ਪਾਲ ਸਿੰਘ ਨੌਲੀ
ਜਲੰਧਰ, 9 ਅਕਤੂਬਰ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਕੀਤੇ ਸੰਘਰਸ਼ ਸਦਕਾ ਤਿੰਨ ਪਿੰਡਾਂ ਬੱਖੂਨੰਗਲ, ਬ੍ਰਹਮਪੁਰ ਤੇ ਕਾਲਾਖੇੜਾ ਵਿੱਚ ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ ਦੇਣ ਦੇ ਮਤੇ ਪੰਚਾਇਤਾਂ ਨੇ ਪਾਸ ਕਰ ਦਿੱਤੇ ਹਨ ਜਦ ਕਿ ਬਿਸਰਾਮਪੁਰ ਪਿੰਡ ਵਿੱਚ ਕੁਝ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਯੂਨੀਅਨ ਵੱਲੋਂ ਵਧੀਕੀ ਕਰਨ ਵਾਲੇ ਲੋਕਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਪੇਂਡੂ ਮਜ਼ਦੂਰ ਆਪਣੇ ਅਧਿਕਾਰ ਮੰਗ ਰਹੇ ਹਨ ਜਿਸ ਨੂੰ ਉਹ ਪ੍ਰਾਪਤ ਕਰਕੇ ਹੀ ਰਹਿਣਗੇ।
ਇਸ ਮੌਕੇ ਯੂਨੀਅਨ ਵੱਲੋਂ ਬੇਜ਼ਮੀਨੇ ਕਿਰਤੀ ਲੋਕਾਂ ਦੇ ਰਿਹਾਇਸ਼ੀ ਪਲਾਟਾਂ ਦਾ ਹੱਕ ਮਾਰਨ ਵਾਲੀਆਂ ਪੰਚਾਇਤਾਂ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਸੰਘਰਸ਼ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਸੱਤਾ ਉੱਤੇ ਕਾਬਜ਼ ਧਿਰਾਂ ਖ਼ਾਸਕਰ ਆਰਐੱਸਐੱਸ ਤੇ ਮੋਦੀ ਸਰਕਾਰ ਆਪਣੇ ਫਿਰਕੂ ਏਜੰਡੇ ਨੂੰ ਲਾਗੂ ਕਰਨਾ ਚਾਹੁੰਦੀ ਹੈ। ਮੋਦੀ ਸਰਕਾਰ ਇਸ ਏਜੰਡੇ ਨੂੰ ਹਵਾ ਦੇ ਕੇ ਲੋਕ ਵਿਰੋਧੀ ਖੇਤੀ, ਅਨਾਜ ਅਤੇ ਭੋਜਨ ਸੁਰੱਖਿਆ ਵਿਰੋਧੀ ਕਾਲੇ ਕਾਨੂੰਨਾਂ ਨੂੰ ਖਤਮ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਅੰਦੋਲਨ ਨੂੰ ਫੇਲ੍ਹ ਕਰਨ ਦੀਆਂ ਸਾਜਿਸ਼ਾਂ ਘੜ ਰਹੀ ਹੈ। ਇਸ ਤਹਿਤ ਕਿਸਾਨਾਂ ਮਜ਼ਦੂਰਾਂ ਦੇ ਸਾਂਝੇ ਇਸ ਅੰਦੋਲਨ ਵਿੱਚ ਲੱਗ ਰਹੇ ਕਿਸਾਨ ਮਜ਼ਦੂਰ ਏਕਤਾ ਜ਼ਿਦਾਬਾਦ ਦੇ ਨਾਅਰੇ ਖਿਲਾਫ਼ ਜ਼ਹਿਰ ਘੋਲ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਕਾਲਾਖੇੜਾ ਵਿੱਚ ਮਜ਼ਦੂਰਾਂ ਕਿਸਾਨਾਂ ਨੇ ਮਿਲਜੁਲ ਕੇ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਲਈ ਮਤਾ ਪਾਸ ਕੀਤਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਗਰੀਬਾਂ ਨੂੰ ਉਨ੍ਹਾਂ ਦੇ ਬਣਦੇ ਸੰਵਿਧਾਨਕ ਹੱਕ ਦੇਣ ਤੋਂ ਵੀ ਆਨਾਕਾਨੀ ਕਰ ਰਹੀਆਂ ਹਨ ਅਤੇ ਮਜ਼ਦੂਰ ਆਪਣੇ ਹੱਕ ਲੈ ਕੇ ਰਹਿਣਗੇ। ਅਤੇ ਰਸਤੇ ਵਿੱਚ ਆਉਣ ਵਾਲੇ ਕਿਸੇ ਵੀ ਅੜਿੱਕੇ ਦਾ ਏਕੇ ਨਾਲ ਟਾਕਰਾ ਕਰਨਗੇ।
