ਸਿਓਲ, 5 ਅਕਤੂਬਰ
ਅਮਰੀਕਾ ਨਾਲ ‘ਲਾਈਵ-ਫਾਇਰ ਡਰਿੱਲ’ ਦੌਰਾਨ ਅੱਜ ਦੱਖਣੀ ਕੋਰੀਆ ਦੀ ਬੈਲਿਸਟਿਕ ਮਿਜ਼ਾਈਲ ਉਡਾਨ ਭਰਦਿਆਂ ਹੀ ਡਿੱਗ ਗਈ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਨੇ ਬੀਤੇ ਦਿਨ ਇੱਕ ਬੈਲਿਸਟਿਕ ਮਿਜ਼ਾਈਲ ਦਾ ਸਫਲ ਪਰੀਖਣ ਕੀਤਾ ਸੀ, ਜੋ ਜਾਪਾਨ ਉੱਪਰੋਂ ਲੰਘੀ ਸੀ। ਇਹ ਮਿਜ਼ਾਈਲ ਅਮਰੀਕਾ ਦੇ ਗੁਆਮ ਖੇਤਰ ਨੂੰ ਨਿਸ਼ਾਨਾ ਬਣਾਉਣ ਵਿੱਚ ਸਮਰੱਥ ਹੈ।
ਦੱਖਣੀ ਕੋਰੀਆ ਦੀ ਮਿਜ਼ਾਈਲ ਡਿੱਗਣ ਤੋਂ ਬਾਅਦ ਧਮਾਕੇ ਅਤੇ ਅੱਗ ਲੱਗਣ ਦੀ ਘਟਨਾ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਸਰਕਾਰੀ ਅਤੇ ਫ਼ੌਜ ਦੇ ਅਧਿਕਾਰੀਆਂ ਵੱਲੋਂ ਕਈ ਘੰਟਿਆਂ ਤੱਕ ਇਸ ਸਬੰਧੀ ਕੋਈ ਬਿਆਨ ਜਾਰੀ ਨਾ ਕੀਤੇ ਜਾਣ ਕਾਰਨ ਸ਼ੁਰੂਆਤ ’ਚ ਲੋਕਾਂ ਨੇ ਇਸ ਨੂੰ ਉੱਤਰੀ ਕੋਰੀਆ ਦਾ ਹਮਲਾ ਮੰਨਿਆ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਕਿਹਾ ਕਿ ਘੱਟ ਦੂਰੀ ਦੀ ਹਿਊਮੂ-2 ਮਿਜ਼ਾਈਲ ਸ਼ਹਿਰ ਦੇ ਬਾਹਰਵਾਰ ਇੱਕ ਹਵਾਈ ਸੈਨਾ ਦੇ ਬੇਸ ਅੰਦਰ ਕਰੈਸ਼ ਹੋ ਗਈ। ਉਨ੍ਹਾਂ ਦੱਸਿਆ ਕਿ ਧਮਾਕੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਮਿਜ਼ਾਈਲ ਦਾ ਬਾਰੂਦੀ ਸਿਰਾ ਨਹੀਂ ਫਟਿਆ ਅਤੇ ਅੱਗ ਰਾਕੇਟ ਵਿੱਚ ਰੱਖੇ ਬਾਰੂਦ ਸੜਨ ਕਾਰਨ ਲੱਗੀ ਹੈ। ਉਨ੍ਹਾਂ ਦੱਸਿਆ ਕਿ ਮਿਜ਼ਾਈਲ ਉਡਾਨ ਭਰਨ ਤੋਂ ਤੁਰੰਤ ਬਾਅਦ ਡਿੱਗ ਗਈ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਫੌਜਾਂ ਉੱਤਰੀ ਕੋਰੀਆ ਵੱਲੋਂ ਦੱਖਣ ’ਤੇ ਹਮਲਾ ਕੀਤੇ ਜਾਣ ’ਤੇ ਉਸ ਨਾਲ ਨਜਿੱਠਣ ਦੀ ਆਪਣੀ ਸਮਰੱਥਾ ਦਿਖਾਉਣ ਲਈ ਸੰਯੁਕਤ ਅਭਿਆਸ ਕਰ ਰਹੀਆਂ ਹਨ। ਇਸ ਤਹਿਤ ਐੱਫ-15 ਲੜਾਕੂ ਜਹਾਜ਼ਾਂ ਰਾਹੀਂ ਬੰਬਾਰੀ ਵੀ ਕੀਤੀ ਜਾ ਰਹੀ ਹੈ। -ਏਪੀ