ਗਗਨਦੀਪ ਸਿੰਘ ਗੁਰਾਇਆ
ਸਿਆਲਾਂ ਦੀ ਰੁੱਤੇ ਹਨ੍ਹੇਰਾ ਸੁਵੱਖਤੇ ਹੀ ਹੋ ਜਾਂਦੈ। ਦਸੰਬਰ ਮਹੀਨੇ ਸ਼ਾਮ ਦੇ ਸੱਤ ਕੁ ਵਜੇ ਫੋਨ ਦੀ ਘੰਟੀ ਵੱਜੀ। ਇਕ ਪੁਲੀਸ ਇੰਸਪੈਕਟਰ ਬੋਲ ਰਿਹਾ ਸੀ ਕਿ ਕੁਝ ਮੁੰਡੇ ਤੇ ਕੁੜੀਆਂ ਪੇਸ਼ ਕਰਨੇ ਨੇ। ਮਸਲੇ ਦੀ ਪੇਚੀਦਗੀ ਤੇ ਬਾਲਾਂ ਦੇ ਹੱਕਾਂ ਨੂੰ ਤਰਜੀਹ ਦਿੰਦੇ ਹੋਏ ਉਸ ਨੂੰ ਫੌਰਨ ਦਫ਼ਤਰ ਆਉਣ ਲਈ ਆਖਿਆ। ਇੱਕ ਦੂਜੇ ਨਾਲ ਰਾਬਤਾ ਕਰਕੇ ਅਸੀਂ ਬਾਲ ਭਲਾਈ ਕਮੇਟੀ ਦੇ ਬਾਕੀ ਮੈਂਬਰ ਵੀ ਇਕੱਤਰ ਹੋ ਗਏ। ਅੱਧੇ ਕੁ ਘੰਟੇ ਬਾਅਦ ਪੁਲੀਸ ਇੰਸਪੈਕਟਰ, ਦੋ ਮਹਿਲਾ ਕਾਂਸਟੇਬਲ ਨਾਲ ਆਣ ਪੁੱਜਾ। ਉਨ੍ਹਾਂ ਨਾਲ ਲਗਭਗ ਉੱਨੀ ਵੀਹ ਵਰ੍ਹਿਆਂ ਦੇ ਦੋ ਨੌਜਵਾਨ ਅਤੇ ਤਿੰਨ ਲੜਕੀਆਂ ਸਨ। ਪੁੱਛਣ ’ਤੇ ਪਤਾ ਲੱਗਿਆ ਕਿ ਇਹ ਤਿੰਨੋਂ ਲੜਕੀਆਂ ਸਕੀਆਂ ਭੈਣਾਂ ਸਨ, ਜਿਨ੍ਹਾਂ ਵਿੱਚੋਂ ਵੱਡੀ ਦੀ ਉਮਰ ਕੋਈ 18 ਸਾਲ, ਵਿਚਕਾਰਲੀ ਦੀ 17 ਤੇ ਸਭ ਤੋਂ ਨਿੱਕੀ ਦੀ 13 ਕੁ ਸਾਲ ਸੀ। ਇਹ ਸਾਰੇ ਕੋਈ ਪਿਛਲੇ ਡੇਢ ਮਹੀਨੇ ਤੋਂ ਫਰਾਰ ਸਨ ਅਤੇ ਪੁਲੀਸ ਇਨ੍ਹਾਂ ਨੂੰ ਬੜੀ ਮੁਸ਼ੱਕਤ ਨਾਲ ਮਨਾਲੀ, ਹਿਮਾਚਲ ਪ੍ਰਦੇਸ਼ ਤੋਂ ਫੜ ਕੇ ਲਿਆਈ ਸੀ। ਮੁੰਡਿਆਂ ਦੇ ਚਿਹਰੇ ਡਰੇ ਹੋਏ ਸਨ ਅਤੇ ਪਛਤਾਵਾ ਚਿਹਰਿਆਂ ਤੋਂ ਸਪੱਸ਼ਟ ਦਿਖਾਈ ਦੇ ਰਿਹਾ ਸੀ। ਜਦਕਿ ਕੁੜੀਆਂ ਬੇਬਾਕ ਤੇ ਮੂੰਹ-ਫੱਟ ਢੰਗ ਨਾਲ ਪੇਸ਼ ਆ ਰਹੀਆਂ ਸਨ। ਮੁੰਡਿਆਂ ਅਤੇ ਕੁੜੀਆਂ ਦੀ ਵੱਖ ਵੱਖ ਬਿਠਾ ਕੇ ਕੌਂਸਲਿੰਗ ਕੀਤੀ ਗਈ। ਇੰਨੇ ਚਿਰ ਨੂੰ ਕੁੜੀਆਂ ਦੇ ਮਾਪੇ ਵੀ ਆਣ ਪਹੁੰਚੇ, ਜੋ ਕਿ ਪਹਿਲੀ ਨਜ਼ਰੇ ਹੀ ਵੇਖਣ ਨੂੰ ਬੇਵੱਸ ਅਤੇ ਬੇਜ਼ਾਰ ਜਾਪ ਰਹੇ ਸਨ। ਲੜਕੀਆਂ ਦਾ ਬਾਪ ਘਰਾਂ ਵਿੱਚ ਗੈਸ ਸਿਲੰਡਰ ਤਕਸੀਮ ਕਰਨ ਦਾ ਕੰਮ ਕਰਦਾ ਸੀ। ਵਰ੍ਹਿਆਂ ਦੀ ਮਿਹਨਤ ਪਿੱਛੋਂ ਉਸ ਨੇ ਗੈਸ ਸਿਲੰਡਰਾਂ ਦੀ ਸਪਲਾਈ ਲਈ ਇਕ ਟੈਂਪੂ ਖ਼ਰੀਦਣ ਵਾਸਤੇ ਡੇਢ ਕੁ ਲੱਖ ਰੁਪਏ ਜੋੜ ਕੇ ਘਰ ਰੱਖੇ ਹੋਏ ਸਨ। ਜੋ ਕਿ ਉਸ ਦੀਆਂ ਧੀਆਂ ਘਰੋਂ ਭੱਜਣ ਵੇਲੇ ਨਾਲ ਲੈ ਗਈਆਂ ਅਤੇ ਸਾਰੇ ਪੈਸੇ ਘੁੰਮਣ ਫਿਰਨ ’ਤੇ ਖ਼ਰਚ ਕਰ ਦਿੱਤੇ। ਪਿਓ ਦੀ ਮੁਸ਼ੱਕਤ ਨਾਲ ਕਮਾਈ ਕਰ ਕੇ ਜੋੜੀ ਪੂੰਜੀ ਉੱਤੇ ਪਾਣੀ ਫਿਰ ਚੁੱਕਿਆ ਸੀ। ਮਾਪੇ ਰੋ ਰੋ ਕੇ ਹਾਲੋਂ ਬੇਹਾਲ ਸਨ ਤੇ ਰਿਪੋਰਟ ਵੀ ਉਨ੍ਹਾਂ ਵੱਲੋਂ ਹੀ ਦਰਜ ਕਰਵਾਈ ਗਈ ਸੀ।
ਦੋਵਾਂ ਮੁੰਡਿਆਂ ਦੀ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਉਹ ਵੱਖ ਵੱਖ ਥਾਵਾਂ ਦੇ ਰਹਿਣ ਵਾਲੇ ਸਨ ਅਤੇ ਕਿਸੇ ਦੁਕਾਨ ਅਤੇ ਵਰਕਸ਼ਾਪ ’ਤੇ ਮਜ਼ਦੂਰੀ ਕਰਦੇ ਸਨ। ਇੰਸਟਾਗ੍ਰਾਮ ’ਤੇ ਦੋਵੇਂ ਵੱਡੀਆਂ ਕੁੜੀਆਂ ਨਾਲ ਉਨ੍ਹਾਂ ਦੀ ਵਾਕਫ਼ੀਅਤ ਹੋਈ ਤੇ ਓਹ ਇਸ ਕੋਝੇ ਵਹਿਣ ਵਿੱਚ ਵਹਿ ਤੁਰੇ। ਮੁੰਡਿਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕੁੜੀਆਂ ਦੇ ਨਾਬਾਲਗ ਹੋਣ ਕਰਕੇ ਨਿਕਲਣ ਵਾਲੇ ਨਤੀਜਿਆਂ ਬਾਰੇ ਗਿਆਨ ਸੀ। ਇਸ ਲਈ ਉਨ੍ਹਾਂ ਘਰੋਂ ਭੱਜਣ ਤੋਂ ਇਨਕਾਰ ਵੀ ਕੀਤਾ ਸੀ ਅਤੇ ਬਾਲਗ ਹੋਣ ਉਪਰੰਤ ਵਿਆਹ ਕਰਵਾਉਣ ਦਾ ਵਾਅਦਾ ਵੀ ਕੀਤਾ। ਪਰ ਕੁੜੀਆਂ ਨੇ ਉਨ੍ਹਾਂ ਨੂੰ ਇਹ ਗ਼ਲਤ ਕਦਮ ਚੁੱਕਣ ਲਈ ਮਜਬੂਰ ਕੀਤਾ ਤੇ ਕਿਹਾ ਕਿ ਜੇ ਉਹ ਉਨ੍ਹਾਂ ਨੂੰ ਨਾਲ ਲੈ ਕੇ ਘਰੋਂ ਨਾ ਭੱਜੇ ਤਾਂ ਉਹ ਨਹਿਰ ਵਿੱਚ ਛਾਲ ਮਾਰ ਦੇਣਗੀਆਂ ਅਤੇ ਉਨ੍ਹਾਂ ਦਾ ਨਾਮ ਚਿੱਠੀ ’ਤੇ ਲਿਖ ਕੇ ਛੱਡ ਜਾਣਗੀਆਂ। ਇਹ ਗੱਲ ਕੁੜੀਆਂ ਨੇ ਵੀ ਸਾਡੇ ਸਾਹਮਣੇ ਇਕਬਾਲ ਕੀਤੀ ਕਿ ਮੁੰਡਿਆਂ ਦਾ ਕੋਈ ਕਸੂਰ ਨਹੀਂ ਤੇ ਉਨ੍ਹਾਂ ਹੀ ਮੁੰਡਿਆਂ ਨੂੰ ਘਰੋਂ ਭੱਜਣ ਲਈ ਮਜਬੂਰ ਕੀਤਾ ਸੀ। ਮਾਪਿਆਂ ਨੂੰ ਕੋਈ ਗੱਲ ਪਤਾ ਨਾ ਲੱਗੇ ਤਾਂ ਉਨ੍ਹਾਂ ਨੇ ਸਭ ਤੋਂ ਨਿੱਕੀ ਭੈਣ ਨੂੰ ਵੀ ਨਾਲ ਰਲਾ ਲਿਆ। ਦਿੱਲੀ, ਮਥੁਰਾ, ਸ਼ਿਮਲੇ ਅਤੇ ਕਈ ਥਾਵਾਂ ’ਤੇ ਘੁੰਮਦਿਆਂ ਜਦੋਂ ਮਨਾਲੀ ਜਾ ਕੇ ਪੈਸੇ ਮੁੱਕ ਗਏ ਤਾਂ ਮੁੰਡਿਆਂ ਨੇ ਆਪਣੀਆਂ ਕਿਡਨੀਆਂ ਵੇਚ ਕੇ ਪੈਸਿਆਂ ਦਾ ਜੁਗਾੜ ਕਰਨ ਬਾਰੇ ਵੀ ਸੋਚਿਆ ਪਰ ਉਹ ਸਫਲ ਨਾ ਹੋ ਸਕੇ ਅਤੇ ਫੜੇ ਗਏ। ਉਨ੍ਹਾਂ ਵਿਚੋਂ ਇਕ ਮੁੰਡਾ ਆਪਣੀ ਮਾਂ ਦੀ ਇਕਲੌਤੀ ਔਲਾਦ ਹੀ ਸੀ ਅਤੇ ਪਿਓ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਘਰ ਵਿੱਚ ਇਕੱਲੀ ਮਾਂ ਦਾ ਗੁਜ਼ਾਰਾ ਉਸ ਦੀ ਕਮਾਈ ’ਤੇ ਹੀ ਨਿਰਭਰ ਸੀ। ਮੁੰਡਿਆਂ ਦੀ ਹਾਲਤ ਤਰਸਯੋਗ ਸੀ ਕਿਉਂਕਿ ਉਨ੍ਹਾਂ ’ਤੇ ਪੋਕਸੋ ਅਤੇ ਬਲਾਤਕਾਰ ਵਰਗੀਆਂ ਸੰਗੀਨ ਧਰਾਵਾਂ ਤਹਿਤ ਪਰਚਾ ਦਰਜ ਹੋ ਚੁੱਕਿਆ ਸੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਦਾ ਜ਼ਿਆਦਾ ਹਿੱਸਾ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਗੁਜ਼ਾਰਨਾ ਪੈਣਾ ਸੀ।
