ਪੱਤਰ ਪ੍ਰੇਰਕ
ਅਟਾਰੀ, 11 ਮਾਰਚ
ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਗਾਤਾਰ ਚੌਥੀ ਵਾਰ ਜਿੱਤ ਹਾਸਲ ਕੀਤੀ ਹੈ। ਲੋਕਾਂ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹਲਕਾ ਰਾਜਾਸਾਂਸੀ ਦੀ ਜਨਤਾ ਨੂੰ ਆਪਣਾ ਪਰਿਵਾਰ ਸਮਝਦੇ ਹਨ। ਉਨ੍ਹਾਂ ਨੇ ਆਪਣੇ ਪਰਿਵਾਰ ਲਈ ਬਹੁਤ ਕੁਝ ਕੀਤਾ ਹੈ, ਹਲਕੇ ਨੇ ਉਨ੍ਹਾਂ ਤੇ ਚੌਥੀ ਵਾਰ ਵਿਸ਼ਵਾਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਉਹ ਹਲਕੇ ਦੀ ਜਨਤਾ ਦੇ ਰਿਣੀ ਰਹਿਣਗੇ। ਸਰਕਾਰੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪਾਰਟੀ ਦੇ ਵਿਧਾਇਕਾਂ ਅਤੇ ਵਰਕਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਹ ਪੰਜਾਬ ਦੇ ਰਹਿੰਦੇ ਮਸਲੇ ਜ਼ਰੂਰ ਹੱਲ ਕਰਨਗੇ। ਸਰਕਾਰੀਆ ਦੇ ਮੀਡੀਆ ਸਲਾਹਕਾਰ ਅਮਨਦੀਪ ਸਿੰਘ ਕੱਕੜ ਨੇ ਕਿਹਾ ਕਿ ਸਰਕਾਰੀਆ ਨੇ ਹਲਕਾ ਰਾਜਾਸਾਂਸੀ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਵਿਕਾਸ ਕਰਵਾਇਆ ਹੈ। ਹਲਕੇ ਦੀ ਜਨਤਾ ਨੇ ਸਰਕਾਰੀਆ ਵੱਲੋਂ ਕਰਵਾਏ ਵਿਕਾਸ ’ਤੇ ਮੋਹਰ ਲਗਾਈ ਹੈ ਤੇ ਉਨ੍ਹਾਂ ਨੂੰ ਚੌਥੀ ਵਾਰ ਜਿੱਤ ਹਾਸਲ ਕਰਵਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ।
ਦਰਬਾਰ ਸਾਹਿਬ ਨਤਮਸਤਕ ਹੋਏ ਸਰਕਾਰੀਆ
ਅੰਮ੍ਰਿਤਸਰ (ਪੱਤਰ ਪ੍ਰੇਰਕ): ਚੋਣ ਨਤੀਜੇ ਆਉਣ ਤੋਂ ਬਾਅਦ ਰਾਜਾਸਾਂਸੀ ਹਲਕੇ ਤੋਂ ਜੇਤੂ ਕਾਂਗਰਸੀ ਉਮੀਦਵਾਰ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ, ਬੇਟਾ, ਕਾਂਗਰਸ ਕਮੇਟੀ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਅਤੇ ਸੁਖ ਧਾਲੀਵਾਲ ਮੌਜੂਦ ਸਨ।