ਵੱਖ-ਵੱਖ ਪਿੰਡਾਂ ਵਿੱਚ ਹੋਏ ਇਜਲਾਸ ਮੌਕੇ ਯੂਨੀਅਨ ਦੇ ਆਗੂ ਜਸਵੀਰ ਗੋਰਾ ਬੱਖੂਨੰਗਲ, ਪਰਮਜੀਤ ਮੀਕੋ, ਕੰਚਨ, ਜਰਨੈਲ ਸਿੰਘ, ਕਰਮਜੀਤ ਸਿੰਘ, ਪੰਚਾਇਤ ਵਿਭਾਗ ਵੱਲੋਂ ਜੇਈ ਅਸ਼ਵਨੀ ਗੇਰਾ,ਪੰਚਾਇਤ ਸਕੱਤਰ ਸੁਖਦੇਵ ਅਤੇ ਪਿੰਡਾਂ ਦੇ ਸਰਪੰਚ,ਪੰਚ ਅਤੇ ਸਥਾਨਕ ਯੂਨੀਅਨ ਅਮਰੀਕ ਸਿੰਘ ਕਾਲਾ ਖੇੜਾ, ਬੀਕੇਯੂ ਕਾਦੀਆਂ ਦੇ ਆਗੂ ਚਰਨਜੀਤ ਸਿੰਘ ਕਾਲਾ ਖੇੜਾ, ਸਰਪੰਚ ਸ੍ਰੀਮਤੀ ਰਾਜਰਾਣੀ,ਪੰਚ ਹਰਬੰਸ ਕੌਰ, ਸੁਰਜੀਤ ਕੌਰ,ਬਿੱਕਰ ਸਿੰਘ,ਜਗਦੇਵ ਸਿੰਘ ਅਤੇ ਸਰਪੰਚ ਪਤੀ ਸਵਰਨ ਦਾਸ ਆਦਿ ਹਾਜ਼ਰ ਸਨ।
ਵਫਦ ਨੇ ਬੇਜ਼ਮੀਨੇ ਲੋਕਾਂ ਲਈ ਰਿਹਾਇਸ਼ੀ ਪਲਾਟਾਂ ਦੀ ਮੰਗ ਕੀਤੀ
ਬਲਾਚੌਰ (ਸੁਭਾਸ਼ ਜੋਸ਼ੀ): ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਵਫਦ ਬੀਡੀਪੀਓ ਬਲਾਚੌਰ ਨੂੰ ਮਿਲਿਆ। ਮਜ਼ਦੂਰਾਂ ਦੇ ਤਹਿਸੀਲ ਪ੍ਰਧਾਨ ਅਸ਼ੋਕ ਕੁਲਾਰ ਅਤੇ ਗੁਰਮੀਤ ਸਿੰਘ ਬੂਲੇਵਾਲ ਨੇ ਦੱਸਿਆ ਕਿ ਮਜ਼ਦੂਰਾਂ ਦੇ ਸੰਘਰਸ਼ ਸਦਕਾ ਪਿੰਡਾਂ ਵਿੱਚ ਬੇਜ਼ਮੀਨੇ ਲੋਕਾਂ ਨੂੰ ਸਰਕਾਰ ਨੇ 5 ਮਰਲੇ ਦਾ ਰਿਹਾਇਸ਼ੀ ਪਲਾਟ ਦੇਣ ਦਾ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਲੋਕਲ ਪ੍ਰਸ਼ਾਸਨ ਉੱਤੇ ਦੋਸ਼ ਲਗਾਇਆ ਹੈ ਕਿ ਪਿੰਡਾਂ ਵਿੱਚ ਬੇਜ਼ਮੀਨੇ ਲੋਕਾਂ ਦੇ ਰਿਹਾਇਸ਼ੀ ਪਲਾਟਾਂ ਦੇ ਮਤੇ ਪਾਉਣ ’ਚ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਗਰੀਬਾਂ ਨੂੰ ਬਣਦਾ ਹੱਕ ਦਿੱਤਾ ਜਾਵੇ। ਬੀਡੀਪੀਓ ਦਰਸ਼ਨ ਸਿੰਘ ਨੇ ਭਰੋਸਾ ਕਿ ਜਿੰਨੇ ਜ਼ਰੂਰਤਮੰਦ ਮਜ਼ਦੂਰ ਬੇਜ਼ਮੀਨੇ ਲੋਕ ਹਨ, ਸਾਰਿਆਂ ਦੇ ਮਤੇ ਪਾਉਣ ਲਈ ਲਈ ਪ੍ਰਸ਼ਾਸ਼ਨ ਹਰਕਤ ਵਿੱਚ ਹੈ। ਇਸ ਮੌਕੇ ਜਰਨੈਲ ਸਾਹਦੜਾ, ਚਮਨ ਲਾਲ, ਰੇਸ਼ਮ ਕੌਰ, ਸੁਰਿੰਦਰ ਕੌਰ ਮਿੰਦਰ ਕੌਰ, ਊਸ਼ਾ ਰਾਣੀ ਬੱਛੁਆਂ, ਮਨਜੀਤ ਕੌਰ, ਕੁਲਵਿੰਦਰ ਕੌਰ, ਕਮਲਜੀਤ ਕੌਰ ਟੱਪਰੀਆਂ, ਕੁਲਦੀਪ ਕੌਰ ਆਦਿ ਹਾਜ਼ਰ ਸਨ।