ਨਿੱਜੀਕਰਨ ਦਾ ਬੋਲਬਾਲਾ
7 ਅਕਤੂਬਰ ਦੇ ਸਿੱਖਿਆ ਪੰਨੇ ’ਤੇ ਪ੍ਰਿੰ. ਗੁਰਦੀਪ ਸਿੰਘ ਢੁੱਡੀ ਦਾ ਲੇਖ ‘ਸਿੱਖਿਆ ਦੇ ਨਿੱਜੀਕਰਨ ਦੇ ਨਕਾਰਾਤਮਕ ਪ੍ਰਭਾਵ’ ਸੱਚ ਬਿਆਨਦਾ ਹੈ ਕਿ ਕਿਵੇਂ ਸਰਕਾਰ ਦੀਆਂ ਕੋਤਾਹੀਆਂ ਕਰ ਕੇ ਹਰ ਮਹਿਕਮੇ ਵਿਚ ਨਿੱਜੀਕਰਨ ਦਾ ਬੋਲਬਾਲਾ ਹੋ ਰਿਹਾ ਹੈ। ਸਿੱਖਿਆ, ਸਿਹਤ, ਬੈਂਕਾਂ, ਖਾਦ ਫੈਕਟਰੀਆਂ, ਪੈਟਰੋਲ, ਰੇਲਵੇ, ਸੜਕਾਂ, ਬੰਦਰਗਾਹਾਂ, ਸਟੇਡੀਅਮ, ਟਰਾਂਸਪੋਰਟ, ਹੋਟਲ ਅਤੇ ਖੰਡ ਮਿੱਲਾਂ ਆਦਿ ਇਨ੍ਹਾਂ ਵਿਚੋਂ ਕਈ ਮਹਿਕਮੇ ਪ੍ਰਾਈਵੇਟ ਹੱਥਾਂ ਵਿਚ ਜਾ ਚੁੱਕੇ ਹਨ, ਕੁਝ ਜਾਣ ਦੀ ਤਿਆਰੀ ਵਿਚ ਹਨ। ਭਾਵੇਂ ਸਰਕਾਰਾਂ ਦੇ ਨਿੱਜੀਕਰਨ ਦੇ ਫ਼ੈਸਲਿਆਂ ’ਤੇ ਲੋਕਾਂ ਦੀ ਪ੍ਰਤੀਕਿਰਿਆ ਵਿਰੋਧ ਵਾਲੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਸਰਕਾਰ ਆਪਣੀਆਂ ਕਮਜ਼ੋਰੀਆਂ ਲੁਕਾਉਣ ਲਈ ਦੇਸ਼ ਦੀ ਸੰਪਤੀ ਨੂੰ ਵੇਚਣ ਦੇ ਫ਼ੈਸਲੇ ਲੈ ਹੀ ਲੈਂਦੀ ਹੈ। ਨਿੱਜੀਕਰਨ ਨਾਲ ਸਾਡਾ ਦੇਸ਼ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਜਾਵੇਗਾ।
ਕਮਲਜੀਤ ਕੌਰ ਗੁੰਮਟੀ (ਬਰਨਾਲਾ)
ਸਿੱਖਿਆ ਦਾ ਨਿਜੀਕਰਨ
ਸਿੱਖਿਆ ਪੰਨੇ ਉਤੇ ਪ੍ਰਿੰ. ਗੁਰਦੀਪ ਸਿੰਘ ਢੁੱਡੀ ਦਾ ਲੇਖ ‘ਸਿੱਖਿਆ ਦੇ ਨਿੱਜੀਕਰਨ ਦੇ ਨਕਾਰਾਤਮਕ ਪ੍ਰਭਾਵ’ (7 ਅਕਤੂਬਰ) ਕਾਬਲੇ ਤਾਰੀਫ਼ ਹੈ। ਉਨ੍ਹਾਂ ਨਿੱਜੀਕਰਨ ਦੇ ਬੁਨਿਆਦੀ ਕਾਰਨਾਂ ਦੀ ਨਿਸ਼ਾਨਦੇਹੀ ਵਧੀਆ ਕੀਤੀ ਹੈ ਤੇ ਮਾੜੇ ਪ੍ਰਭਾਵਾਂ ਨੂੰ ਵੀ ਸਹੀ ਟਿਕਿਆ ਹੈ। ਸਿੱਖਿਆ ਨੀਤੀਆਂ ਬਾਰੇ ਕਿਤੇ ਕੋਈ ਟਿੱਪਣੀ/ਵਿਸਲੇਸ਼ਣ ਇਸ ਲੇਖ ਵਿਚ ਪੇਸ਼ ਕਰ ਦਿੰਦੇ ਤਾਂ ਹੋਰ ਵੱਧ ਸਾਰਥਿਕ ਹੋ ਜਾਣਾ ਸੀ।
