ਦੇਵਿੰਦਰ ਸਿੰਘ ਜੱਗੀ
ਪਾਇਲ, 12 ਮਾਰਚ
ਭਾਵੇਂ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਦੇ ਮੁੱਖ ਮੰਤਰੀ ਅਤੇ ਵਿਧਾਇਕਾਂ ਵੱਲੋਂ ਅਜੇ ਸਹੁੰ ਚੁੱਕ ਸਮਾਗਮ ਹੋਣਾ ਬਾਕੀ ਹੈ ਪਰ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਲੋਕਾਂ ਨਾਲ ਕੀਤੇ ਸਿਹਤ ਸਹੂਲਤਾਂ ਦੇ ਵਾਅਦਿਆਂ ਨੂੰ ਪੂਰਾ ਕਰਨ ਦੇ ਮੰਤਵ ਨਾਲ ਸਿਵਲ ਹਸਪਤਾਲ ਪਾਇਲ ਦਾ ਦੌਰਾ ਕੀਤਾ। ਉਨ੍ਹਾਂ ਡਾਕਟਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਹਸਪਤਾਲ ਨੂੰ ਰੈਫਰ ਕੇਂਦਰ ਨਾ ਬਣਾ ਕੇ ਲੋਕਾਂ ਨੂੰ ਦਵਾਈਆਂ, ਟੈਸਟ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਅੰਦਰ ਦਵਾਈਆਂ, ਔਜ਼ਾਰ ਜਾਂ ਕਿਸੇ ਵੀ ਕਿਸਮ ਦੀਆਂ ਟੈਸਟ, ਐਕਸ-ਰੇ ਮਸ਼ੀਨਾਂ ਜਾਂ ਸਟਾਫ ਦੀ ਘਾਟ ਹੈ ਤਾਂ ਦੱਸਿਆ ਜਾਵੇ। ਗਿਆਸਪੁਰਾ ਨੇ ਬੜੀ ਹੀ ਨਿਮਰਤਾ ਨਾਲ ਹੱਥ ਜੋੜਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਸਪਤਾਲ ਦੇ ਅਮਲੇ ’ਤੇ ਕੋਈ ਦਬਾਅ ਨਹੀਂ ਹੋਵੇਗਾ ਪਰ ਡਿਊਟੀ ਵਿੱਚ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ।
ਜ਼ੀਰਾ (ਹਰਮੇਸ਼ਪਾਲ ਨੀਲੇਵਾਲ): ਇੱਥੋਂ ਆਮ ਆਦਮੀ ਪਾਰਟੀ ਦੇ ਨਵ-ਨਿਯੁਕਤ ਵਿਧਾਇਕ ਨਰੇਸ਼ ਕਟਾਰੀਆ ਨੇ ਸਿਵਲ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੇ ਵਿਧਾਇਕ ਨੂੰ ਦੱਸਿਆ ਕਿ ਸਫ਼ਾਈ ਪੱਖੋਂ ਹਸਪਤਾਲ ਦਾ ਮਾੜਾ ਹਾਲ ਹੈ, ਬੈੱਡਾਂ ’ਤੇ ਵਿਛੀਆਂ ਚਾਦਰਾਂ ਸਾਫ਼ ਨਹੀਂ ਅਤੇ ਕੰਧਾਂ ’ਤੇ ਵੀ ਜਾਲੇ ਲੱਗੇ ਹੋਏ ਹਨ। ਮਰੀਜ਼ਾਂ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਮੋਟੇ ਕਮਿਸ਼ਨ ਵਾਲੀਆਂ ਦਵਾਈਆਂ ਬਾਹਰਲੇ ਮੈਡੀਕਲ ਸਟੋਰਾਂ ਤੋਂ ਲਿਖ ਕੇ ਮੰਗਵਾਈਆਂ ਜਾਂਦੀਆਂ ਹਨ, ਜਦਕਿ ਹਸਪਤਾਲ ਵਿੱਚੋਂ ਨਾਮਾਤਰ ਦਵਾਈਆਂ ਹੀ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਜੇਕਰ ਕੋਈ ਐਮਰਜੈਂਸੀ ਆ ਜਾਵੇ ਤਾਂ ਮਰੀਜ਼ਾਂ ਨੂੰ ਫਰੀਦਕੋਟ, ਮੋਗਾ ਅਤੇ ਲੁਧਿਆਣਾ ਲਈ ਰੈਫ਼ਰ ਕਰ ਦਿੱਤਾ ਜਾਂਦਾ ਹੈ। ਵਿਧਾਇਕ ਕਟਾਰੀਆ ਨੇ ਕਿਹਾ ਕਿ ਸਰਕਾਰੀ ਹਸਪਤਾਲ ਲੋੜਵੰਦ ਲੋਕਾਂ ਲਈ ਬਣਾਏ ਗਏ ਹਨ। ਉਨ੍ਹਾਂ ਮੁਲਾਜ਼ਮਾਂ ਨੂੰ ਹਸਪਤਾਲ ਵਿੱਚ ਲੋੜੀਂਦੇ ਸਾਜ਼ੋ-ਸਮਾਨ ਦੀ ਇੱਕ ਸੂਚੀ ਬਣਾ ਕੇ ਦੇਣ ਲਈ ਕਿਹਾ ਤਾਂ ਕਿ ਹਸਪਤਾਲ ਵਿੱਚ ਸਿਹਤ ਸਹੂਲਤਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਮਲੋਟ (ਨਿੱਜੀ ਪੱਤਰ ਪ੍ਰੇਰਕ): ਅੱਜ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਮੁੱਖ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਡਾ. ਬਲਜੀਤ ਕੌਰ ਨੇ ਹਦਾਇਤ ਕੀਤੀ ਕਿ ਜੇਕਰ ਆਮ ਲੋਕਾਂ ਨੂੰ ਮੁਸ਼ਕਲ ਸਬੰਧੀ ਕੋਈ ਵੀ ਸ਼ਿਕਾਇਤ ਮਿਲੀ ਤਾਂ ਉਹ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਵਿਧਾਇਕਾ ਨੇ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।
ਗੱਜਣਮਾਜਰਾ ਵੱਲੋਂ ਐੱਮਐੱਮਓ ਨਾਲ ਮੁਲਾਕਾਤ
ਅਮਰਗੜ੍ਹ (ਰਾਜਿੰਦਰ ਜੈਦਕਾ): ਇੱਥੋਂ ‘ਆਪ’ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਐੱਸਐੱਮਓ ਡਾ. ਸੰਜੇ ਗੋਇਲ ਨਾਲ ਗੱਲਬਾਤ ਕਰਕੇ ਹਸਪਤਾਲ ਦੀਆਂ ਘਾਟਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸ੍ਰੀ ਗੱਜਣਮਾਜਰਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਹਸਪਤਾਲ ਦੀਆਂ ਘਾਟਾਂ ਪੂਰੀਆਂ ਕੀਤੀਆਂ ਜਾਣਗੀਆਂ, ਇਸ ਦੇ ਬਾਵਜੂਦ ਜੇ ਫਿਰ ਵੀ ਕੋਈ ਮੁਲਾਜ਼ਮ ਆਪਣੀ ਡਿਊਟੀ ਵਿੱਚ ਕੁਤਾਹੀ ਕਰਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਯਕੀਨ ਦਿਵਾਇਆ ਕਿ ਇਸ ਹਸਪਤਾਲ ਨੂੰ ਅਮਰਗੜ੍ਹ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਪੂਰੀਆਂ ਕਰਨ ਦੇ ਸਮਰੱਥ ਬਣਾਇਆ ਜਾਵੇਗਾ। ਇਸ ਮੌਕੇ ਐੱਸਐੱਮਓ ਡਾ. ਸੰਜੇ ਗੋਇਲ ਨੇ ਕਿਹਾ ਕਿ ਕਮਿਊਨਿਟੀ ਹੈਲਥ ਸੈਂਟਰ ਨੂੰ ਸਬ-ਡਵੀਜ਼ਨ ਦਾ ਹਸਪਤਾਲ ਬਣਾਉਣ ਲਈ ਲੋੜੀਂਦਾ ਸਟਾਫ਼ ਤੇ ਜ਼ਰੂਰਤਾਂ ਬਾਰੇ ਉੱਚ ਅਧਿਆਕਾਰੀਆਂ ਨੂੰ ਲਿਖਤੀ ਭੇਜਿਆ ਗਿਆ ਹੈ।
ਵਿਧਾਇਕ ਬੱਗਾ ਵੱਲੋਂ ਬੁੱਢੇ ਨਾਲੇ ਦਾ ਦੌਰਾ
ਲੁਧਿਆਣਾ (ਗਗਨਦੀਪ ਅਰੋੜਾ): ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਹਲਕਾ ਉੱਤਰੀ ਤੋਂ ਨਵੇਂ ਚੁਣੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਬੁੱਢੇ ਨਾਲੇ ਦਾ ਦੌਰਾ ਕੀਤਾ। ਇਸ ਤਰ੍ਹਾਂ ਦੱਖਣੀ ਹਲਕੇ ਤੋਂ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਵੀ ਨਗਰ ਨਿਗਮ ਜ਼ੋਨ-ਸੀ ਦੇ ਅਧਿਕਾਰੀਆਂ ਨਾਲ ਇਲਾਕੇ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਸ੍ਰੀ ਬੱਗਾ ਨੇ ਗੰਦੇ ਨਾਲੇ ਦੀ ਸਫ਼ਾਈ ਦਾ ਪ੍ਰਬੰਧ ਤੇ ਇਸ ’ਚ ਸੁਧਾਰ ਕਰ ਨਾਲੇ ਦੇ ਆਸ-ਪਾਸ ਗ੍ਰੀਨ ਬੈਲਟ ਬਣਾਉਣ ਦੇ ਹੁਕਮ ਦਿੱਤੇ। ਇਸੇ ਤਰ੍ਹਾਂ ਹੈਬੋਵਾਲ ਮੁੱਖ ਸੜਕ ਸਮੇਤ ਹੋਰ ਸੜਕਾਂ ਦਾ ਜਾਇਜ਼ਾ ਲੈ ਕੇ ਵਰਤੀ ਜਾ ਰਹੀ ਘਟੀਆ ਸਮੱਗਰੀ ਕਾਰਨ ਕੰਮ ਬੰਦ ਕਰਨ ਦੇ ਹੁਕਮ ਕੀਤੇ ਅਤੇ ਸਬੰਧਤ ਅਧਿਕਾਰੀ ਨੂੰ ਤਲਬ ਕੀਤਾ ਹੈ।