ਬਲਵਿੰਦਰ ਸਿੰਘ ਭੰਗੂ
ਭੋਗਪੁਰ, 6 ਅਕਤੂਬਰ
ਬਲਾਕ ਟਾਂਡਾ ਦੇ ਹਰਸੀ ਪਿੰਡ ਦੇ ਵਾਸੀ ਰਣਧੀਰ ਸਿੰਘ ਦੇ ਦੋ ਲੜਕਿਆਂ ਅਮਨਦੀਪ ਸਿੰਘ ਅਤੇ ਜਸਦੀਪ ਸਿੰਘ, ਨੂੰਹ ਜਸਲੀਨ ਕੌਰ ਅਤੇ ਪੋਤੀ ਅਰੂਹੀ ਢੇਰੀ ਦੀ ਅਮਰੀਕਾ ਦੇ ਕੈਲੀਫੋਰਨੀਆ ਦੇ ਮਰਸਡ ਕਾਊਂਟੀ ਪੁਲੀਸ ਇਲਾਕੇ ਵਿਚ ਅਗਵਾਕਾਰ ਨੇ ਹੱਤਿਆ ਕਰ ਦਿੱਤੀ ਹੈ। ਇਸ ਕਾਰਨ ਭੋਗਪੁਰ ਇਲਾਕੇ ਵਿਚ ਸੋਗ ਹੈ। ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਬਲਾਕ ਦੇ ਪਿੰਡ ਖਰਲਾਂ ਦੇ ਮਰਹੂਮ ਮਾਸਟਰ ਜਸਵੰਤ ਸਿੰਘ ਦੀ ਬੇਟੀ ਜਸਪ੍ਰੀਤ ਕੌਰ ਨਾਲ ਵਿਆਹਿਆ ਹੋਇਆ ਸੀ। ਅਮਨਦੀਪ ਸਿੰਘ ਦੀ ਸੱਸ ਅਤੇ ਸਾਲਾ ਕੈਨੇਡਾ ਦੇ ਵਾਸੀ ਹਨ। ਮਰਹੂਮ ਜਸਵੰਤ ਸਿੰਘ ਦੇ ਭਰਾ ਸੇਵਾਮੁਕਤ ਮਾਸਟਰ ਤਰਲੋਕ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਚਾਰ ਰਿਸ਼ਤੇਦਾਰਾਂ ਦੀ ਸਵੇਰੇ ਮੌਤ ਦੀ ਖ਼ਬਰ ਸੁਣੀ ਤਾਂ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਹੋਰ ਥਾਂ ਡਿਊਟੀ ’ਤੇ ਸੀ ਅਤੇ ਭਤੀਜੀ ਦਾ ਲੜਕਾ ਅਤੇ ਲੜਕੀ ਸਕੂਲ ਗਏ ਹੋਣ ਕਰਕੇ ਬਚ ਗਏ। ਉਨ੍ਹਾਂ ਨੇ ਹੀ ਰਣਧੀਰ ਸਿੰਘ ਦੇ ਦੂਜੇ ਬੇਟੇ ਜਸਦੀਪ ਸਿੰਘ ਦਾ ਰਿਸ਼ਤਾ ਨੇੜਲੇ ਪਿੰਡ ਜੰਡੀਰ ਦੇ ਵਾਸੀ ਸਤਨਾਮ ਸਿੰਘ ਦੀ ਬੇਟੀ ਜਸਲੀਨ ਕੌਰ ਨਾਲ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਰਣਧੀਰ ਸਿੰਘ ਕੈਲੇਫੋਰਨੀਆ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ ਜਸਲੀਨ ਕੌਰ, ਜਵਾਈ ਜਸਦੀਪ ਸਿੰਘ ਅਤੇ ਦੋਹਤੀ ਅਰੂਹੀ ਢੇਰੀ ਦੀ ਮੌਤ ਕਾਰਨ ਪਿੰਡ ਜੰਡੀਰ ਵਿੱਚ ਸੋਗ ਵਿਚ ਸੋਗ ਦਾ ਮਾਹੌਲ ਸੀ।