ਗਗਨਦੀਪ ਅਰੋੜਾ
ਲੁਧਿਆਣਾ, 5 ਅਕਤੂਬਰ
ਸਨਅਤੀ ਸ਼ਹਿਰ ’ਚ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਦਾ ਦਹਿਣ ਕੀਤਾ ਗਿਆ। ਸਨਅਤੀ ਸ਼ਹਿਰ ਦੇ ਸਭ ਤੋਂ ਪੁਰਾਣੇ ਸ੍ਰੀ ਰਾਮ ਲੀਲਾ ਕਮੇਟੀ ਵੱਲੋਂ ਦਰੇਸੀ ਮੈਦਾਨ ਵਿੱਚ ਸਭ ਤੋਂ ਉੱਚਾ 110 ਫੁੱਟ ਦਾ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਸੀ, ਜਿਸ ਨੂੰ ਰਿਮੋਟ ਦਾ ਬਟਨ ਦੱਬ ਕੇ ਅਗਨੀ ਦਹਿਣ ਕੀਤਾ ਗਿਆ।
ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੇਲਾ ਦੇਖਣ ਪੁੱਜੇ। ਸ਼ਹਿਰ ਵਿੱਚ 35 ਤੋਂ ਵੱਧ ਥਾਵਾਂ ’ਤੇ ਰਾਵਣ ਦੇ ਪੁਤਲੇ ਸਾੜੇ ਗਏ। ਇਸ ਦੌਰਾਨ ਇਨ੍ਹਾਂ ਥਾਵਾਂ ’ਤੇ ਲੋਕਾਂ ਦੇ ਮਨੋਰੰਜਨ ਲਈ ਝੂਲੇ ਤੇ ਹੋਰ ਪ੍ਰੋਗਰਾਮ ਵੀ ਕਰਵਾਏ ਗਏ। ਇੱਥੇ ਅੱਜ ਰਾਵਣ ਦਾ 110 ਫੁੱਟ ਉੱਚਾ ਪੁਤਲਾ ਬਣਾਇਆ ਗਿਆ ਸੀ, ਜਿਸ ਨੂੰ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ, ਪੁਲੀਸ ਕਮਿਸ਼ਨਰ ਕੌਸਤਬ ਸ਼ਰਮਾ ਤੇ ਮਹੰਤ ਨਾਰਾਇਣ ਪੁਰੀ ਨੇ ਰਿਮੋਟ ਦਾ ਬਟਨ ਦਬਾ ਕੇ ਅਗਨੀ ਦਹਿਣ ਕੀਤਾ। ਇਸ ਮੌਕੇ ਕਮੇਟੀ ਵੱਲੋਂ ਖਾਸ ਤੌਰ ’ਤੇ ਆਤਿਸ਼ਬਾਜ਼ੀ ਦਾ ਇੰਤਜਾਮ ਕੀਤਾ ਗਿਆ। ਇਸ ਤੋਂ ਇਲਾਵਾ ਸਨਅਤੀ ਸ਼ਹਿਰ ਵਿੱਚ ਚੰਡੀਗੜ੍ਹ ਰੋਡ ਸਥਿਤ ਸੈਕਟਰ-39, ਉਪਕਾਰ ਨਗਰ, ਅਗਰ ਨਗਰ, ਸਰਾਭਾ ਨਗਰ, ਰਾਜਗੁਰੂ ਨਗਰ ਮੇਨ ਮਾਰਕੀਟ, ਜਮਾਲਪੁਰ, ਗੋਬਿੰਦ ਗੋਧਾਮ ਹੰਬੜਾ ਰੋਡ, ਜਗਨਨਾਥ ਧਾਮ, ਬਸੰਤ ਐਵੇਨਿਊ, ਦੁਗਰੀ ਸਣੇ 35 ਤੋਂ ਵੱਧ ਥਾਵਾਂ ’ਤੇ ਦਸਹਿਰੇ ਮੌਕੇ ਰਾਵਣ ਦੇ ਪੁਤਲੇ ਸਾੜੇ ਗਏ।
ਦਸਹਿਰਾ ਦੇਖਣ ਆਏ ਕਿੰਨਰਾਂ ਵਿੱਚ ਝੜਪ
ਚੰਡੀਗੜ੍ਹ ਰੋਡ ਸਥਿਤ ਵਰਧਮਾਨ ਦੇ ਸਾਹਮਣੇ ਲੱਗੇ ਦਸਹਿਰੇ ਮੇਲੇ ’ਚ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਕਿੰਨਰਾਂ ’ਚ ਝੜਪ ਹੋ ਗਈ। ਦੇਖਦੇ ਹੀ ਦੇਖਦੇ ਉਥੇ ਕਿੰਨਰ ਇਕੱਠੇ ਹੋ ਗਏ ਤੇ ਇੱਕ ਦੂਸਰੇ ’ਤੇ ਹਮਲਾ ਕਰਨ ਲੱਗੇ। ਬਾਅਦ ’ਚ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਗਈ। ਕਿਸੇ ਤਰ੍ਹਾਂ ਪੁਲੀਸ ਨੇ ਉਥੇ ਮਾਮਲਾ ਸ਼ਾਂਤ ਕਰਵਾਇਆ ਤੇ ਕਿੰਨਰਾਂ ਨੂੰ ਉਥੋਂ ਸਮਝਾ ਕੇ ਭੇਜ ਦਿੱਤਾ। ਜਾਣਕਾਰੀ ਅਨੁਸਾਰ ਸ਼ਾਮ ਨੂੰ ਵਰਧਮਾਨ ਮਿੱਲ ਦੇ ਸਾਹਮਣੇ ਪੁੱਡਾ ਗਰਾਊਂਡ ’ਚ ਲੱਗੇ ਦਸਹਿਰੇ ਮੇਲੇ ’ਚ ਕਿੰਨਰ ਆਪਸ ਵਿੱਚ ਉਲਝ ਗਏ। ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਨੇ ਇੱਕ ਦੂਸਰੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮਾਹੌਲ ਜ਼ਿਆਦਾ ਗਰਮ ਹੋ ਗਿਆ ਤੇ ਕਿੰਨਰਾਂ ਨੇ ਇੱਕ ਦੂਸਰੇ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਨਾਲ ਆਏ ਲੋਕਾਂ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕਿਸੇ ਦੀ ਇੱਕ ਨਹੀਂ ਸੁਣੀ।
ਸੁਰੱਖਿਆ ਲਈ 3500 ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ
ਸਨਅਤੀ ਸ਼ਹਿਰ ਵਿੱਚ 35 ਤੋਂ ਵੱਧ ਥਾਵਾਂ ’ਤੇ ਰਾਵਣ ਦੇ ਪੁਤਲੇ ਸਾੜਨ ਲਈ ਵੱਖ-ਵੱਖ ਕਮੇਟੀਆਂ ਵੱਲੋਂ ਪੁਲੀਸ ਕੋਲੋਂ ਮਨਜ਼ੂਰੀ ਮੰਗੀ ਗਈ ਸੀ। ਇਨ੍ਹਾਂ ਸਾਰੀਆਂ ਹੀ ਥਾਵਾਂ ’ਤੇ ਸੁਰੱਖਿਆ ਦੇ ਲਈ ਲੁਧਿਆਣਾ ਪੁਲੀਸ ਨੇ 3500 ਤੋਂ ਵੱਧ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ। ਵੱਡੇ ਮੇਲਿਆਂ ਦੀਆਂ ਥਾਵਾਂ ’ਤੇ ਪੁਲੀਸ ਨੇ ਸੀਸੀਟੀਵੀ ਕੈਮਰੇ ਤੇ ਕੈਮਰੇ ਲੱਗੀਆਂ ਪੀਸੀਆਰ ਵੈਨਾਂ ਵੀ ਲਗਾਈਆਂ ਹੋਈਆਂ ਸਨ।