ਕੁੜੀਆਂ ਭਾਵੇਂ ਜਨਮ ਸਬੂਤਾਂ ਤੋਂ ਨਾਬਾਲਗ ਸਨ ਅਤੇ ਬਾਲਗ ਹੋਣ ਦੇ ਨੇੜੇ ਹੀ ਸਨ ਪਰ ਗੱਲਾਂ ਵਿੱਚ ਸਾਨੂੰ ਵਾਰੇ ਨਹੀਂ ਸਨ ਆਉਣ ਦੇ ਰਹੀਆਂ। ਸੁਭਾਅ ਦੀਆਂ ਗੁਸੈਲੀਆਂ ਸਾਨੂੰ ਵਾਰ ਵਾਰ ਧਮਕੀਆਂ ਦੇ ਰਹੀਆਂ ਸਨ। ਅਸੀਂ ਬੜੀ ਮੁਸ਼ਕਲ ਨਾਲ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਸਾਂ। ਕੁੜੀਆਂ ਸਾਡੇ ਸਾਹਮਣੇ ਵੀ ਮੁੰਡਿਆਂ ਨਾਲ ਗ਼ੈਰ ਮਿਆਰੀ ਹਰਕਤਾਂ ਤੋਂ ਬਾਜ਼ ਨਹੀਂ ਸਨ ਆ ਰਹੀਆਂ। ਉਨ੍ਹਾਂ ਨਾਲ ਹੀ ਇਕੱਠੇ ਰਹਿਣ ’ਤੇ ਬਜ਼ਿੱਦ ਸਨ। ਉਹ ਆਪਣੇ ਮਾਪਿਆਂ ਨਾਲ ਜਾਣ ਤੋਂ ਸ਼ਰ੍ਹੇਆਮ ਇਨਕਾਰੀ ਸਨ ਅਤੇ ਆਪਣੇ ਮਾਪਿਆਂ ’ਤੇ ਵੀ ਕਈ ਤਰ੍ਹਾਂ ਦੀਆਂ ਤੋਹਮਤਾਂ ਲਗਾ ਰਹੀਆਂ ਸਨ। ਉਨ੍ਹਾਂ ਦੀ ਅਜਿਹੀ ਸ਼ਬਦਾਵਲੀ ਸੁਣ ਕੇ ਅਸੀਂ ਸਾਰੇ ਹੈਰਾਨ ਸਾਂ ਜੋ ਹਰ ਸੁਣਨ ਵਾਲੇ ਨੂੰ ਸਮਾਜ ਵਿੱਚ ਚੱਲ ਰਹੇ ਅਜਿਹੇ ਵਰਤਾਰੇ ਬਾਰੇ ਸੋਚਣ ਲਈ ਮਜਬੂਰ ਕਰ ਸਕਦੀ ਸੀ। ਮੈਂ ਮਨ ਨਾਲ ਵਿਚਾਰ ਕੀਤਾ ਕਿ ਜੇ ਇਹ ਤਿੰਨੋਂ ਇਕੱਠਿਆਂ ਰਹਿਣਗੀਆਂ ਤਾਂ ਨਤੀਜੇ ਘਾਤਕ ਨਿਕਲਣਗੇ। ਇਹ ਸੋਚ ਕੇ ਸਭ ਤੋਂ ਨਿੱਕੀ ਕੁੜੀ ਨੂੰ ਝੂਠ-ਸੱਚ ਬੋਲ ਕੇ ਤੇ ਮਾੜਾ-ਮੋਟਾ ਸਮਝਾ ਕੇ ਮਾਪਿਆਂ ਨਾਲ ਘਰ ਜਾਣ ਲਈ ਰਾਜ਼ੀ ਕਰ ਲਿਆ ਅਤੇ ਵੱਡੀਆਂ ਦੋਵਾਂ ਦੇ ਨਾਰੀ ਨਿਕੇਤਨ ਹੋਮ ਦੇ ਹੁਕਮ ਕਰ ਦਿੱਤੇ।
ਸਾਰੇ ਮਸਲੇ ਨੂੰ ਸੁਲਝਾਉਂਦਿਆਂ ਰਾਤ ਦਾ ਇੱਕ ਵੱਜ ਚੁੱਕਿਆ ਸੀ। ਮੈਂ ਸੋਚਾਂ ਦੇ ਡੂੰਘੇ ਵਹਿਣ ਵਿੱਚ ਡੁੱਬ ਚੁੱਕਿਆ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੁੰਡਿਆਂ ਤੇ ਕੁੜੀਆਂ ਵਿਚੋਂ ਕਿਸ ਨੇ ਕਿਸ ਦੀ ਜ਼ਿੰਦਗੀ ਬਰਬਾਦ ਕੀਤੀ। ਇਹ ਸੋਚਦਿਆਂ ਮੈਂ ਸੰਘਣੀ ਧੁੰਦ ਵਿਚ ਗੱਡੀ ਘਰ ਵੱਲ ਤੋਰ ਲਈ।
*ਮੈਂਬਰ ਜ਼ਿਲ੍ਹਾ ਬਾਲ ਭਲਾਈ ਕਮੇਟੀ।
ਸੰਪਰਕ: 97815-00050