ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਮਾਰਚ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਅੱਜ ਦਸਵੀਂ ਟਰਮ-1 ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਨੇ ਨਤੀਜਾ ਵੈੱਬਸਾਈਟ ਦੀ ਥਾਂ ਸਕੂਲਾਂ ਨੂੰ ਹੀ ਜਾਰੀ ਕੀਤਾ ਹੈ। ਬੋਰਡ ਨੇ ਸਕੂਲਾਂ ਨੂੰ ਸਿਰਫ ਥਿਊਰੀ ਦੇ ਹੀ ਅੰਕ ਭੇਜੇ ਹਨ ਜਦਕਿ ਅੰਦਰੂਨੀ ਮੁਲਾਂਕਣ ਤੇ ਪ੍ਰੈਕਟੀਕਲ ਦੇ ਅੰਕ ਸਕੂਲਾਂ ਕੋਲ ਪਹਿਲਾਂ ਹੀ ਮੌਜੂਦ ਹਨ। ਸਕੂਲਾਂ ਨੇ ਵੀ ਹਾਲੇ ਸਾਰੇ ਵਿਦਿਆਰਥੀਆਂ ਨੂੰ ਨਤੀਜਾ ਜਾਰੀ ਨਹੀਂ ਕੀਤਾ ਤੇ ਸਕੂਲਾਂ ਨੇ ਵਿਦਿਆਰਥੀਆਂ ਨੂੰ ਸੋਮਵਾਰ ਨੂੰ ਅੰਕਾਂ ਦੀ ਜਾਣਕਾਰੀ ਹਾਸਲ ਕਰਨ ਲਈ ਸੱਦਿਆ ਹੈ। ਚੰਡੀਗੜ੍ਹ ਵਿੱਚ ਦਸਵੀਂ ਦੀ ਪ੍ਰੀਖਿਆ 114 ਸਰਕਾਰੀ ਸਕੂਲਾਂ ਤੇ 80 ਦੇ ਕਰੀਬ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਦਿੱਤੀ ਸੀ। ਬੋਰਡ ਨੇ ਅੱਜ ਸਾਰੇ ਸਕੂਲਾਂ ਨੂੰ ਨਤੀਜਾ ਈ-ਮੇਲ ਜ਼ਰੀਏ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ ਕੋਲ ਹੁਣ ਥਿਊਰੀ ਦੇ ਅੰਕ ਆ ਗਏ ਹਨ ਤੇ ਸਕੂਲ ਅੰਦਰੂਨੀ ਮੁਲਾਂਕਣ ਤੇ ਪ੍ਰੈਕਟੀਕਲ ਅੰਕ ਜੋੜ ਕੇ ਵਿਦਿਆਰਥੀਆਂ ਦੀ ਮਾਰਕਸ਼ੀਟ ਤਿਆਰ ਕਰਨ।
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-35 ਦੇ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ 40 ਅੰਕਾਂ ਵਿਚੋਂ ਅੰਗਰੇਜ਼ੀ ਦੇ 15, ਗਣਿਤ ਦੇ 8, ਵਿਗਿਆਨ ਦੇ 12, ਸੋਸ਼ਲ ਸਾਇੰਸ ਦੇ 14 ਵਿਦਿਆਰਥੀਆਂ ਦੇ 36 ਤੋਂ 40 ਅੰਕ ਆਏ ਹਨ। ਸਕੂਲ ਮੁਖੀਆਂ ਨੇ ਦੱਸਿਆ ਕਿ ਹਾਲੇ ਤਾਂ ਬੋਰਡ ਨੇ ਟਰਮ-1 ਦਾ ਪੂਰਾ ਨਤੀਜਾ ਜਾਰੀ ਨਹੀਂ ਕੀਤਾ। ਇਸ ਕਰਕੇ ਵਿਦਿਆਰਥੀਆਂ ਕੋਲ ਟਰਮ-2 ਦੇ ਨਤੀਜੇ ਵਿਚ ਬਿਹਤਰ ਕਾਰਗੁਜ਼ਾਰੀ ਦਿਖਾਉਣ ਦਾ ਇਕ ਹੋਰ ਮੌਕਾ ਹੈ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਧਨਾਸ ਦੀ ਪ੍ਰਿੰਸੀਪਲ ਸੀਮਾ ਗਿਰਧਰ ਨੇ ਦੱਸਿਆ ਕਿ ਅੰਗਰੇਜ਼ੀ ਦੇ ਤਿੰਨ, ਗਣਿਤ ਦੇ ਦੋ, ਵਿਗਿਆਨ ਦੇ ਇਕ, ਪੰਜਾਬੀ ਦੇ ਇਕ ਵਿਦਿਆਰਥੀ ਨੇ 36 ਤੋਂ 40 ਦਰਮਿਆਨ ਅੰਕ ਹਾਸਲ ਕੀਤੇ ਹਨ। ਇਹ ਪਹਿਲੀ ਵਾਰ ਹੈ ਕਿ ਬੋਰਡ ਪ੍ਰੀਖਿਆਵਾਂ ਦੋ ਪੜਾਆਂ ਵਿਚ ਹੋ ਰਹੀਆਂ ਹਨ। ਸੀਬੀਐਸਈ ਟਰਮ-1 ਦੀਆਂ ਪ੍ਰੀਖਿਆਵਾਂ ਪਿਛਲੇ ਸਾਲ ਨਵੰਬਰ-ਦਸੰਬਰ ਵਿਚ ਹੋਈਆਂ ਸਨ ਤੇ ਉਸ ਵੇਲੇ ਆਬਜੈਕਟਿਵ ਟਾਈਪ ਸਵਾਲਾਂ ਆਧਾਰਿਤ ਪ੍ਰੀਖਿਆ ਲਈ ਗਈ ਸੀ ਪਰ 26 ਅਪਰੈਲ ਨੂੰ ਹੋਣ ਵਾਲੀਆਂ ਟਰਮ-2 ਦੀਆਂ ਪ੍ਰੀਖਿਆਵਾਂ ਸਬਜੈਕਟਿਵ ਟਾਈਪ ਸਵਾਲਾਂ ਆਧਾਿਰਤ ਹੋਵੇਗੀ।
ਕਮਜ਼ੋਰ ਨਤੀਜਿਆਂ ਵਾਲੇ ਵਿਦਿਆਰਥੀਆਂ ਦੀ ਹੋਵੇਗੀ ਕਾਊਂਸਲਿੰਗ
ਚੰਡੀਗੜ੍ਹ ਦੇ ਸਰਕਾਰੀ ਸਕੂਲ ਅੱਜ ਦੂਜਾ ਸ਼ਨਿਚਾਰਵਾਰ ਹੋਣ ਕਰ ਕੇ ਬੰਦ ਸਨ। ਇਸ ਕਾਰਨ ਇਨ੍ਹਾਂ ਸਕੂਲਾਂ ਦੇ ਮੁਖੀਆਂ ਨੇ ਵਿਦਿਆਰਥੀਆਂ ਨੂੰ ਮਾਪਿਆਂ ਸਣੇ 14 ਮਾਰਚ ਨੂੰ ਨਤੀਜਾ ਦੇਣ ਲਈ ਸਕੂਲ ਸੱਦਿਆ ਹੈ। ਇਥੋਂ ਦੇ ਦੱਖਣੀ ਹਿੱਸੇ ਦੇ ਇਕ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਉਹ 14 ਮਾਰਚ ਨੂੰ ਪੇਰੈਂਟਸ-ਟੀਚਰਜ਼ ਮੀਟ ਕਰਨਗੇ ਤੇ ਕਮਜ਼ੋਰ ਨਤੀਜਿਆਂ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਕਾਊਂਸਲਿੰਗ ਵੀ ਕਰਨਗੇ। ਇਸ ਤੋਂ ਬਾਅਦ ਕਮਜ਼ੋਰ ਵਿਦਿਆਰਥੀਆਂ ਦੇ ਟਰਮ-2 ਦੇ ਨਤੀਜੇ ਸੁਧਾਰਨ ਲਈ ਉਨ੍ਹਾਂ ਦੀਆਂ ਵਿਸ਼ੇਸ਼ ਜਮਾਤਾਂ ਵੀ ਲਾਈਆਂ ਜਾਣਗੀਆਂ।
ਪ੍ਰਾਈਵੇਟ ਸਕੂਲਾਂ ਵੱਲੋਂ ਨਤੀਜੇ ਜਨਤਕ ਕਰਨ ਤੋਂ ਇਨਕਾਰ
ਇਥੋਂ ਦੇ ਦੋ ਪ੍ਰਾਈਵੇਟ ਸਕੂਲਾਂ ਭਵਨ ਵਿਦਿਆਲਿਆ ਸੈਕਟਰ-27 ਤੇ ਗੁਰੂਕੁਲ ਗਲੋਬਲ ਸਕੂਲ ਨੇ ਤਾਂ ਨਤੀਜੇ ਜਨਤਕ ਕਰ ਦਿੱਤੇ ਹਨ ਪਰ ਬਾਕੀ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਕਿਹਾ ਕਿ ਹਾਲੇ ਟਰਮ-1 ਦੇ ਨਤੀਜੇ ਅਧੂਰੇ ਹਨ ਤੇ ਇਸ ਵਿਚ ਕਿਸੇ ਨੂੰ ਵੀ ਫੇਲ੍ਹ ਜਾਂ ਪਾਸ ਨਹੀਂ ਕੀਤਾ ਗਿਆ। ਇਸ ਕਰ ਕੇ ਉਹ ਨਤੀਜੇ ਜਨਤਕ ਨਹੀਂ ਕਰ ਸਕਦੇ। ਉਨ੍ਹਾਂ ਨਤੀਜੇ ਤਿਆਰ ਕਰਨ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਭਵਨ ਵਿਦਿਆਲਿਆ ਸਕੂਲ ਦੇ 198 ਵਿਦਿਆਰਥੀਆਂ ਵਿੱਚੋਂ 141 ਦੇ ਅੰਗਰੇਜ਼ੀ, 92 ਦੇ ਸਟੈਂਟਰਡ ਗਣਿਤ, 37 ਦੇ ਵਿਗਿਆਨ, 20 ਦੇ ਸੋਸ਼ਲ ਸਾਇੰਸ, 6 ਦੇ ਹਿੰਦੀ, 6 ਦੇ ਸੰਸਕ੍ਰਿਤ ਤੇ ਹੋਰਾਂ ਵਿਚ 40 ਵਿਚੋਂ 40 ਅੰਕ ਆਏ ਹਨ।