ਡਾ. ਅਜੀਤਪਾਲ ਸਿੰਘ ਐੱਮਡੀ
ਪੰਜ ਸੌ ਤਾਂ ਦੇਣਾ
6 ਅਕਤੂਬਰ ਦਾ ਦਰਸ਼ਨ ਸਿੰਘ ਭੰਮੇ ਦਾ ਮਿਡਲ ‘ਬਾਈ ਪੰਜ ਸੌ ਤਾਂ ਦੇਣਾ’ ਵਿਚ ਲੇਖਕ ਨੇ ਵਧੀਆ ਤਰੀਕੇ ਨਾਲ ਸਮਾਜ ਵਿਚ ਰਹਿੰਦੇ ਉਨ੍ਹਾਂ ਲੋਕਾਂ ਦੀ ਗੱਲ ਕੀਤੀ, ਜੋ ਕਿਸੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣ ਨਹੀਂ, ਸਗੋਂ ਸਿਰਫ਼ ਆਪਣਾ ਢਿੱਡ ਭਰਨ ਲਈ ਹੀ ਜਾਂਦੇ ਹਨ। ਨਾਲ ਲੇਗੜ-ਤੇਗੜ ਵੀ ਖਿੱਚ ਲੈਂਦੇ ਹਨ, ਬਈ ਸ਼ਗਨ ਤਾਂ ਉਹੀ ਦੇਣਾ ਖਾ ਪੀ ਪੀ ਤਾਂ ਆਉ, ਫੇਰ ਭਾਵੇਂ ਦੁੱਗਣੇ-ਤਿੱਗਣੇ ਡਾਕਟਰ ਨੂੰ ਹੀ ਦੇਣੇ ਪੈਣ।
ਗੁਰਸੇਵਕ ਸਿੰਘ ਬੀੜ, ਲਖਵਿੰਦਰ ਸ਼ਰੀਂਹ ਵਾਲਾ
ਮਹਿੰਗਾ ਰਾਵਣ
ਇਹ ਮੁਹਾਵਰਾ ਬਹੁਤ ਵਾਰੀ ਸੁਣਿਆ ਸੀ ਪਰ ਇਸ ਨੂੰ 6 ਅਕਤੂਬਰ ਦੇ ਖ਼ਬਰਨਾਮਾ ਪੰਨੇ ਦੀ ਖ਼ਬਰ ‘ਬਰਾੜਾ ਵਿਚ ਸਾੜਿਆ ਗਿਆ ਸਭ ਤੋਂ ਮਹਿੰਗਾ ਰਾਵਣ ਦਾ ਪੁਤਲਾ’ ਪੜ੍ਹ ਕੇ ਸਾਕਾਰ ਵੀ ਵੇਖ ਲਿਆ। ਹੈਰਾਨੀ ਹੋਈ ਕਿ ਚਾਰ ਵੇਦਾਂ ਦੇ ਗਿਆਤਾ ਦੀ ਬੇਇਜ਼ਤੀ ਕਰਨ ਲਈ ਲੱਖਾਂ ਦੇ ਨੋਟਾਂ ਨੂੰ ਭੰਗ ਦੇ ਭਾੜੇ ਰੋੜ੍ਹ ਦਿੱਤਾ ਗਿਆ। ਕੀ ਇਹ ਰਕਮ ਕਿਸੇ ਗ਼ਰੀਬ ਦੀ ਮਦਦ ਲਈ ਨਹੀਂ ਵਰਤੀ ਜਾ ਸਕਦੀ ਸੀ।
ਡਾ. ਤਰਲੋਚਨ ਕੌਰ, ਪਟਿਆਲਾ
ਪਹੁ ਫੁਟਾਲਾ
3 ਅਕਤੂਬਰ ਨੂੰ ਰਾਮ ਸਵਰਨ ਲੱਖੇਵਾਲੀ ਦਾ ਲੇਖ ‘ਪਹੁ ਫੁਟਾਲਾ’ ਵਧੀਆ ਸੀ ਜਿਸ ਵਿਚ ਪੰਜਾਬ ਅੰਦਰ ਮੁਫ਼ਤਖੋਰੀ ’ਤੇ ਤਿੱਖਾ ਵਿਅੰਗ ਹੈ ਕਿਉਂਕਿ ਹਰ ਇਕ ਰਾਜਨੀਤਕ ਪਾਰਟੀ ਨੇ ਲੋਕਾਂ ਨੂੰ ਮੁਫ਼ਤ ਦੀਆਂ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਪੂਰਾ ਕਰਨ ਲਈ ਸਰਕਾਰੀ ਖ਼ਜ਼ਾਨੇ ਨੂੰ ਵਰਤਿਆ ਜਾਂਦਾ ਹੈ ਜੋ ਕਿ ਆਉਣ ਵਾਲੇ ਸਮੇਂ ਲਈ ਚੰਗੇ ਸੰਕੇਤ ਨਹੀਂ ਹਨ। ਇਸ ਤਰ੍ਹਾਂ ਦਾ ਅਸੀਂ ਆਪਣੇ ਲੋਕਾਂ ਨੂੰ ਭਿਖਾਰੀ ਬਣਾ ਰਹੇ ਹਾਂ। ਉਨ੍ਹਾਂ ਅੰਦਰ ਮੁਫ਼ਤਖੋਰੀ ਦੀ ਆਦਤ ਵਧ ਰਹੀ ਹੈ। ਮੁਫ਼ਤ ਦੀਆਂ ਸਹੂਲਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੇਰੁਜ਼ਗਾਰੀ ਵੱਲ ਧੱਕ ਰਹੀਆਂ ਤੇ ਵਿਕਾਸ ਦੇ ਰਾਹ ਵਿਚ ਰੋੜਾ ਹਨ।
ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ
(2)
ਰਾਮ ਸਵਰਨ ਲੱਖੇਵਾਲੀ ਦਾ ‘ਪਹੁ ਫੁਟਾਲਾ’ ਪੜ੍ਹਿਆ। ਵਾਕਈ ਸਰਕਾਰਾਂ ਨੇ ਲੋਕਾਂ ਨੂੰ ਮੁਫ਼ਤ ਦੇ ਨਾਂ ’ਤੇ ਅਪਾਹਜ ਬਣਾ ਕੇ ਰੱਖ ਦਿੱਤਾ ਹੈ। ਹਰ ਕੋਈ ਪੜ੍ਹਿਆ, ਕੀ ਅਨਪੜ੍ਹ ਇਨ੍ਹਾਂ ਦੇ ਲਾਲਚਾਂ ਵਿਚ ਬੁਰੀ ਤਰ੍ਹਾਂ ਗ੍ਰਸਤ ਹੋ ਚੁੱਕਾ ਹੈ। ਇਸ ਵਿਚਲੀ ਕਿਸਾਨ ਬੀਬੀ ਨੇ ਕਮਾਲ ਕਰ ਦਿੱਤੀ। ਇਕ ਆਸ ਦੀ ਕਿਰਨ ਜਗਾਈ। ਕਾਸ਼! ਸਾਡੀ ਸਭ ਦੀ ਸੋਚ ਅਜਿਹੀ ਹੋ ਜਾਵੇ।
ਰਣਜੀਤ ਕੌਰ, ਲੁਧਿਆਣਾ
ਸਬਰ ਦਾ ਫਲ
ਮਨਦੀਪ ਕੌਰ ਬਰਾੜ ਦਾ ਮਿਡਲ ‘ਸਬਰ ਦਾ ਫ਼ਲ’ (29 ਸਤੰਬਰ) ਵਧੀਆ ਲੱਗਾ ਕਿ ਵਿਅਕਤੀ ਨੂੰ ਮੁਸ਼ਕਿਲਾਂ ਵਿਚ ਨਾ ਘਬਰਾ ਕੇ ਹਿੰਮਤ ਨਾਲ ਰੱਬ ਦਾ ਭਾਣਾ ਮੰਨਦੇ ਹੋਏ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਕਿਉਂਕਿ ਸਮਾਂ ਪਾ ਕੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਮਨ ਭਗਤੀ ਕਰਨ ਨਾਲ ਕਦੇ ਡੋਲਦਾ ਨਹੀਂ।
ਨਵਜੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)
