ਪੱਤਰ ਪ੍ਰੇਰਕ
ਰਾਮਾਂ ਮੰਡੀ, 9 ਅਕਤੂਬਰ
ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਕੰਡਕਟਰ ਦੀ ਮਿਲੀਭੁਗਤ ਨਾਲ ਚੈੱਕਰਾਂ ਵੱਲੋਂ ਯਾਤਰੀ ਨਾਲ ਕਥਿਤ ਤੌਰ ਤੇ’ ਠੱਗੀ ਮਾਰੀ ਗਈ।
ਪੀੜਤ ਯਾਤਰੀ ਧਰਮਵੀਰ ਵਾਸੀ ਅਜਮੇਰ (ਰਾਜਸਥਾਨ) ਜੋ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ (ਨੰ. ਪੀ ਬੀ 03 ਏ ਸੀ-8020) ਵਿੱਚ ਦੁਪਹਿਰ 11 ਵਜੇ ਤਲਵੰਡੀ ਸਾਬੋ ਤੋਂ ਰਾਮਾਂ ਵੱਲ ਜਾ ਰਿਹਾ ਸੀ, ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਕੰਡਕਟਰ ਤੋਂ ਦੋ ਵਾਰ ਟਿਕਟ ਮੰਗੀ ਪਰ ਕੰਡਕਟਰ ਨੇ ਗੱਲ ਅਣਸੁਣੀ ਕਰ ਦਿੱਤੀ। ਇੰਨੀ ਦੇਰ ’ਚ ਦੋ ਟਿਕਟ ਚੈੱਕਰ ਜਗਦੀਸ਼ ਸਿੰਘ ਅਤੇ ਕਰਮ ਚੰਦ ਜੋ ਬੱਸ ਵਿੱਚ ਹੀ ਬੈਠੇ ਹੋਏ ਸਨ, ਨੇ ਉਸ ਨੂੰ ਟਿਕਟ ਦਿਖਾਉਣ ਲਈ ਕਿਹਾ ਪਰ ਯਾਤਰੀ ਦੇ ਇਹ ਕਹਿਣ ’ਤੇ ਕਿ ਉਸ ਨੇ ਕੰਡਕਟਰ ਤੋਂ ਦੋ ਵਾਰ ਟਿਕਟ ਮੰਗੀ ਸੀ। ਕੰਡਕਟਰ ਵੱਲੋਂ ਯਾਤਰੀ ਨੂੰ ਟਿਕਟ ਨਾ ਦੇਣ ਬਾਰੇ ਬੱਸ ’ਚ ਸਫਰ ਕਰ ਰਹੇ ਇੱਕ ਪੱਤਰਕਾਰ ਨੇ ਵੀ ਚੈੱਕਰਾਂ ਨੂੰ ਦੱਸਿਆ ਪਰ ਚੈੱਕਰ ਉਲਟਾ ਪੱਤਰਕਾਰ ਨਾਲ ਉਲਝ ਪਏ ਅਤੇ ਯਾਤਰੀ ਤੋਂ ਟਿਕਟ ਨਾ ਲੈਣ ਦੇ ਬਦਲੇ 100 ਰੁਪਏ ਜੁਰਮਾਨਾ ਲੈ ਲਿਆ ਅਤੇ ਉਸ ਬਦਲੇ ਫਰਜ਼ੀ ਰਸੀਦ ਨੰ.17191 ਦੇ ਦਿੱਤੀ ਜਿਸ ਵਿੱਚ ਯਾਤਰੀ ਦਾ ਨਾਮ, ਸਫਰ, ਬੱਸ ਨੰਬਰ, ਜੁਰਮਾਨੇ ਦੀ ਰਕਮ ਬਾਰੇ ਕੁਝ ਵੀ ਨਹੀਂ ਲਿਖਿਆ ਗਿਆ ਅਤੇ ਨਾ ਹੀ ਚੈੱਕਰਾਂ ਵੱਲੋਂ ਰਸੀਦ ’ਤੇ ਦਸਤਖਤ ਕੀਤੇ ਗਏ।
ਯਾਤਰੀ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਨ੍ਹਾਂ ਚੈੱਕਰਾਂ ਵਿਰੁੱਧ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਬੰਧੀ ਜਦੋਂ ਆਰ.ਟੀ.ਏ. ਬਠਿੰਡਾ ਹਰਜੋਤ ਕੌਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਛੁੱਟੀ ’ਤੇ ਚੱਲ ਰਹੇ ਹਨ।