ਜਸਬੀਰ ਸ਼ੇਤਰਾ
ਜਗਰਾਉਂ, 10 ਮਾਰਚ
ਇਥੇ ਨੇੜਲੇ ਪਿੰਡ ਅਖਾੜਾ ਵਿੱਚ ਅੱਜ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਪੱਤਰਕਾਰ ਰਹੇ ਅਤੇ ਰਾਖਵਾਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਦੁਬਾਰਾ ਵਿਧਾਇਕ ਬਣੇ ਮਨਜੀਤ ਸਿੰਘ ਬਿਲਾਸਪੁਰ ਦਾ ਇਹ ਨਾਨਕਾ ਪਿੰਡ ਹੈ। ਉਨ੍ਹਾਂ ਦੇ ਲਗਾਤਾਰ ਦੂਜੀ ਵਾਰ ਵਿਧਾਇਕ ਦੀ ਚੋਣ ਜਿੱਤਣ ’ਤੇ ਨਾਨਕੇ ਪਿੰਡ ’ਚ ਲੱਡੂ ਵੰਡੇ ਗਏ ਅਤੇ ਦੇਰ ਸ਼ਾਮ ਤੱਕ ਪਿੰਡ ਦਾ ਦੋਹਤਾ ਜਿੱਤਣ ’ਤੇ ਭੰਗੜੇ ਪੈਂਦੇ ਰਹੇ। ‘ਆਪ’ ਦੇ ਵਾਲੰਟੀਅਰ ਵਿਧਾਇਕ ਬਿਲਾਸਪੁਰ ਦੇ ਨਾਨਕੇ ਘਰ ਲੱਡੂ ਲੈ ਕੇ ਪਹੁੰਚੇ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਪਿੰਡ ਵਾਸੀਆਂ ਨੂੰ ਵੀ ਲੱਡੂ ਵੰਡੇ ਗਏ। ਸਾਰਾ ਦਿਨ ਨਾਨਕਾ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਇਸ ਮੌਕੇ ਲੈਕਚਰਾਰ ਅੰਮ੍ਰਿਤਪਾਲ ਸਿੰਘ ਹੰਸਰਾ, ਅਜੀਤ ਸਿੰਘ ਅਖਾੜਾ, ਰਵਿੰਦਰ ਸਿੰਘ ਰਾਜਾ, ਭੁਪਿੰਦਰ ਸਿੰਘ ਮੁਰਲੀ, ਗੁਰਪ੍ਰੀਤ ਸਿੰਘ ਕੋਕਰੀ, ਜਗਜੀਤ ਸਿੰਘ ਜੱਗਾ, ਸੈਕਟਰੀ ਰਾਜੇਸਲ ਕੁਮਾਰ ਰਾਜੂ, ਰਵਿੰਦਰ ਸਿੰਘ ਸਿਵੀਆ, ਪ੍ਰਧਾਨ ਜੱਗਾ ਸਿੰਘ ਅਖਾੜਾ ਆਦਿ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਨਕਾਰ ਕੇ ਵੱਡਾ ਫਤਵਾ ‘ਆਪ’ ਨੂੰ ਦਿੱਤਾ ਹੈ ਅਤੇ ਹੁਣ ਨਵੀਂ ਬਣਨ ਵਾਲੀ ਸਰਕਾਰ ਲੋਕਾਂ ਨੂੰ ਵੱਡੀ ਉਮੀਦਾਂ ਹਨ ਜੋ ਪੂਰੀਆ ਕਰਨਾ ਇਸ ਪਾਰਟੀ ਦਾ ਫਰਜ਼ ਹੋਵੇਗਾ।