ਚੇਨੱਈ, 7 ਅਕਤੂਬਰ
ਕਾਂਗਰਸ ਪ੍ਰਧਾਨ ਦੀ ਚੋਣ ਲੜ ਰਹੇ ਪਾਰਟੀ ਆਗੂ ਸ਼ਸ਼ੀ ਥਰੂਰ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ। ਉਨ੍ਹਾਂ ਇਸ ਵਿਚ ਸੂਬਾ ਇਕਾਈਆਂ ਦੇ ਪ੍ਰਧਾਨਾਂ ਦਾ ਕਾਰਜਕਾਲ ਸੀਮਤ ਕਰਨ ਦਾ ਪੱਖ ਪੂਰਿਆ ਹੈ। 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਥਰੂਰ ਨੇ ਆਪਣੇ ਮੈਨੀਫੈਸਟੋ ’ਚ ਕਾਂਗਰਸ ਨੂੰ ਪੈਰਾਂ-ਸਿਰ ਕਰਨ ਤੇ ਮੁੜ ਊਰਜਾ ਨਾਲ ਭਰਨ ਦੀ ਗੱਲ ਵੀ ਕੀਤੀ ਹੈ। ਥਰੂਰ ਨੇ ਉਨ੍ਹਾਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਉਹ ਜ਼ਿਆਦਾ ਸਮਰਥਨ ਨਾ ਮਿਲਣ ਕਾਰਨ ਪ੍ਰਧਾਨ ਦੀ ਚੋਣ ਲੜਨ ਤੋਂ ਪਿੱਛੇ ਹਟ ਸਕਦੇ ਹਨ। ਥਰੂਰ ਨੇ ਕਿਹਾ ਕਿ ਉਹ ਮੁਕਾਬਲੇ ਵਿਚ ਹਨ ਤੇ ਉਨ੍ਹਾਂ ਨੂੰ ਵੱਖ-ਵੱਖ ਪਾਸਿਓਂ ਸਮਰਥਨ ਮਿਲ ਰਿਹਾ ਹੈ। ਕਾਂਗਰਸ ਆਗੂ ਨੇ ਤਾਮਿਲਨਾਡੂ ਵਿਚ ਕਿਹਾ ਕਿ ਉਹ ਅਧਿਕਾਰ ਖੇਤਰ ਦੇ ਵਿਕੇਂਦਰੀਕਰਨ ਦੇ ਪੱਖ ਵਿਚ ਹਨ ਤੇ ਲੋਕਾਂ ਨਾਲ ਜੁੜਾਅ ਬਿਹਤਰ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਹੀ ਕਾਂਗਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦਾ 2024 ਵਿਚ ਸਿਆਸੀ ਤੌਰ ਉਤੇ ਮੁਕਾਬਲਾ ਕਰ ਸਕਦੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਥਰੂਰ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਚੋਣ ਲੜ ਰਹੇ ਪਾਰਟੀ ਆਗੂ ਮਲਿਕਾਰਜੁਨ ਖੜਗੇ ਲਈ ਉਨ੍ਹਾਂ ਦੇ ਮਨ ’ਚ ਬਹੁਤ ਸਤਿਕਾਰ ਹੈ। ਥਰੂਰ ਨੇ ਕਿਹਾ ਕਿ ਇਹ ਮੁਕਾਬਲਾ ਮਿੱਤਰਤਾ ਵਾਲਾ ਹੈ ਜੋ ਕਿ ਭਾਜਪਾ ਨਾਲ ਟੱਕਰ ਲੈਣ ਦੀਆਂ ਵੱਖ-ਵੱਖ ਪਹੁੰਚਾਂ ਉਤੇ ਕੇਂਦਰਿਤ ਹੈ। ਇਸ ਵਿਚ ਵਿਚਾਰਧਾਰਾਵਾਂ ਦਾ ਕੋਈ ਮਤਲਬ ਨਹੀ ਹੈ ਕਿਉਂਕਿ ਉਹ ਦੋਵੇਂ ਇਕੋ ਪਾਰਟੀ ਵਿਚੋਂ ਹਨ। ਥਰੂਰ ਨੇ ਕਿਹਾ ਕਿ ਜੇ ਉਹ ਚੋਣ ਜਿੱਤਦੇ ਹਨ ਤਾਂ ਸੰਸਦੀ ਬੋਰਡ ਜਿਹੀਆਂ ਇਕਾਈਆਂ ਨੂੰ ਮੁੜ ਖੜ੍ਹਾ ਕਰਨ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ‘ਹਰ ਪੰਜ ਸਾਲ ਬਾਅਦ ਚੋਣਾਂ ਲੜਨ ਵਾਲੀ ਮਸ਼ੀਨ ਨਹੀਂ ਹੈ, ਪਰ ਇਸ ਨੂੰ ਲੋਕਾਂ ਦੇ ਨਾਲ ਚੱਲਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਸੇਵਾ ਲਈ ਤਿਆਰ ਰਹਿਣਾ ਚਾਹੀਦਾ ਹੈ।’ -ਪੀਟੀਆਈ
ਤਾਮਿਲਨਾਡੂ ’ਚ ਥਰੂਰ ਮੁਕਾਬਲੇ ਖੜਗੇ ਨੂੰ ਵੱਧ ਸਮਰਥਨ
ਚੇਨੱਈ: ਕਾਂਗਰਸ ਪ੍ਰਧਾਨ ਦੀ ਚੋਣ ਲੜ ਰਹੇ ਸੀਨੀਅਰ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੂੰ ਤਾਮਿਲਨਾਡੂ ਵਿਚ ਭਰਪੂਰ ਸਮਰਥਨ ਮਿਲ ਰਿਹਾ ਹੈ। ਸੂਬੇ ਦੇ ਬਹੁਤੇ ਆਗੂ ਅੱਜ ਖੜਗੇ ਨਾਲ ਮੁਕਾਬਲਾ ਕਰ ਰਹੇ ਸ਼ਸ਼ੀ ਥਰੂਰ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਤਾਮਿਲਨਾਡੂ ਦੇ ਕਾਂਗਰਸ ਇਲੈਕਟੋਰਲ ਕਾਲਜ ’ਚ 710 ਮੈਂਬਰ ਹਨ ਤੇ ਬਹੁਤ ਥੋੜ੍ਹੇ ਹੀ ਅੱਜ ਥਰੂਰ ਵੱਲੋਂ ਸੱਦੀ ਗਈ ਮੀਟਿੰਗ ਵਿਚ ਸ਼ਾਮਲ ਹੋਏ। ਖੜਗੇ ਨੇ ਹਾਲੇ ਸੂਬੇ ਵਿਚ ਆਪਣੀ ਮੁਹਿੰਮ ਸ਼ੁਰੂ ਕਰਨੀ ਹੈ ਪਰ ਥਰੂਰ ਦੀ ਮੀਟਿੰਗ ਵਿਚ ਆਗੂਆਂ ਦੇ ਸ਼ਾਮਲ ਨਾ ਹੋਣ ਨਾਲ ਸਪੱਸ਼ਟ ਹੋ ਗਿਆ ਕਿ ਹਵਾ ਦਾ ਰੁਖ਼ ਕਿਸ ਪਾਸੇ ਵੱਲ ਹੈ। -ਪੀਟੀਆਈ