ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਦਰੇਸੀ ਦੇ ਇਲਾਕੇ ਵਿੱਚ ਤਿੰਨ ਨੌਸਰਬਾਜ਼ ਔਰਤਾਂ ਨੇ ਇਕ ਬਜ਼ੁਰਗ ਔਰਤ ਦੀਆਂ ਹੱਥ ਵਿੱਚ ਪਾਈਆਂ ਸੋਨੇ ਦੀਆਂ ਵੰਗਾਂ ਲਾਹ ਲਈਆਂ। ਇਸ ਸਬੰਧੀ ਪੁਲੀਸ ਨੂੰ ਊਸ਼ਾ ਰਾਣੀ (61 ਸਾਲ) ਪਤਨੀ ਰਾਮ ਨਾਥ ਧਵਨ ਵਾਸੀ ਨਿਊ ਵਿਸ਼ਨੂਪੁਰੀ ਨੇ ਦੱਸਿਆ ਹੈ ਕਿ ਉਹ ਸਵੇਰੇ ਸੈਰ ਲਈ ਗੰਦੇ ਨਾਲੇ ਨਾਲ ਜਾ ਰਹੀ ਸੀ ਤਾਂ ਚੌਕ ਸ਼ਿਵਪੁਰੀ ਕੋਲ ਇਕ ਸਵਿਫਟ ਕਾਰ ਵਿੱਚ ਤਿੰਨ ਔਰਤਾਂ ਅਤੇ ਇਕ ਵਿਅਕਤੀ ਨੇ ਉਸ ਨੂੰ ਰੋਕ ਲਿਆ। ਅੱਗੇ ਬੈਠੀ ਔਰਤ ਨੇ ਸ਼ੀਸ਼ਾ ਖੋਲ੍ਹ ਕੇ ਉਸ ਨਾਲ ਗੱਲਬਾਤ ਕੀਤੀ ਅਤੇ ਚਲਾਕੀ ਨਾਲ ਖੱਬੇ ਹੱਥ ਵਿੱਚ ਪਾਈ ਸੋਨੇ ਦੀ ਵੰਗ ਲਾਹ ਲਈ। ਉਸ ਨੇ ਪਿੱਛੇ ਬੈਠੀ ਆਪਣੀ ਭੈਣ ਨਾਲ ਵੀ ਉਸ ਬਜ਼ੁਰਗ ਔਰਤ ਨੂੰ ਮਿਲਾਇਆ ਜਿਸ ਨੇ ਵੀ ਜੱਫੀ ਪਾ ਕੇ ਉਸ ਦੀ ਸੱਜੀ ਬਾਂਹ ਦੀ ਵੰਗ ਲਾਹ ਲਈ।