ਹਰਿੰਦਰ ਸਿੰਘ ਗੋਗਨਾ
ਹੋਲੀ ਦਾ ਤਿਉਹਾਰ ਹੋਣ ਕਾਰਨ ਚੁਨਮੁਨ ਆਪਣੇ ਬੱਚਿਆਂ ਨਾਲ ਘਰ ਵਿੱਚ ਰੰਗੋਲੀ ਬਣਾ ਰਹੀ ਸੀ।
ਉਸ ਨੇ ਆਪਣੇ ਬੱਚਿਆਂ ਲਈ ਹੋਲੀ ਦੇ ਮੌਕੇ
ਵਧੀਆ ਪਕਵਾਨ ਵੀ ਬਣਾਉਣ ਦੀ ਤਿਆਰੀ ਕਰਕੇ ਰੱਖੀ ਹੋਈ ਸੀ।
ਹਰ ਸਾਲ ਵਾਂਗ ਚੁਨਮੁਨ ਦੀਆਂ ਸਹੇਲੀਆਂ ਵੀ ਕੁਝ ਦੇਰ ਤੱਕ ਉਸ ਦੇ ਘਰ ਆਉਣ ਵਾਲੀਆਂ ਸਨ ਤਾਂ ਕਿ ਮਿਲ ਕੇ ਹੋਲੀ ਦਾ ਤਿਉਹਾਰ ਮਨਾ ਸਕਣ। ਫਿਰ ਅਚਾਨਕ ਚੁਨਮੁਨ ਦੀ ਖੁੱਡ ਦੇ ਬਾਹਰ ਉਸ ਦੀ ਸਹੇਲੀ ਮਿੰਕੀ ਦੀ ਆਵਾਜ਼ ਆਈ, ‘‘ਚੁਨਮੁਨ, ਦਰਵਾਜ਼ਾ ਖੋਲ੍ਹ ਮੈਂ ਹਾਂ ਮਿੰਕੀ…।’’
ਚੁਨਮੁਨ ਨੇ ਰੰਗੋਲੀ ਵਿੱਚ ਹੀ ਛੱਡੀ ਤੇ ਫਿਰ ਹੱਥ ਸਾਫ਼ ਕਰਕੇ ਦਰਵਾਜ਼ਾ ਖੋਲ੍ਹ ਦਿੱਤਾ, ਪਰ ਇਹ ਕੀ ਅੰਦਰ ਤਾਂ ਕੋਈ ਨਹੀਂ ਸੀ ਆਇਆ। ਉਸ ਨੇ ਗਰਦਨ ਬਾਹਰ ਕੱਢ ਕੇ ਦੇਖਿਆ ਤਾਂ ਇਕਦਮ ਕਿਸੇ ਨੇ ਉਸ ਨੂੰ ਗਰਦਨ ਤੋਂ ਫੜ ਕੇ ਬਾਹਰ ਖਿੱਚ ਲਿਆ।
ਚੁਨਮੁਨ ਇਕਦਮ ਘਬਰਾ ਗਈ। ਫਿਰ ਤਾਂ ਉਸ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਹੀ ਨਿਕਲ ਗਈ। ਉਹ ਮਾਣੋ ਬਿੱਲੀ ਦੇ ਸ਼ਿਕੰਜੇ ਵਿੱਚ ਸੀ। ਚੁਨਮੁਨ ਆਪਣੀ ਚਲਾਕੀ ਨਾਲ ਕਈ ਵਾਰ ਮਾਣੋ ਤੋਂ ਆਪਣੀ ਜਾਨ ਬਚਾਉਣ ਵਿੱਚ ਸਫਲ ਹੋਈ ਸੀ, ਪਰ ਮਾਣੋ ਨੇ ਵੀ ਅੱਜ ਫ਼ੈਸਲਾ ਕਰ ਲਿਆ ਸੀ ਕਿ ਹੋਲੀ ਦੇ ਮੌਕੇ ਉਸ ਦਾ ਸ਼ਿਕਾਰ ਕਰੇਗੀ। ਉਸ ਨੇ ਦੂਜਿਆਂ ਦੀ ਆਵਾਜ਼ ਦੀ ਨਕਲ ਕਰਨਾ ਸਿੱਖ ਲਿਆ ਸੀ। ਇਸੇ ਲਈ ਉਸ ਨੇ ਚੁਨਮੁਨ ਦੀ ਸਹੇਲੀ ਮਿੰਕੀ ਦੀ ਆਵਾਜ਼ ਕੱਢ ਕੇ ਹੀ ਉਸ ਨੂੰ ਬਾਹਰ ਬੁਲਾਇਆ ਸੀ। ਚੁਨਮੁਨ ਅੱਜ ਉਸ ਦੇ ਜਾਲ ਵਿੱਚ ਫਸ ਗਈ ਸੀ। ਬਚਣ ਦਾ ਕੋਈ ਉਪਾਅ ਉਸ ਨੂੰ ਅੱਜ ਸੁੱਝ ਨਹੀਂ ਸੀ ਰਿਹਾ।