ਕਰਮਯੋਗੀ
ਪ੍ਰਿੰ. ਵਿਜੈ ਕੁਮਾਰ ਦੀ ਰਚਨਾ ‘ਕਰਮਯੋਗੀ (30 ਸਤੰਬਰ) ਵਿਚ ਇਕ ਅਜਿਹੇ ਅਧਿਆਪਕ ਦੀ ਜੀਵਨੀ ਦੱਸੀ ਜਿਹੜਾ ਬੱਚਿਆਂ ਲਈ ਆਪਣਾ ਜੀਵਨ ਕੁਰਬਾਨ ਕਰ ਰਿਹਾ ਹੈ। ਅਧਿਆਪਕਾਂ ਨੂੰ ਦੇਖ ਕੇ ਹੀ ਬੱਚੇ ਗੁਣ ਅਪਣਾਉਂਦੇ ਹਨ ਜਿਵੇਂ ਰਚਨਾ ਵਿਚ ਅਧਿਆਪਕ ਕੰਮ ਕਰਕੇ ਦਿਖਾਵਾ ਨਹੀਂ ਚਾਹੁੰਦਾ, ਕਿਸੇ ਵੀ ਕੰਮ ਨੂੰ ਛੋਟਾ ਵੱਡਾ ਨਾ ਸਮਝਦਾ ਹੋਇਆ ਕੰਮ ਨੂੰ ਹੀ ਪੂਜਾ ਮੰਨਦਾ ਹੈ, ਆਪਣੀ ਵਡਿਆਈ ਸੁਣ ਕੇ ਖੁਸ਼ ਨਾ ਹੋਣਾ, ਸਹੀ ਨੂੰ ਸਹੀ ਅਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਹਿੰਮਤ ਰੱਖਦਾ ਹੋਇਆ ਗੁਣ ਵਿਲੱਖਣਤਾ ਵਾਲੇ ਹਨ।
ਹਰਪ੍ਰੀਤ ਸਿੰਘ, ਝੁਨੇਰ (ਮਾਲੇਰਕੋਟਲਾ)
ਮੁਫ਼ਤਖ਼ੋਰੀ
29 ਸਤੰਬਰ ਨੂੰ ‘ਜਵਾਂ ਤਰੰਗ’ ਪੰਨੇ ’ਤੇ ਅਮਨਿੰਦਰ ਸਿੰਘ ਕੁਠਾਲਾ ਦੇ ਲੇਖ ‘ਮੁਫ਼ਤਖ਼ੋਰੀ ਨਹੀਂ, ਸਿਹਤ ਤੇ ਸਿੱਖਿਆ ਜ਼ਰੂਰੀ’ ਰਾਜਨੀਤਕ ਤੰਤਰ ਵੱਲੋਂ ਵੋਟ ਬੈਂਕ ਖਾਤਰ ਗ਼ੁਰਬਤ ਦੀ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਨਾਲ ਕੀਤੇ ਲੋਕ ਲੁਭਾਉਣੇ ਵਾਅਦਿਆਂ ਦਾ ਵਿਅੰਗਾਤਮਕ ਵਿਸ਼ਲੇਸ਼ਣ ਸੀ। ਲੇਖਕ ਨੇ ਸਿਹਤ ਤੇ ਸਿੱਖਿਆ ਦੇ ਦੋ ਥੰਮ੍ਹਾਂ ਉੱਪਰ ਜੀਵਨ ਦੀ ਨੀਂਹ ਰੱਖਣ ਦੀ ਸਹੀ ਪ੍ਰੋੜ੍ਹਤਾ ਕੀਤੀ ਹੈ। ਆਸ ਹੈ ਕਿ ਨੌਜਵਾਨ ਕਲਮਾਂ ਵਿਚੋਂ ਅਜਿਹੇ ਵਿਚਾਰ ਹਮੇਸ਼ਾਂ ਹੀ ਪਨਪਦੇ ਰਹਿਣਗੇ ਅਤੇ ਪੰਜਾਬ ਦੀ ਅਵਾਮ ਨੂੰ ਆਪਣੇ ਜਮਹੂਰੀ ਹੱਕਾਂ ਪ੍ਰਤੀ ਜਾਗਰੂਕ ਅਤੇ ਅਗਵਾਈ ਦਿੰਦੇ ਰਹਿਣਗੇ।
ਪਰਵਿੰਦਰ ਸਿੰਘ ਕੁਠਾਲਾ, ਬਰਨਾਲਾ