ਅਸ਼ਵਨੀ ਗਰਗ
ਸਮਾਣਾ, 12 ਅਕਤੂਬਰ
ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਇਨਫੋਰਸਮੈਂਟ ਟੀਮ ਨੇ ਜ਼ਿਲ੍ਹੇ ਦੇ ਵੱਖ-ਵੱਖ ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਟੀਮ ਵੱਲੋਂ ਚੈਕਿੰਗ ਦੌਰਾਨ ਸਮਾਣਾ ਦੀ ਫ਼ਰਮ ਦੇ ਗੁਦਾਮ ’ਚ ਅਣਅਧਿਕਾਰਤ ਡੀ.ਏ.ਪੀ. ਖਾਦ (ਆਈਪੀਐੱਲ ਕੰਪਨੀ) ਦੇ 273 ਥੈਲੇ ਫੜੇ ਗਏ। ਜਿਸ ਦਾ ਫ਼ਰਮ ਕੋਲ ਬਿੱਲ ਨਹੀਂ ਸੀ। ਟੀਮ ’ਚ ਬਲਾਕ ਖੇਤੀਬਾੜੀ ਅਫ਼ਸਰ ਡਾ. ਕੁਲਦੀਪ ਇੰਦਰ ਸਿੰਘ ਢਿੱਲੋਂ ਆਦਿ ਸ਼ਾਮਲ ਸਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਨੇ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਅਚਨਚੇਤ ਚੈਕਿੰਗ ਕਰਨ ਸਬੰਧੀ ਹਦਾਇਤਾਂ ਕੀਤੀਆਂ ਹਨ ਤਾਂ ਜੋ ਹਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਤਹਿ ਕੀਮਤ ਅਤੇ ਸਮੇਂ ਸਿਰ ਖਾਦ ਉਪਲਬਧ ਹੋ ਸਕੇ। ਉਨ੍ਹਾਂ ਦੱਸਿਆ ਕਿ ਅੱਜ ਮੌਕੇ ’ਤੇ ਸਬੰਧਿਤ ਫ਼ਰਮ ਦਾ ਸੈਂਪਲ ਭਰ ਕੇ ਅਣਅਧਿਕਾਰਤ ਡੀ.ਏ.ਪੀ. ਖਾਦ ਦੀ ਸੇਲ ਬੰਦ ਕੀਤੀ ਗਈ ਹੈ ਤੇ ਸਬੰਧਿਤ ਫ਼ਰਮ ਖ਼ਿਲਾਫ਼ ਕਿਸਾਨਾਂ ਵੱਲੋਂ ਸ਼ਿਕਾਇਤ ਵੀ ਕੀਤੀ ਗਈ ਸੀ ਕਿ ਫ਼ਰਮ ਡੀ.ਏ.ਪੀ. ਖਾਦ ਨਿਰਧਾਰਿਤ ਕੀਮਤ ਤੋਂ ਜ਼ਿਆਦਾ ਕੀਮਤ ’ਤੇ ਖਾਦ ਵੇਚ ਰਹੀ ਹੈ। ਮੁੱਖ ਖੇਤਬਾੜੀ ਅਫ਼ਸਰ ਨੇ ਜ਼ਿਲ੍ਹੇ ਦੇ ਸਮੂਹ ਖਾਦ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਖਾਦ ਵਿਕਰੇਤਾ ਡੀ.ਏ.ਪੀ. ਖਾਦ ਨਿਰਧਾਰਤ ਕੀਮਤ ਤੋਂ ਵੱਧ ਨਾ ਵੇਚੇ, ਜੇ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।