‘‘ਕਿਉਂ ਚੁਨਮੁਨ ਦੀ ਬੱਚੀ। ਅੱਜ ਤਾਂ ਤੂੰ ਮੇਰੇ ਹੱਥ ਆ ਹੀ ਗਈ। ਬੜੇ ਚਿਰਾਂ ਤੋਂ ਤੇਰਾ ਮਾਸ ਖਾਣ ਦੀ ਇੱਛਾ ਸੀ, ਪਰ ਹਰ ਵਾਰ ਤੂੰ ਮੈਨੂੰ ਚਕਮਾ ਦੇ ਜਾਂਦੀ ਸੀ। ਅੱਜ ਫਸੀ ਏਂ ਮੇਰੇ ਜਾਲ ਵਿੱਚ।’’ ਮਾਣੋ ਨੇ ਬੁੱਲ੍ਹਾਂ ’ਤੇ ਜੀਭ ਫੇਰਦਿਆਂ ਕਿਹਾ।
ਚੁਨਮੁਨ ਥਰ ਥਰ ਕੰਬ ਰਹੀ ਸੀ ਕਿ ਹੁਣ ਉਹ ਕੀ ਕਰੇ? ਉਸ ਤੋਂ ਬਾਅਦ ਉਸ ਦੇ ਬੱਚਿਆਂ ਦਾ ਕੀ ਬਣੇਗਾ ? ਬੱਚਿਆਂ ਦਾ ਖ਼ਿਆਲ ਆਉਂਦੇ ਹੀ ਉਸ ਨੇ ਮਾਣੋ ਨੂੰ ਕਿਹਾ, ‘‘ਮਾਣੋ ਜੀ, ਮੈਨੂੰ ਆਪਣੀ ਮੌਤ ਦਾ ਜ਼ਰਾ ਗ਼ਮ ਨਹੀਂ, ਪਰ ਇੱਕ ਗ਼ਮ ਹੈ। ਕੀ ਮਰਨ ਤੋਂ ਪਹਿਲਾਂ ਮੇਰੀ ਇੱਕ ਇੱਛਾ ਪੂਰੀ ਨਹੀਂ ਕਰੇਂਗੀ…?’’
‘‘ਹਾਂ ਹਾਂ, ਕਿਉਂ ਨਹੀਂ, ਪਰ ਜਾਨ ਬਖ਼ਸ਼ਣ ਤੋਂ ਇਲਾਵਾ ਕੁਝ ਵੀ ਮੰਗ, ਮੈਂ ਵਿਚਾਰ ਕਰਾਂਗੀ ਕਿ ਤੇਰੀ ਕੁਝ ਮਦਦ ਕਰ ਸਕਦੀ ਹਾਂ ਕਿ ਨਹੀਂ…?’’ ਚਾਲਬਾਜ਼ ਮਾਣੋ ਨੇ ਕਿਹਾ।
‘‘ਮੇਰੀ ਤਾਂ ਬਸ ਇਹੋ ਇੱਛਾ ਹੈ ਕਿ ਮੈਂ ਮਰਨ ਤੋਂ ਪਹਿਲਾਂ ਆਪਣੇ ਦੋਵੇਂ ਬੱਚਿਆਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਮਿਲ ਲਵਾਂ।’’ ਚੁਨਮੁਨ ਨੇ ਰੋਂਦਿਆਂ ਕਿਹਾ।
ਮਾਣੋ ਨੇ ਸੋਚਿਆ ਕਿ ਇਹ ਤਾਂ ਉਸ ਨੇ ਸੋਚਿਆ ਹੀ ਨਹੀਂ ਸੀ ਕਿ ਇਸ ਦੇ ਦੋ ਬੱਚੇ ਵੀ ਹਨ। ਮਤਲਬ ਕਿ ਇੱਕ ਨਾਲ ਇੱਕ ਤਾਂ ਮੁਫ਼ਤ ਸੁਣਿਆ ਸੀ, ਦੋ ਮੁਫ਼ਤ ਮਿਲਣਗੇ ਇਹ ਨਹੀਂ ਸੀ ਸੁਣਿਆ। ਉਸ ਨੇ ਸੋਚਿਆ ਕਿ ਚੁਨਮੁਨ ਨੂੰ ਖਾ ਕੇ ਉਸ ਦੇ ਬੱਚਿਆਂ ਨੂੰ ਵੀ ਕੱਲ੍ਹ ਦੇ ਭੋਜਨ ਲਈ ਮਾਰ ਲਵੇਗੀ। ਬਸ ਫਿਰ ਕੀ ਸੀ ਉਸ ਨੇ ਕਿਹਾ ਕਿ ਉਹ ਬੱਚਿਆਂ ਨੂੰ ਬਾਹਰ ਬੁਲਾ ਲਵੇ ਤੇ ਚੰਗੀ ਤਰ੍ਹਾਂ ਮਿਲ ਲਵੇ।
