ਮਨਦੀਪ ਸਿੰਘ ਸਿੱਧੂ
ਜਗਦੇਵ ਉਰਫ਼ ਜਗਦੇਵ ਭਾਂਬਰੀ ਦੀ ਪੈਦਾਇਸ਼ ਅੰਬਾਲਾ ਦੇ ਪੰਜਾਬੀ ਖੱਤਰੀ ਪਰਿਵਾਰ ਵਿੱਚ ਹੋਈ। ਜਗਦੇਵ ਨੇ 1949 ਵਿੱਚ ਅੰਬਾਲਾ (ਪੰਜਾਬ) ਤੋਂ ਗ੍ਰੈਜੂਏਸ਼ਨ ਕੀਤੀ। ਫਿਰ ਫ਼ਿਲਮਾਂ ਨਾਲ ਦਿਲਚਸਪੀ ਦੇ ਚੱਲਦਿਆਂ ਬੰਬਈ ਦਾ ਰੁਖ਼ ਕੀਤਾ। ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਆਰੰਭਿਕ ਦੌਰ ਵਿੱਚ ਉਨ੍ਹਾਂ ਨੇ ਪਹਿਲਾਂ ਜਗਦੇਵ ਤੇ ਫਿਰ ਜਗਦੇਵ ਭਾਂਬਰੀ ਦੇ ਨਾਮ ਨਾਲ ਪਹਿਲਾਂ ਹੀਰੋ, ਸਹਾਇਕ ਹੀਰੋ ਫਿਰ ਖ਼ਲਨਾਇਕ ਤੇ ਬਾਅਦ ਵਿੱਚ ਹਿਦਾਇਤਕਾਰ, ਫ਼ਿਲਮਸਾਜ਼ ਤੇ ਕਹਾਣੀਨਵੀਸ ਦੇ ਫ਼ਰਜ਼ ਨਿਭਾਏ।
ਜਗਦੇਵ ਦੀ ਪਹਿਲੀ ਫ਼ਿਲਮੀਂ ਕ੍ਰਿਤ 1951 ਵਿੱਚ ਪਾਲ ਜ਼ਿਲਸ ਦੁਆਰਾ ਬਣਾਈ ਗਈ ਵਪਾਰਕ ਲਘੂ ਫ਼ਿਲਮ ਸੀ। ਉਸ ਤੋਂ ਬਾਅਦ ਜਦੋਂ ਪਾਲ ਜ਼ਿਲਸ ਨੇ ਆਪਣੇ ਫ਼ਿਲਮਸਾਜ਼ ਅਦਾਰੇ ਆਰਟ ਫ਼ਿਲਮਜ਼ ਆਫ਼ ਏਸ਼ੀਆ ਲਿਮਟਿਡ, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਰਬਿੰਦਰ ਨਾਥ ਟੈਗੋਰ ਦੇ ਬੰਗਾਲੀ ਨਾਵਲ ‘ਫੋਰ ਚੈਪਟਰਸ’ ’ਤੇ ਆਧਾਰਿਤ ਹਿੰਦੀ ਫ਼ਿਲਮ ‘ਜ਼ਲਜ਼ਲਾ’ (1952) ਬਣਾਈ ਤਾਂ ਜਗਦੇਵ ਭਾਂਬਰੀ ਨੂੰ ਜਗਦੇਵ ਦੇ ਨਾਮ ਨਾਲ ਸਹਾਇਕ ਅਦਾਕਾਰ ਵਜੋਂ ਮੁਤਆਰਿਫ਼ ਕਰਵਾਇਆ। ਫ਼ਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਦੇਵ ਆਨੰਦ ਤੇ ਗੀਤਾ ਬਾਲੀ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਡੀ. ਡੀ. ਕਸ਼ਯਪ ਦੇ ਫ਼ਿਲਮਸਾਜ਼ ਅਦਾਰੇ ਕਸ਼ਯਪ ਪ੍ਰੋਡਕਸ਼ਨਜ਼, ਬੰਬੇ ਦੀ ਡੀ. ਡੀ. ਕਸ਼ਯਪ ਨਿਰਦੇਸ਼ਿਤ ਫ਼ਿਲਮ ‘ਨਯਾ ਘਰ’ (1953) ’ਚ ਜਗਦੇਵ ਨੇ ਫ਼ਿਲਮ ਦੇ ਹੀਰੋ ਸ਼ੇਖਰ ਦੇ ਦੋਸਤ ਦਾ ਪਾਰਟ ਅਦਾ ਕੀਤਾ, ਜਿਸ ਦੇ ਰੂਬਰੂ ਅਦਾਕਾਰਾ ਬੇਗਮਪਾਰਾ ਕੰਮ ਕਰ ਰਹੀ ਸੀ। ਕੇਦਾਰ ਸ਼ਰਮਾ ਦੇ ਫ਼ਿਲਮਸਾਜ਼ ਅਦਾਰੇ ਅੰਬੀਸ਼ਸ ਪਿਕਚਰਜ਼, ਬੰਬੇ ਦੀ ਕੇਦਾਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਗੁਨਾਹ’ (1953) ’ਚ ਜਗਦੇਵ ਨੇ ਸਹਾਇਕ ਭੂਮਿਕਾ ਨਿਭਾਈ। ਪਰ ਜਿਸ ਫ਼ਿਲਮ ਨਾਲ ਜਗਦੇਵ ਫ਼ਿਲਮਕਾਰਾਂ ਦੀ ਅੱਖਾਂ ਦਾ ਮਰਕਜ਼ ਬਣੇ ਉਹ ਸੀ ਚੰਦਰ ਕਾਂਤ ਸੀ. ਦੇਸਾਈ ਦੇ ਫ਼ਿਲਮਸਾਜ਼ ਅਦਾਰੇ ਚੰਦਰ ਫ਼ਿਲਮਜ਼, ਬੰਬੇ ਦੀ ਰਾਜ ਖੋਸਲਾ ਨਿਰਦੇਸ਼ਿਤ ਫ਼ਿਲਮ ‘ਸੋਲ੍ਹਵਾਂ ਸਾਲ’ (1958)। ਵੈਸੇ ਤਾਂ ਇਸ ਫ਼ਿਲਮ ਦੇ ਮੁੱਖ ਹੀਰੋ ਦੇਵ ਆਨੰਦ (ਪ੍ਰਾਣਨਾਥ) ਸਨ ਤੇ ਹੀਰੋਇਨ ਵਹੀਦਾ ਰਹਿਮਾਨ (ਲਾਜ), ਪਰ ਫ਼ਿਲਮ ਦੀ ਸ਼ੁਰੂਆਤ ਵਿੱਚ ਜਗਦੇਵ ਉਸ ਦੇ ਧੋਖੇਬਾਜ਼ ਪ੍ਰੇਮੀ ‘ਸ਼ਿਆਮ’ ਦੇ ਰੂਪ ਵਿੱਚ ਆਉਂਦੇ ਹਨ। ਸਚਿਨ ਦੇਵ ਬਰਮਨ ਦੇ ਸੰਗੀਤ ਵਿੱਚ ਮਜਰੂਹ ਸੁਲਤਾਨਪੁਰੀ ਦਾ ਲਿਖਿਆ ਤੇ ਵਹੀਦਾ ਰਹਿਮਾਨ (ਨਾਲ ਜਗਦੇਵ) ’ਤੇ ਫ਼ਿਲਮਾਇਆ ਗੀਤ ‘ਯੇ ਭੀ ਕੋਈ ਰੂਠਨੇ ਕਾ ਮੌਸਮ ਹੈ ਦੀਵਾਨੇ’ (ਆਸ਼ਾ ਭੌਸਲੇ) ਤੋਂ ਇਲਾਵਾ ਬੇਹੱਦ ਮਕਬੂਲ ਗੀਤ ‘ਹੈ ਅਪਨਾ ਦਿਲ ਤੋ ਆਵਾਰ ਨਾ ਜਾਨੇ ਕਿਸ ਪੇ ਆਏਗਾ’ (ਹੇਮੰਤ ਕੁਮਾਰ) ਦੇ ਪਸਮੰਜ਼ਰ ਵਿੱਚ ਦੇਵ ਆਨੰਦ, ਸੁੰਦਰ ਦੇ ਨਾਲ ਜਗਦੇਵ ਤੇ ਵਹੀਦਾ ਰਹਿਮਾਨ ਵੀ ਮੌਜੂਦ ਹਨ। ਹਿਦਾਇਤਕਾਰ ਮੋਹਨ ਸਹਿਗਲ ਦੀ ਮਜ਼ਾਹੀਆ ਫ਼ਿਲਮ ‘ਅਪਨਾ ਹਾਥ ਜਗਨਨਾਥ’ (1960) ’ਚ ਜਗਦੇਵ ਨੇ ‘ਵੈੱਲਫੇਅਰ ਅਫ਼ਸਰ’ ਦਾ ਰੋਲ ਕੀਤਾ।
ਬਤੌਰ ਫ਼ਿਲਮਸਾਜ਼ ਤੇ ਹਿਦਾਇਤਕਾਰ ਜਗਦੇਵ ਭਾਂਬਰੀ ਦੇ ਫ਼ਿਲਮਸਾਜ਼ ਅਦਾਰੇ ਹਰਿੰਤਰਾਜ ਫ਼ਿਲਮਜ਼, ਬੰਬੇ ਦੀ ਪਹਿਲੀ ਫ਼ਿਲਮ ‘ਘਰ ਕਾ ਚਿਰਾਗ਼’ (1967) ਸੀ। ਇਸ ਫ਼ਿਲਮ ਵਿੱਚ ਜਿੱਥੇ ਉਸ ਨੇ ਸਹਾਇਕ ਕਿਰਦਾਰ ਨਿਭਾਇਆ ਉੱਥੇ ਉਸ ਨੇ ਬਲਰਾਜ ਸਾਹਨੀ, ਵਹੀਦਾ ਰਹਿਮਾਨ, ਦੇਵ ਕੁਮਾਰ, ਬਿਸਵਜੀਤ, ਜਬੀਨ ਤੋਂ ਵੀ ਆਪਣੀ ਹਿਦਾਇਤ ’ਚ ਕੰਮ ਕਰਵਾਇਆ। ਜਗਦੇਵ ਭਾਂਬਰੀ ਦੇ ਫ਼ਿਲਮਸਾਜ਼ ਅਦਾਰੇ ਦੀ ਦੂਜੀ ਫ਼ਿਲਮ ਜਗਦੇਵ ਭਾਂਬਰੀ ਨਿਰਦੇਸ਼ਿਤ ‘ਮਾਂ ਕਾ ਆਂਚਲ’
(1970) ਸੀ। ਫ਼ਿਲਮ ’ਚ ਜਗਦੇਵ ਨੇ ‘ਜੱਗੂ’ ਨਾਮੀ ਨਕਾਰਾਤਮਕ ਪਾਤਰ ਅਦਾ ਕੀਤਾ ਜਦੋਂਕਿ ਮਰਕਜ਼ੀ ਕਿਰਦਾਰ ਵਿੱਚ ਸੰਜੀਵ ਕੁਮਾਰ ਤੇ ਅੰਜਨਾ ਮੌਜੂਦ ਸਨ। ਜਗਦੇਵ ਭਾਂਬਰੀ ਦੀ ਹਿਦਾਇਤਕਾਰ ਵਜੋਂ ਤੀਜੀ ਫ਼ਿਲਮ ਹੇਮਾ ਮਾਲਿਨੀ ਦੇ ਫ਼ਿਲਮਸਾਜ਼ ਅਦਾਰੇ ਹੇਮਾ ਫ਼ਿਲਮਜ਼, ਬੰਬੇ ਦੀ ‘ਸ਼ਰਾਫ਼ਤ ਛੋੜ ਦੀ ਮੈਨੇ’ (1976)
ਸੀ। ਫ਼ਿਲਮ ’ਚ ਹੇਮਾ ਮਾਲਿਨੀ ਤੇ ਫ਼ਿਰੋਜ਼ ਖ਼ਾਨ ਦੀ ਜੋੜੀ ਤੋਂ ਇਲਾਵਾ ਜਗਦੇਵ ਭਾਂਬਰੀ ਨੇ ਛੋਟਾ ਜਿਹਾ ਖ਼ਲ ਪਾਰਟ ਵੀ ਅਦਾ ਕੀਤਾ।
ਜਗਦੇਵ ਦੀ ਮੁੱਖ ਹੀਰੋ ਵਜੋਂ ਪਹਿਲੀ ਪੰਜਾਬੀ ਫ਼ਿਲਮ ਜੀ. ਡੀ. ਤਲਵਾਰ ਦੇ ਫ਼ਿਲਮਸਾਜ਼ ਅਦਾਰੇ ਦਰਬਾਰ ਥੀਏਟਰਜ਼, ਬੰਬੇ ਦੀ ਐੱਸ. ਅਰੋੜਾ ਨਿਰਦੇਸ਼ਿਤ ‘ਸ਼ਾਹ ਜੀ’ (1954) ਸੀ, ਜਿਸ ਵਿੱਚ ‘ਸ਼ਾਹ ਜੀ’ (ਬਲਾਕੀ ਸ਼ਾਹ) ਦਾ ਟਾਈਟਲ ਰੋਲ ਸਤੀਸ਼ ਬੱਤਰਾ ਨੇ ਅਦਾ ਕੀਤਾ ਸੀ। ਫ਼ਿਲਮ ਵਿੱਚ ਜਗਦੇਵ ਦੇ ਹਮਰਾਹ ਅਦਾਕਾਰਾ ਰੂਪਮਾਲਾ ਮੌਜੂਦ ਸੀ। ਫ਼ਸਾਨਾ, ਮੰਜ਼ਰਨਾਮਾ ਤੇ ਮੁਕਾਲਮੇ ਐੱਸ. ਅਰੋੜਾ, ਗੀਤ ਵਰਮਾ ਮਲਿਕ ਅਤੇ ਸੰਗੀਤ ਪੰਡਤ ਹੁਸਨਲਾਲ-ਭਗਤਰਾਮ ਨੇ ਤਾਮੀਰ ਕੀਤਾ। ਇਹ ਫ਼ਿਲਮ 4 ਅਪਰੈਲ 1954 ਨੂੰ ਓਡੀਅਨ ਥੀਏਟਰ, ਜਲੰਧਰ ਵਿਖੇ ਨੁਮਾਇਸ਼ ਹੋਈ। ਜਦੋਂ ਮਨੋਹਰ ਦੀਪਕ ਨੇ ਆਪਣੇ ਫ਼ਿਲਮਸਾਜ਼ ਅਦਾਰੇ ਸੰਗੀਤ ਪਿਕਚਰਜ਼, ਬੰਬੇ ਦੇ ਬੈਨਰ ਹੇਠ ਜੁਗਲ ਕਿਸ਼ੋਰ ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫ਼ਿਲਮ ‘ਖੇਡਣ ਦੇ ਦਿਨ ਚਾਰ’ (1962) ਸ਼ੁਰੂ ਕੀਤੀ ਤਾਂ ਜਗਦੇਵ ਭਾਂਬਰੀ ਨੂੰ ਮੱਖਣ ਸਿੰਘ ਦਾ ਕਿਰਦਾਰ ਦਿੱਤਾ। ਫ਼ਿਲਮ ਦਾ ਫ਼ਸਾਨਾ, ਮੰਜ਼ਰਨਾਮਾ ਤੇ ਮੁਕਾਲਮੇ ਭਾਗ ਸਿੰਘ ਨੇ ਲਿਖੇ। ਵੰਡ ਦੇ ਮੌਜ਼ੂ ’ਤੇ ਬਣੀ ਇਹ ਫ਼ਿਲਮ 2 ਨਵੰਬਰ 1962 ਨੂੰ ਇੰਦਰ ਪੈਲੇਸ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਮਨੋਹਰ ਦੀਪਕ ਤੇ ਜਸਮੇਰ ਸਿੰਘ ਗਿੱਲ ਦੇ ਫ਼ਿਲਮਸਾਜ਼ ਅਦਾਰੇ ਅਕਾਸ਼ਵਾਣੀ ਪਿਕਚਰਜ਼, ਬੰਬੇ ਦੀ ਹੈਨਰੀ ਜੂਲੀਅਸ ਨਿਰਦੇਸ਼ਿਤ ਫ਼ਿਲਮ ‘ਗੀਤ ਬਹਾਰਾਂ ਦੇ’ (1964) ਵਿੱਚ ਉਸ ਨੇ ‘ਜਗਦੇਵ’ ਦਾ ਸੋਹਣਾ ਪਾਰਟ ਅਦਾ ਕੀਤਾ, ਜਿਸ ਦੇ ਸਨਮੁੱਖ ਅਦਾਕਾਰਾ ਮਧੂਮਤੀ (ਡਾਂਸਰ) ‘ਮਧੂ’ ਦਾ ਕਿਰਦਾਰ ਨਿਭਾ ਰਹੀ ਸੀ। ਦੱਤਾ ਰਾਮ (ਸਹਾਇਕ ਸੋਨਿਕ) ਦੇ ਸੰਗੀਤ ’ਚ ਨਕਸ਼ ਲਾਇਲਪੁਰੀ ਦਾ ਲਿਖਿਆ ਕੱਵਾਲੀ ਗੀਤ ‘ਸੋਹਣੇ ਰੱਬ ਦੀਆਂ ਸਿਫ਼ਤਾਂ ਕੀ ਕਰੀਏ’ (ਮੁਹੰਮਦ ਰਫ਼ੀ, ਆਸ਼ਾ ਭੌਸਲੇ) ਮਨੋਹਰ ਦੀਪਕ-ਜਬੀਨ, ਜਗਦੇਵ ਤੇ ਮਧੂਮਤੀ ’ਤੇ ਫ਼ਿਲਮਾਇਆ ਗਿਆ ਸੀ। ਕਹਾਣੀ, ਮੰਜ਼ਰਨਾਮਾ (ਸਕਰੀਨ ਪਲੇਅ) ਤੇ ਮੁਕਾਲਮੇ (ਡਾਇਲਾਗ) ਹਰੀ ਜ਼ੁਤਸ਼ੀ ਨੇ ਤਹਿਰੀਰ ਕੀਤੇ ਸਨ। ਇਹ ਫ਼ਿਲਮ 3 ਅਪਰੈਲ 1964 ਨੂੰ ਇੰਦਰ ਪੈਲੇਸ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਡੀ. ਸੋਹਨਾ ਦੇ ਫ਼ਿਲਮਸਾਜ਼ ਅਦਾਰੇ ਨੀਲਮ ਪ੍ਰੋਡਕਸ਼ਨਜ਼, ਬੰਬੇ ਦੀ ਡੀ. ਸੋਹਨਾ ਨਿਰਦੇਸ਼ਿਤ ਫ਼ਿਲਮ ‘ਗੱਭਰੂ ਦੇਸ਼ ਪੰਜਾਬ ਦੇ’ (1966) ’ਚ ਜਗਦੇਵ ਨੇ ‘ਨੰਦੀ’ ਦਾ ਪਾਤਰ ਅਦਾ ਕੀਤਾ ਜਦੋਂਕਿ ਮਰਕਜ਼ੀ ਕਿਰਦਾਰ ਵਿੱਚ ਰਵਿੰਦਰ ਕਪੂਰ ਤੇ ਇੰਦਰਾ ਬਿੱਲੀ ਮੌਜੂਦ ਸਨ। ਇਹ ਭਗਤੀ ਪ੍ਰਧਾਨ ਫ਼ਿਲਮ 3 ਜੂਨ 1966 ਨੂੰ ਰੀਜੈਂਟ ਸਿਨਮਾ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਐੱਸ. ਪੀ. ਘਈ ਦੇ ਫ਼ਿਲਮਸਾਜ਼ ਅਦਾਰੇ ਨਿਊ ਪੰਜਾਬ ਫ਼ਿਲਮਜ਼, ਅੰਮ੍ਰਿਤਸਰ ਦੀ ਪੰਜਾਬੀ ਫ਼ਿਲਮ ‘ਸ਼ਹਿਰ ਦੀ ਕੁੜੀ’ (1968) ਬਤੌਰ ਹਿਦਾਇਤਕਾਰ ਜਗਦੇਵ ਭਾਂਬਰੀ ਦੀ ਪਹਿਲੀ ਫ਼ਿਲਮ ਸੀ, ਜਿਸ ਵਿੱਚ ਉਸ ਨੇ ‘ਦਰਬਾਰਾ’ ਦਾ ਖ਼ਲ ਰੋਲ ਅਦਾ ਕੀਤਾ, ਜਿਸ ਦੇ ਰੂਬਰੂ ਕ੍ਰਿਸ਼ਨਾ ਕੁਮਾਰੀ ਉਰਫ਼ ਰਾਜਿੰਦਰ ਕੌਰ ਤਾਰੋ ਦੇ ਕਿਰਦਾਰ ਵਿੱਚ ਮੌਜੂਦ ਸੀ। ਕਹਾਣੀ, ਮੁਕਾਲਮੇ ਤੇ ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ (ਕੁਝ ਗੀਤ ਵਰਮਾ ਮਲਿਕ) ਅਤੇ ਸੰਗੀਤ ਪੰਡਤ ਹਰਬੰਸ ਨੇ ਮੁਰੱਤਬਿ ਕੀਤਾ। ਇਹ ਫ਼ਿਲਮ 28 ਮਾਰਚ 1969 ਨੂੰ ਮਾਲਵਾ ਸਿਨਮਾ, ਪਟਿਆਲਾ ਵਿਖੇ ਰਿਲੀਜ਼ ਹੋਈ।
ਬੂਟਾ ਸਿੰਘ ਸ਼ਾਦ ਦੇ ਫ਼ਿਲਮਸਾਜ਼ ਅਦਾਰੇ ਬਰਾੜ ਪ੍ਰੋਡਕਸ਼ਨਜ਼, ਬੰਬੇ ਦੀ ਵੇਦ ਮਹਿਰਾ ਨਿਰਦੇਸ਼ਿਤ ਫ਼ਿਲਮ ‘ਕੁੱਲੀ ਯਾਰ ਦੀ’ (1970) ’ਚ ਜਗਦੇਵ ਤੇ ਸਰੂਪ ਪਰਿੰਦੇ ਦੀ ਜੋੜੀ ਨੇ ਖ਼ਲ ਕਿਰਦਾਰ ਅਦਾ ਕੀਤਾ ਜਦੋਂਕਿ ਮੁੱਖ ਭੂਮਿਕਾ ਵਿੱਚ ਹਰਿੰਦਰ (ਬੂਟਾ ਸਿੰਘ ਸ਼ਾਦ) ਤੇ ਇੰਦਰਾ ਬਿੱਲੀ ਮੌਜੂਦ ਸਨ। ਕੰਵਲ ਬਿਆਲਾ ਤੇ ਆਰ. ਕੇ. ਦੁੱਗਲ ਦੇ ਫ਼ਿਲਮਸਾਜ਼ ਅਦਾਰੇ ਆਸ਼ੂਰਾਜ ਫ਼ਿਲਮਜ਼, ਬੰਬੇ ਦੀ ਸੁਭਾਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਮੈਂ ਪਾਪੀ ਤੁਮ ਬਖ਼ਸ਼ਣਹਾਰ’ (1976) ’ਚ ਜਗਦੇਵ ਭਾਂਬਰੀ ਨੇ ਦਲੇਰ ਸਿੰਘ/ਦੁੱਲਾ ਦਾ ਖ਼ਲ ਕਿਰਦਾਰ ਨਿਭਾਇਆ। ਇਹ ਫ਼ਿਲਮ ਇੱਕ ਅਕਤੂਬਰ 1976 ਨੂੰ ਆਦਰਸ਼ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ।
ਜਗਦੇਵ ਭਾਂਬਰੀ ਦੀ ਸਹਾਇਕ ਤੇ ਖ਼ਲ ਕਿਰਦਾਰਨਿਗ਼ਾਰੀ ਵਾਲੀਆਂ ਹਿੰਦੀ ਫ਼ਿਲਮਾਂ ਦੇ ਨਾਮ ਹਨ ‘ਗਰਲ ਫਰੈਂਡ’ (1960), ‘ਰੰਗੋਲੀ’ (1962), ‘ਹਕੀਕਤ’, ‘ਮਜਬੂਰ’, ‘ਸਾਂਝ ਸਵੇਰਾ’ (1964), ‘ਫੈਸਲਾ’, ‘ਫਰਾਰ’, ‘ਸ਼ਹੀਦ’ (1965), ‘ਬੀਵੀ ਔਰ ਮਕਾਨ’, ‘ਲਾਲ ਬੰਗਲਾ’, ‘ਮੇਰੇ ਲਾਲ’ (1966), ‘ਘਰ ਕਾ ਚਿਰਾਗ਼’, ‘ਜੀਵੈੱਲ ਥੀਫ਼’ (1967), ‘ਧਰਤੀ ਕਹੇ ਪੁਕਾਰ ਕੇ’, ‘ਸਚਾਈ’, ‘ਠਾਕੁਰ ਦਲੇਰ ਸਿੰਘ’ ਉਰਫ਼ ‘ਸੋਲਜਰ’ (1969), ‘ਦਸਤਕ’, ‘ਨਾਈਟ ਇਨ ਕਲਕੱਤਾ’ ਉਰਫ਼ ‘ਕਲਕੱਤਾ ਕੀ ਰਾਤ’, ‘ਪਤਨੀ’ (1970), ‘ਏਕ ਦਿਨ ਆਧੀ ਰਾਤ’ (1971), ‘ਬੀਸ ਸਾਲ ਪਹਿਲੇ’, ‘ਤਨਹਾਈ’ (1972), ‘ਅਪਨੇ ਦੁਸ਼ਮਨ’, ‘ਬਦਨਾਮ’ (1975) ਆਦਿ ਤੋਂ ਇਲਾਵਾ ਉਸ ਦੀ ਆਖ਼ਰੀ ਹਿੰਦੀ ਫ਼ਿਲਮ ਵਿਸ਼ਾਖ਼ਾ ਫ਼ਿਲਮਜ਼, ਬੰਬੇ ਦੀ ‘ਹਮ ਇੰਤਜ਼ਾਰ ਕਰੇਂਗੇ’ (1989) ਸੀ।
ਇਸ ਤੋਂ ਬਾਅਦ ਉਹ ਕਿੱਥੇ ਚਲੇ ਗਏ? ਇਨ੍ਹਾਂ ਦਾ ਪਰਿਵਾਰ ਕਿੱਥੇ ਹੈ ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਵੀ ਕੁਝ ਪਤਾ ਨਹੀਂ ਲੱਗ ਸਕਿਆ।
ਸੰਪਰਕ: 97805-09545