ਸ਼ੇਰਪੁਰ (ਬੀਰਬਲ ਰਿਸ਼ੀ): ਖੇਤਬਾੜੀ ਮੋਟਰਾਂ ਦੀ ਬਿਜਲੀ ਨਿਰਧਾਰਿਤ ਤੋਂ ਘੱਟ ਦੇਣ ਅਤੇ 24 ਘੰਟੇ ਬਿਜਲੀ ਸਪਲਾਈ ’ਤੇ ਕੱਟ ਲਗਾਏ ਜਾਣ ਵਿਰੁੱਧ ਅੱਜ ਅੱਧੀ ਦਰਜਨ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਪਾਵਰਕੌਮ ਦਫ਼ਤਰ ਰੰਗੀਆਂ ਅੱਗੇ ਧੂਰੀ-ਬਰਨਾਲਾ ਸੜਕ ’ਤੇ ਚੱਕਾ ਜਾਮ ਕੀਤਾ। ਇਸ ਕਰ ਕੇ ਟਰੈਫਿਕ ਵਿੱਚ ਵਿਘਨ ਪਿਆ ਤੇ ਰਾਹ ਬਦਲ ਕੇ ਜਾਣ ਵਾਲੇ ਲੋਕ ਖੱਜਲ ਹੁੰਦੇ ਰਹੇ। ਜਾਣਕਾਰੀ ਅਨੁਸਾਰ ਪਿੰਡ ਹੇੜੀਕੇ, ਸੁਲਤਾਨਪੁਰ, ਰਣੀਕੇ, ਮੂਲੋਵਾਲ ਸਣੇ ਹੋਰ ਪਿੰਡਾਂ ਦੇ ਲੋਕਾਂ ਨੇ ਖੇਤੀਬਾੜੀ ਤੇ ਘਰਾਂ ਲਈ ਬਿਜਲੀ ਸਪਲਾਈ ਦੀ ਘਾਟ ਵਿਰੁੱਧ ਅੱਜ 66 ਕੇਵੀ ਗਰਿੱਡ ਰੰਗੀਆਂ ਅੱਗੇ ਧਰਨਾ ਦਿੱਤਾ। ਧਰਨਾਕਾਰੀਆਂ ਕੋਲ ਜਦੋਂ ਕਾਫ਼ੀ ਸਮਾਂ ਕੋਈ ਅਧਿਕਾਰੀ ਨਾ ਪੁੱਜਾ ਤਾਂ ਉਨ੍ਹਾਂ ਨੇ ਪਾਵਰਕੌਮ ਦਫ਼ਤਰ ਦੇ ਮੁੱਖ ਗੇਟ ਤੋਂ ਲੰਘਦੀ ਧੂਰੀ-ਬਰਨਾਲਾ ਸੜਕ ’ਤੇ ਚੱਕਾ ਜਾਮ ਕਰ ਦਿੱਤਾ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਜਰਨੈਲ ਸਿੰਘ, ਬਹਾਦਰ ਸਿੰਘ ਹੇੜੀਕੇ, ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ, ਕਾਂਗਰਸੀ ਆਗੂ ਅਵਤਾਰ ਸਿੰਘ ਹੇੜੀਕੇ, ਨੰਬਰਦਾਰ ਹਰਬੰਸ ਸਿੰਘ, ਕਲੱਬ ਪ੍ਰਧਾਨ ਹੈਰੀ ਸੁਲਤਾਨਪੁਰ, ਕਿਸਾਨ ਆਗੂ ਬਾਬੂ ਸਿੰਘ ਮੂਲੋਵਾਲ ਨੇ ਸੰਬੋਧਨ ਕੀਤਾ। ਇਸ ਮੌਕੇ ਐਕਸੀਅਨ ਧੂਰੀ ਮਨੋਜ ਕੁਮਾਰ ਨੇ ਦੱਸਿਆ ਕਿ ਪੈਡੀ ਸੀਜ਼ਨ 30 ਸਤੰਬਰ ਤੱਕ ਹੀ ਹੁੰਦਾ ਹੈ। ਇਸ ਤੋਂ ਇਲਾਵਾ ਕੋਲੇ ਦੀ ਘਾਟ ਕਾਰਨ ਬਿਜਲੀ ਸਪਲਾਈ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ 24 ਘੰਟੇ ਵਿੱਚ ਸਪਲਾਈ ’ਚ ਸੁਧਾਰ ਹੋ ਜਾਵੇਗਾ।