼ਿਸ ਭਾਰਤੀ ਨਾਗਰਿਕਾਂ ਨੂੰ ਗੁਆਂਢੀ ਮੁਲਕਾਂ ਨਾਲ ਲੱਗਦੀਆਂ ਸਰਹੱਦਾਂ ਰਾਹੀਂ ਇਸ ਜੰਗ ਪ੍ਰਭਾਵਿਤ ਦੇਸ਼ ’ਚੋਂ ਕੱਢਣ ਦੇ ਉਪਰਾਲੇ ਵਜੋਂ ਸਥਾਪਤ ਕੀਤਾ ਗਿਆ ਸੀ। ਲਵੀਵ ਸ਼ਹਿਰ ਪੱਛਮੀ ਯੂਕਰੇਨ ਵਿਚ ਸਥਿਤ ਹੈ ਜੋ ਕਿ ਪੋਲੈਂਡ ਦੀ ਸਰਹੱਦ ਤੋਂ ਕਰੀਬ 70 ਕਿਲੋਮੀਟਰ ਦੂਰ ਹੈ। -ਪੀਟੀਆਈ