ਗੁਰਿੰਦਰ ਸਿੰਘ
ਲੁਧਿਆਣਾ, 10 ਅਕਤੂਬਰ
ਇੱਥੇ ਵੱਖ-ਵੱਖ ਸੰਗਠਨਾਂ ਵੱਲੋਂ ਹਿੰਦੀ ਫਿਲਮ ‘ਕਿਆ ਮੇਰੀ ਸੋਨਮ ਗੁਪਤਾ ਬੇਵਫ਼ਾ ਹੈ’ ਵਿੱਚ ਇਤਰਾਜ਼ਯੋਗ ਦ੍ਰਿਸ਼ ਦਿਖਾਉਣ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਧਰਨਾਕਾਰੀਆਂ ਨੇ ਕਿਹਾ ਕਿ ਫਿਲਮ ਵਿਚ ਮਾਂ ਭਗਵਤੀ ਦੇ ਪਾਵਨ ਜਗਰਾਤੇ ਵਿੱਚ ਅਸ਼ਲੀਲਤਾ ਭਰੇ ਦ੍ਰਿਸ਼ ਦਿਖਾ ਕੇ ਫਿਲਮ ਬਣਾਉਣ ਵਾਲਿਆਂ ਨੇ ਸਨਾਤਨ ਧਰਮ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਲਈ ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਅਤੇ ਕਲਾਕਾਰਾਂ ਖ਼ਿਲਾਫ਼ ਕੇਸ ਦੀ ਮੰਗ ਲਈ ਮੁਜ਼ਾਹਰਾ ਕਰ ਕੇ ਸਮਰਾਲਾ ਚੌਂਕ ਵਿੱਚ ਧਰਨਾ ਦਿੱਤਾ ਗਿਆ।
ਇਸ ਮੌਕੇ ਵੱਖ-ਵੱਖ ਸੰਗਠਨਾਂ ਦੇ ਆਗੂ ਰਜਿੰਦਰ ਬਿੱਲਾ, ਚੰਦਰ ਕਾਂਤ ਚੱਢਾ, ਵਰੁਣ ਮਹਿਤਾ, ਨੀਰਜ ਵਰਮਾ, ਅਮਰ ਟੱਕਰ, ਲੱਕੀ ਕਪੂਰ, ਰੋਹਿਤ ਸ਼ਰਮਾ ਭੁੱਟੋ, ਚੇਤਨ ਬਵੇਜਾ, ਮਨਮੋਹਨ ਭੱਟ ਆਦਿ ਨੇ ਫ਼ਿਲਮ ਦੇ ਕਲਾਕਾਰਾਂ ਜੱਸੀ ਗਿੱਲ ਅਤੇ ਸੁਰਭੀ ਜੋਤੀ ਸਣੇ ਫ਼ਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ।
ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ 48 ਘੰਟੇ ਵਿੱਚ ਪ੍ਰਸ਼ਾਸਨ ਨੇ ਕੇਸ ਦਰਜ ਨਾ ਕੀਤਾ ਤਾਂ ਦਸਹਿਰੇ ਤੋਂ ਬਾਅਦ ਖੰਨਾ ਸਥਿਤ ਜੱਸੀ ਗਿੱਲ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਵਿੱਚ ਵੱਡੇ ਅੰਦੋਲਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸਨਾਤਨ ਧਰਮ ਪ੍ਰੇਮੀ ਕੂਚ ਕਰਨਗੇ।
ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਕੁੱਝ ਸਮੇਂ ਲਈ ਆਵਾਜਾਈ ਵੀ ਠੱਪ ਰੱਖੀ ਜਿਸ ਨਾਲ ਹਰ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਜੇਸੀਪੀ ਹੈਡਕੁਆਰਟਰ ਜੇ ਏਲੇਨ ਚੇਲੀਅਨ ਨੇ ਮੌਕੇ ’ਤੇ ਆ ਕੇ ਦੋ ਦਿਨ ਵਿੱਚ ਐਫਆਈਆਰ ਦੀ ਕਾਪੀ ਦੇਣ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ।