ਦੇਹਰਾਦੂਨ/ਉੱਤਰਕਾਸ਼ੀ, 5 ਅਕਤੂਬਰ
ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੀ ਦਰੋਪਦੀ ਕਾ ਡੰਡਾ-2 ਚੋਟੀ ’ਤੇ ਬਰਫ਼ ਦੇ ਤੋਦਿਆਂ ਦੀ ਮਾਰ ਹੇਠ ਆਏ ਪਰਬਤਾਰੋਹੀ ਦਲ ਦੇ 14 ਹੋਰ ਮੈਂਬਰਾਂ ਨੂੰ ਬਚਾਅ ਲਿਆ ਗਿਆ ਹੈ। ਇਨ੍ਹਾਂ ’ਚੋਂ 10 ਟਰੇਨੀ ਅਤੇ ਚਾਰ ਇੰਸਟ੍ਰਕਟਰ ਹਨ। ਇਸ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ 17,000 ਫੁੱਟ ਦੀ ਉਚਾਈ ਵਾਲੇ ਖੇਤਰ ਦਾ ਹਵਾਈ ਨਿਰੀਖਣ ਕੀਤਾ। ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰਾਂ ਦੀ ਸਹਾਇਤਾ ਨਾਲ ਵੱਖ ਵੱਖ ਬਚਾਅ ਏਜੰਸੀਆਂ ਵੱਲੋਂ ਹੋਰ ਲਾਪਤਾ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਆਈਟੀਬੀ ਦੇ ਚਾਰ ਜਵਾਨਾਂ ਨੂੰ ਸਵੇਰੇ ਚੀਤਾ ਅਤੇ ਏਐੱਲਐੱਚ ਹੈਲੀਕਾਪਟਰਾਂ ਰਾਹੀਂ ਡੋਕਰਾਨੀ ਗਲੇਸ਼ੀਅਰ ’ਚ ਲਾਪਤਾ ਵਿਅਕਤੀਆਂ ਦੀ ਭਾਲ ਲਈ ਭੇਜਿਆ ਗਿਆ। ਇਨ੍ਹਾਂ ਪਰਬਤਾਰੋਹੀਆਂ ਦੇ ਡੋਕਰਿਆਨੀ ਬਾਮਾਕ ਗਲੇਸ਼ੀਅਰ ’ਚ ਫਸੇ ਹੋਣ ਦੀ ਸੰਭਾਵਨਾ ਹੈ। ਇਹ ਸਿਖਿਆਰਥੀ ਪੱਛਮੀ ਬੰਗਾਲ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਯੂਪੀ, ਤਾਮਿਲ ਨਾਡੂ, ਕਰਨਾਟਕ, ਅਸਾਮ ਅਤੇ ਗੁਜਰਾਤ ਤੋਂ ਹਨ। ਮ੍ਰਿਤਕਾਂ ’ਚ ਪਰਬਤਾਰੋਹੀ ਸਵਿਤਾ ਕਾਂਸਵਾਲ ਵੀ ਸ਼ਾਮਲ ਹੈ ਜਿਸ ਨੇ ਮਈ ’ਚ ਐਵਰੈਸਟ ਚੋਟੀ ਸਰ ਕੀਤੀ ਸੀ। ਉਹ ਉੱਤਰਕਾਸ਼ੀ ਜ਼ਿਲ੍ਹੇ ਦੇ ਪਿੰਡ ਲੋਂਥਰੂ ਦੀ ਵਸਨੀਕ ਹੈ। ਉੱਤਰਕਾਸ਼ੀ ਆਧਾਰਿਤ ਨਹਿਰੂ ਇੰਸਟੀਚਿਊਟ ਆਫ਼ ਮਾਊਂਟੇਨਅਰਿੰਗ ਦੇ ਕਰਨਲ ਅਮਿਤ ਬਿਸ਼ਟ ਨੇ ਮੰਗਲਵਾਰ ਨੂੰ ਕਿਹਾ ਸੀ ਕਿ 10 ਲਾਸ਼ਾਂ ਦਾ ਪਤਾ ਲੱਗਾ ਹੈ ਜਿਨ੍ਹਾਂ ’ਚੋਂ ਚਾਰ ਮਿਲ ਗਈਆਂ ਹਨ। ਇਸ ਤੋਂ ਪਹਿਲਾਂ ਉੱਤਰਾਖੰਡ ਪੁਲੀਸ ਨੇ 17 ਹਜ਼ਾਰ ਫੁੱਟ ਦੀ ਉਚਾਈ ’ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ 28 ਸਿਖਿਆਰਥੀ ਪਰਬਤਾਰੋਹੀਆਂ ਦੇ ਲਾਪਤਾ ਹੋਣ ਦੀ ਸੂਚੀ ਜਾਰੀ ਕੀਤੀ ਸੀ। ਐੱਸਡੀਐੱਮ ਛਤਰ ਸਿੰਘ ਚੌਹਾਨ ਨੇ ਕਿਹਾ ਕਿ ਬਚਾਏ ਗਏ 14 ਮੈਂਬਰਾਂ ’ਚੋਂ ਛੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹੈਲੀਕਾਪਟਰਾਂ ਰਾਹੀਂ ਮਾਟਲੀ ਪਹੁੰਚਾਇਆ ਗਿਆ ਹੈ। ਪਹਿਲਾਂ ਬਚਾਏ ਗਏ ਅੱਠ ਪਰਬਤਾਰੋਹੀਆਂ ਨੂੰ ਇੰਸਟੀਚਿਊਟ ਭੇਜਿਆ ਜਾ ਰਿਹਾ ਹੈ। -ਪੀਟੀਆਈ