ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਮਾਰਚ
ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦੀ ਰਿਹਾਇਸ਼ ਵਾਲੀ ਸਥਾਨਕ ਡਰੀਮਲੈਂਡ ਕਲੋਨੀ ਦੇ ਮੁੱਖ ਗੇਟ ਅੱਗੇ ਸੜਕ ਉੱਪਰ ਕੋਈ ਕੱਟ ਨਹੀਂ ਸੀ ਜਿਸ ਕਾਰਨ ਕਲੋਨੀ ਦੇ ਵਸਨੀਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਕਲੋਨੀ ਦੇ ਵਸਨੀਕਾਂ ਨੇ ਲੋਕ ਨਿਰਮਾਣ ਵਿਭਾਗ ਤੋਂ ਕੱਟ ਰੱਖਣ ਦੀ ਮੰਗ ਵੀ ਕੀਤੀ ਸੀ ਪਰ ਇਹ ਮੰਗ ਪੂਰੀ ਨਹੀਂ ਹੋਈ। ਹੁਣ ਸੱਤਾ ਬਦਲਣ ਦੇ ਨਾਲ ਨਾਲ ਹਾਲਾਤ ਵੀ ਬਦਲ ਗਏ ਅਤੇ ਨਤੀਜਿਆਂ ਦੇ ਪਹਿਲੇ ਦਿਨ ਹੀ ਲੋਕ ਨਿਰਮਾਣ ਵਿਭਾਗ ਵੱਲੋਂ ਭਗਵੰਤ ਮਾਨ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਅੱਗੇ ਸੜਕ ਵਿਚਲਾ ਡਿਵਾਈਡਰ ਤੋੜ ਕੇ ਨਵਾਂ ਕੱਟ ਰੱਖ ਦਿੱਤਾ ਤਾਂ ਜੋ ਮੁੱਖ ਮੰਤਰੀ ਨੂੰ ਆਉਣ ਜਾਣ ਵਿਚ ਕੋਈ ਮੁਸ਼ਕਲ ਨਾ ਆਵੇ।
ਸਥਾਨਕ ਸ਼ਹਿਰ ਦੇ ਫੁਆਰਾ ਚੌਕ ਤੋਂ ਲੈ ਕੇ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ਤੱਕ ਸੜਕ ਨੂੰ ਨਵੇਂ ਸਿਰੇ ਤੋਂ ਚੌੜਾ ਕਰਕੇ ਬਣਾਇਆ ਗਿਆ ਹੈ ਜਿਸ ਵਿਚਕਾਰ ਡਿਵਾਈਡਰ ਅਤੇ ਉਪਰ ਲੋਹੇ ਦਾ ਜਾਲ ਵੀ ਲਗਾਇਆ ਗਿਆ ਸੀ। ਇਸ ਸੜਨ ਉੱਪਰ ਹੀ ਡਰੀਮਲੈਂਡ ਕਲੋਨੀ ਸਥਿਤ ਹੈ ਜਿਸ ਵਿੱਚ ‘ਆਪ’ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ (ਹੁਣ ਮੁੱਖ ਮੰਤਰੀ) ਦੀ ਰਿਹਾਇਸ਼ ਹੈ। ਕਲੋਨੀ ਦੇ ਮੁੱਖ ਗੇਟ ਅੱਗੇ ਸੜਕ ਉਪਰ ਕੋਈ ਕੱਟ ਨਹੀਂ ਰੱਖਿਆ ਸੀ ਜਿਸ ਕਾਰਨ ਕਲੋਨੀ ਦੇ ਵਸਨੀਕਾਂ ਨੂੰ ਸ਼ਹਿਰ ਵੱਲ ਆਉਣ ਸਮੇਂ ਕਰੀਬ ਅੱਧਾ ਕਿਲੋਮੀਟਰ ਅੱਗੇ ਜਾ ਕੇ ਯੂ-ਟਰਨ ਲੈ ਕੇ ਮੁੜਨਾ ਪੈਂਦਾ ਸੀ ਅਤੇ ਪਟਿਆਲਾ ਵਾਲੀ ਸਾਈਡ ਤੋਂ ਆਉਣ ਵਾਲਿਆਂ ਨੂੰ ਕਲੋਨੀ ’ਚ ਜਾਣ ਸਮੇਂ ਮੁੱਖ ਗੇਟ ਤੋਂ ਕਰੀਬ ਅੱਧਾ ਕਿਲੋਮੀਟਰ ਸੰਗਰੂਰ ਵੱਲ ਜਾ ਕੇ ਜੇਜੀ ਪੈਲੇਸ ਨੇੜੇ ਰੱਖੇ ਕੱਟ ਤੋਂ ਯੂ-ਟਰਨ ਲੈਣਾ ਮੁੜਨਾ ਸੀ। ਕਲੋਨੀ ਦੇ ਵਸਨੀਕਾਂ ਨੇ ਸੜਕ ਅਤੇ ਵਿਚਕਾਰ ਡਿਵਾਈਡਰ ਬਣਨ ਸਮੇਂ ਲੋਕ ਨਿਰਮਾਣ ਵਿਭਾਗ ਤੋਂ ਕਲੋਨੀ ਦੇ ਗੇਟ ਅੱਗੇ ਕੱਟ ਰੱਖਣ ਦੀ ਮੰਗ ਕੀਤੀ ਸੀ ਪਰ ਗੱਲ ਨਹੀਂ ਬਣੀ। ਕਲੋਨੀ ਦੇ ਵਸਨੀਕਾਂ ਨੂੰ ਰੋਜ਼ਾਨਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਲੰਘੇ ਕੱਲ੍ਹ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਹੁਣ ਡਰੀਮਲੈਂਡ ਕਲੋਨੀ ਦਾ ਵਸਨੀਕ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਣਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਿ ਮੁੱਖ ਮੰਤਰੀ ਨੂੰ ਆਉਣ ਜਾਣ ਸਮੇਂ ਕੋਈ ਮੁਸ਼ਕਲ ਨਾ ਆਵੇ, ਬੀਤੀ ਰਾਤ ਹੀ ਸੜਕ ਵਿਚਕਾਰ ਵਾਲਾ ਡਿਵਾਈਡਰ ਤੋੜ ਕੇ ਕਲੋਨੀ ਦੇ ਮੁੱਖ ਗੇਟ ਸਾਹਮਣੇ ਨਵਾਂ ਕੱਟ ਰੱਖ ਦਿੱਤਾ ਗਿਆ ਹੈ। ਇਸ ਸਬੰਧ ਵਿਚ ਜਦੋਂ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵਿਨੀਤ ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਸਕਿਉਰਟੀ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਵਿਭਾਗ ਦੇ ਧਿਆਨ ’ਚ ਲਿਆਂਦਾ ਗਿਆ ਜਿਸ ਕਾਰਨ ਹੀ ਕਲੋਨੀ ਦੇ ਗੇਟ ਅੱਗੇ ਕੱਟ ਰੱਖਿਆ ਗਿਆ ਹੈ।