‘‘ਪਰ ਮਾਣੋ ਜੀ, ਤੁਹਾਨੂੰ ਵੇਖ ਕੇ ਤਾਂ ਉਹ ਡਰ ਨਾਲ ਹੀ ਮਰ ਜਾਣਗੇ। ਇੱਕ ਮਾਂ ਆਪਣੇ ਸਾਹਮਣੇ ਆਪਣੇ ਬੱਚਿਆਂ ਨੂੰ ਮਰਦਾ ਕਿਵੇਂ ਵੇਖ ਸਕਦੀ ਹੈ। ਮਾਣੋ ਦੀਦੀ, ਤੂੰ ਬਸ ਏਨਾ ਕਰ ਕਿ ਆਹ ਨਾਲ ਦੀ ਝਾੜੀ ਵਿੱਚ ਪਿੱਛੇ ਜਾਹ। ਤਾਂ ਕਿ ਤੈਨੂੰ ਮੇਰੇ ਮਾਸੂਮ ਬੱਚੇ ਵੇਖ ਨਾ ਸਕਣ।’’
‘‘ਚੱਲ ਤੇਰੀ ਇਹ ਗੱਲ ਵੀ ਮੰਨ ਲੈਂਦੀ ਹਾਂ ਤੂੰ ਵੀ ਕੀ ਯਾਦ ਰੱਖੇਂਗੀ।’’ ਮਾਣੋ ਨੇ ਚਤੁਰਾਈ ਨਾਲ ਕਿਹਾ। ਉਸ ਨੇ ਸੋਚਿਆ ਕਿ ਚੁਨਮੁਨ ਜਿਵੇਂ ਹੀ ਬੱਚਿਆਂ ਨੂੰ ਬਾਹਰ ਬੁਲਾਵੇਗੀ। ਉਹ ਤਿੰਨਾਂ ’ਤੇ ਹਮਲਾ ਕਰਕੇ ਮਾਰ ਦੇਵੇਗੀ। ਉਹ ਜਿਵੇਂ ਹੀ ਚੁਨਮੁਨ ਨੂੰ ਛੱਡ ਥੋੜ੍ਹਾ ਪਰ੍ਹਾ ਨੂੰ ਹੋਈ, ਚੁਨਮੁਨ ਤੇਜ਼ੀ ਨਾਲ ਆਪਣੀ ਖੁੱਡ ਵਿੱਚ ਵੜ ਗਈ ਤੇ ਫਿਰ ਵਾਪਸ ਨਾ ਆਈ। ਮਾਣੋ ਕਾਫ਼ੀ ਚਿਰ ਬੁੱਤ ਜਿਹੀ ਬਣੀ ਬਾਹਰ ਖੜ੍ਹੀ ਰਹੀ। ਫਿਰ ਜਿਵੇਂ ਹੀ ਉਸ ਦੀ ਸਮਝ ਵਿੱਚ ਚੁਨਮੁਨ ਦੀ ਚਲਾਕੀ ਆਈ ਤਾਂ ਉਹ ਗੁੱਸੇ ਵਿੱਚ ਖੁੱਡ ਦੇ ਬਾਹਰ ਪੰਜੇ ਮਾਰਨ ਲੱਗੀ ਤੇ ਚੁਨਮੁਨ ਨੂੰ ਆਵਾਜ਼ ਲਗਾ ਕੇ ਬੋਲੀ, ‘‘ਚੁਨਮੁਨ, ਹੁਣ ਬਾਹਰ ਵੀ ਆ…।’’
‘‘ਚੱਲ ਚੱਲ ਵੱਡੀ ਚਲਾਕ…। ਤੈਥੋਂ ਵੱਡਾ ਤਾਂ ਮੈਂ ਅੱਜ ਤੱਕ ਕੋਈ ਮੂਰਖ ਨਹੀਂ ਦੇਖਿਆ। ਜਿਸ ਨੇ ਹੱਥ ਆਇਆ ਸ਼ਿਕਾਰ ਏਨੀ ਆਸਾਨੀ ਨਾਲ ਛੱਡ ਦਿੱਤਾ। ਖ਼ੈਰ ਬੁਰਾ ਨਾ ਮੰਨੀ ਅੱਜ ਹੋਲੀ ਹੈ।’’ ਖੁੱਡ ਦੇ ਅੰਦਰੋਂ ਚੁਨਮੁਨ ਨੇ ਕਿਹਾ ਤਾਂ ਵਿਚਾਰੀ ਮਾਣੋ ਖੁਦ ਨੂੰ ਕੋਸਦੀ ਹੋਈ ਕਿਸੇ ਹੋਰ ਸ਼ਿਕਾਰ ਦੀ ਭਾਲ ਵਿੱਚ ਉੱਥੋਂ ਤੁਰਦੀ ਬਣੀ।
ਸੰਪਰਕ: 98723-25960