ਦੇਵਿੰਦਰ ਸਿੰਘ ਜੱਗੀ
ਪਾਇਲ, 12 ਅਕਤੂਬਰ
ਇਥੋਂ 3 ਕਿਲੋਮੀਟਰ ਦੀ ਵਿੱਥ ’ਤੇ ਪੈਂਦੇ ਪਿੰਡ ਬਰਮਾਲੀਪੁਰ ਵਿੱਚ ਬਾਬਾ ਕਾਲਾ ਮਹਿਰ ਸਾਹਿਬ ਕੁਸ਼ਤੀ ਕਲੱਬ, ਗ੍ਰਾਮ ਪੰਚਾਇਤ, ਪਰਵਾਸੀ ਭਰਾਵਾਂ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਐੱਸਪੀ ਮੁਕੇਸ਼ ਕੁਮਾਰ ਦੀ ਦੇਖ-ਰੇਖ ਹੇਠ ਦੋ ਰੋਜ਼ਾ ਪੰਜਾਬ ਸਟੇਟ ਕੁਸ਼ਤੀ ਚੈਂਪੀਅਨਸ਼ਿਪ ਕਾਰਵਾਈ ਗਈ। ਇਸ ਚੈਂਪੀਅਨਸ਼ਿਪ ’ਚ 23 ਜ਼ਿਲ੍ਹਿਆਂ ਦੀਆਂ ਲੜਕੀਆਂ ਤੇ ਲੜਕਿਆਂ ਨੇ ਆਪਣੀ ਤਾਕਤ ਦੇ ਜੌਹਰ ਵਿਖਾਏ। ਚੈਂਪੀਅਨਸ਼ਿਪ ਦਾ ਉਦਘਾਟਨ ਸੰਤ ਦਰਸ਼ਨ ਸਿੰਘ ਖਾਲਸਾ ਢੱਕੀ ਸਾਹਿਬ, ਬਾਰ ਐਸੋਸੀਏਸ਼ਨ ਪਾਇਲ ਦੇ ਮੀਤ ਪ੍ਰਧਾਨ ਰਣਪ੍ਰੀਤ ਸਿੰਘ ਟਿਵਾਣਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ, ਜਦੋਂ ਕਿ ਇਨਾਮਾਂ ਦੀ ਵੰਡ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕੀਤੀ। ਪ੍ਰਧਾਨ ਪਰਮਜੀਤ ਸਿੰਘ ਤੇ ਬੀਰਦਵਿੰਦਰ ਸਿੰਘ ਨੇ ਦੱਸਿਆ ਕਿ ਲੜਕੀਆਂ ਦੇ 72 ਕਿੱਲੋ ਭਾਰ ਵਰਗ ’ਚ ਕੁਲਵਿੰਦਰ ਕੌਰ ਫ਼ਰੀਦਕੋਟ ਨੇ ਪਹਿਲਾ, ਨਵਜੋਤ ਕੌਰ ਮੋਗਾ ਨੇ ਦੂਜਾ, 76 ਕਿੱਲੋ ਵਿਚ ਗੁਰਸ਼ਰਨਪਰੀਤ ਕੌਰ ਨੇ ਪਹਿਲਾ ਤੇ ਪੂਜਾ ਲੁਧਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇੇ ਤਰ੍ਹਾਂ ਲੜਕੇ ਫਾਈਨਲ 86 ਕਿੱਲੋ ਭਾਰ ਵਰਗ ਵਿਚ ਸੰਦੀਪ ਸਿੰਘ ਮਾਨਸਾ ਨੇ ਪਹਿਲਾ, ਸੋਨੂ ਕੁਮਾਰ ਫਿਰੋਜ਼ਪੁਰ ਨੇ ਦੂਜਾ, 97 ਕਿੱਲੋ ਵਿਚ ਸਾਹਿਲ ਮੋਗਾ ਨੇ ਪਹਿਲਾ ਤੇ ਕਿਰਨਦੀਪ ਜਲੰਧਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 125 ਕਿੱਲੋ ਭਾਰ ਵਰਗ ਦੀ ਫਾਈਨਲ ਦੀ ਕੁਸ਼ਤੀ ਬਹੁਤ ਹੀ ਰੋਚਕ ਰਹੀ ਜਿਸ ਵਿਚ ਪ੍ਰਿਤਪਾਲ ਸਿੰਘ ਕਪੂਰਥਲਾ ਨੇ ਗੁਰਬਾਜ ਸਿੰਘ ਤਰਨਤਾਰਨ ਨੂੰ ਹਰਾਇਆ। ਇਸ ਚੈਂਪੀਅਨਸ਼ਿਪ ’ਚ ਹਰਵੀਰ ਸਿੰਘ ਕੈਨੇਡਾ, ਗੁਰਵੀਰ ਸਿੰਘ ਕੈਨੇਡਾ, ਦਵਿੰਦਰ ਸਿੰਘ ਕਾਕਾ ਤੂਰ ਯੂਐੱਸਏ, ਸਰਬਜੀਤ ਸਿੰਘ ਤੂਰ ਯੂਐੱਸਏ, ਪਰਮਿੰਦਰਜੀਤ ਸਿੰਘ ਤੂਰ ਕੈਨੇਡਾ, ਜਸਪ੍ਰੀਤ ਸਿੰਘ ਜੱਸੂ ਕੈਨੇਡਾ ਪੋਤਰਾ ਕੈਪਟਨ ਹਰੀ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।