ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਮਾਰਚ
ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ‘ਸੇਵਾ ਦਾ ਮੌਕਾ’ ਮਿਲਣ ’ਤੇ ਸਰਕਾਰੀ ਦਫ਼ਤਰਾਂ ’ਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਡਾ. ਬੀਆਰ ਅੰਬੇਡਕਰ ਦੀਆਂ ਤਸਵੀਰਾਂ ਲਾਉਣ ਦਾ ਵਾਅਦਾ ਕੀਤਾ ਸੀ। ਨਵੀਂ ਸਰਕਾਰ ਨੇ ਹਾਲੇ ਸਹੁੰ ਚੁੱਕਣੀ ਹੈ ਪਰ ਹੁਣ ਤੋਂ ਹੀ ਸਰਕਾਰੀ ਦਫ਼ਤਰਾਂ ’ਚੋਂ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਦੀਆਂ ਤਸਵੀਰਾਂ ਗਾਇਬ ਹੋ ਗਈਆਂ ਹਨ। ਉਨ੍ਹਾਂ ਦੀ ਥਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਡਾ. ਅੰਬੇਡਕਰ ਦੀਆਂ ਤਸਵੀਰਾਂ ਨੇ ਮੱਲ ਲਈ ਹੈ।
ਹੁਣ ਤੱਕ ਰਵਾਇਤ ਰਹੀ ਹੈ ਕਿ ਮੁੱਖ ਮੰਤਰੀ ਦੀ ਤਸਵੀਰ ਡਿਪਟੀ ਕਮਿਸ਼ਨਰ ਤੋਂ ਲੈ ਕੇ ਐੱਸਡੀਐੱਮ ਦਫ਼ਤਰਾਂ ਸਮੇਤ ਹਰ ਸਰਕਾਰੀ ਦਫ਼ਤਰ ਦੀ ਕੰਧ ’ਤੇ ਟੰਗੀ ਮਿਲਦੀ ਸੀ। ਇੱਥੋਂ ਦੇ ਸਰਕਾਰੀ ਦਫ਼ਤਰਾਂ ’ਚ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਕਈ ਸਾਲ ਲਟਕਦੀ ਰਹੀ, ਜਿਸ ਦੀ ਥਾਂ ਹਾਲ ਹੀ ’ਚ ਚਰਨਜੀਤ ਸਿੰਘ ਚੰਨੀ ਨੇ ਲੈ ਲਈ ਸੀ ਪਰ ਅੱਜ ਇੱਥੋਂ ਦੀ ਨਗਰ ਕੌਂਸਲ ਦਫ਼ਤਰ ’ਚ ਇਹ ਸਾਰੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ। ਇਨ੍ਹਾਂ ਦੀ ਥਾਂ ’ਤੇ ਸ਼ਹੀਦ ਭਗਤ ਸਿੰਘ ਅਤੇ ਡਾ. ਅੰਬੇਡਕਰ ਦੀਆਂ ਤਸਵੀਰਾਂ ਲਗਾ ਦਿੱਤੀਆਂ ਗਈਆਂ ਹਨ।
ਇਸੇ ਤਰ੍ਹਾਂ ਹੋਰ ਸਰਕਾਰੀ ਦਫ਼ਤਰਾਂ ’ਚ ਵੀ ਤਸਵੀਰਾਂ ਬਦਲ ਦਿੱਤੀਆਂ ਗਈਆਂ ਹਨ। ਇਸ ਬਾਬਤ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਇਹ ਤਸਵੀਰਾਂ ਆਪਣੇ ਪੱਧਰ ’ਤੇ ਹੀ ਬਦਲੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਦਫ਼ਤਰ ’ਚ ਪਹਿਲਾਂ ਹੀ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਾਈਆਂ ਹੋਈਆ ਹਨ, ਹੁਣ ਜੇਕਰ ਸਾਰੇ ਸਰਕਾਰੀ ਦਫ਼ਤਰਾਂ ’ਚ ਅਜਿਹਾ ਹੋਣ ਜਾ ਰਿਹਾ ਹੈ ਤਾਂ ਇਹ ਸ਼ਲਾਘਾਯੋਗ ਹੈ।
ਮੈਡੀਕਲ ਅਮਲੇ ਨੂੰ ਮਰੀਜ਼ਾਂ ਪ੍ਰਤੀ ਰਵੱਈਆ ਬਦਲਣ ਦੀ ਤਾਕੀਦ
ਪਟਿਆਲਾ (ਸਰਬਜੀਤ ਸਿੰਘ ਭੰਗੂ): ਆਮ ਆਦਮੀ ਪਾਰਟੀ (ਆਪ) ਦੇ ਸੱਤਾ ’ਚ ਆਉਣ ’ਤੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਮਸਲਿਆਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਕਾਰਵਾਈ ਨੂੰ ਚੋਣਾਂ ਦੌਰਾਨ ਅਹਿਮ ਏਜੰਡੇ ਵਜੋਂ ਪ੍ਰਚਾਰਿਆ ਗਿਆ ਸੀ। ਇਸ ਦਾ ਅਸਰ ਅੱਜ ਇੱਥੇ ਵੇਖਣ ਨੂੰ ਮਿਲਿਆ। ‘ਆਪ’ ਦੇ ਸੱਤਾ ’ਚ ਆਉਣ ਤੋਂ ਕੁਝ ਘੰਟਿਆਂ ਮਗਰੋਂ ਹੀ ਸਿਹਤ ਵਿਭਾਗ ਹਰਕਤ ’ਚ ਆ ਗਿਆ ਹੈ। ਇਸ ਦੌਰਾਨ ਜਾਰੀ ਕੀਤੇ ਗਏ ਇੱਕ ਪੱਤਰ ’ਚ ਨਾ ਸਿਰਫ਼ ਡਾਕਟਰਾਂ ਅਤੇ ਸਿਹਤ ਅਮਲੇ ਨੂੰ ਡਿਊਟੀ ਪ੍ਰਤੀ ਪਾਬੰਦ ਰਹਿਣ ਲਈ, ਬਲਕਿ ਮਰੀਜ਼ਾਂ ਪ੍ਰਤੀ ਰਵੱਈਆ ਬਦਲਣ ਦੀ ਤਾਕੀਦ ਵੀ ਕੀਤੀ ਗਈ ਹੈ। ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਵੱਲੋਂ ‘ਸਮੇਂ ਦੀ ਪਾਬੰਦੀ’ ਦੇ ਸਿਰਲੇਖ ਹੇਠ ਪੱਤਰ ਜਾਰੀ ਕੀਤਾ ਗਿਆ ਹੈ। ਇਸ ਪੱਤਰ ਵਿੱਚ ਪ੍ਰਿੰਸੀਪਲ ਨੇ ਸਾਰਿਆਂ ਨੂੰ ਸਮੇਂ ਦੀ ਪਾਬੰਦੀ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਅਨੁਸ਼ਾਸਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ। ਉਧਰ ਪਟਿਆਲਾ ਸ਼ਹਿਰੀ ਤੇ ਦਿਹਾਤੀ ਹਲਕੇ ਤੋਂ ‘ਆਪ’ ਦੇ ਵਿਧਾਇਕ ਬਣੇ ਅਜੀਤਪਾਲ ਕੋਹਲੀ ਤੇ ਡਾ. ਬਲਬੀਰ ਸਿੰਘ ਸਮੇਤ ਹਰਪਾਲ ਸਿੰਘ ਚੀਮਾ ਆਖਦੇ ਹਨ ਕਿ ‘ਆਪ’ ਸਰਕਾਰ ਲੋਕਾਂ ਲਈ ਨਿਰਧਾਰਤ ਸਾਰੀਆਂ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਲਈ ਪਾਬੰਦ ਹੈ। ਸੰਪਰਕ ਕਰਨ ’ਤੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਇਹ ਪੱਤਰ ਰੁਟੀਨ ਦੀ ਕਾਰਵਾਈ ਹੈ।