ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 10 ਮਾਰਚ
ਇਸ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਰਜੋਤ ਸਿੰਘ ਬੈਂਸ ਨੂੰ ਰਿਕਾਰਡ ਫਰਕ ਦੇ ਨਾਲ ਜਿਤਾ ਕੇ ਜਿੱਥੇ ਇਤਿਹਾਸ ਨੂੰ ਦੁਹਰਾਇਆ ਹੈ ਉੱਥੇ ਹੀ ਹਿੰਦੂ ਬਹੁਗਿਣਤੀ ਵੋਟਾਂ ਵਾਲੇ ਇਸ ਹਲਕੇ ਅੰਦਰ ਪਹਿਲੀ ਵਾਰ ਜੱਟ ਸਿੱਖ ਉਮੀਦਵਾਰ ਨੂੰ ਜਿਤਾਇਆ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਬਾਰੇ ਇਹ ਮੱਤ ਹੈ ਕਿ ਜਿਹੜੀ ਪਾਰਟੀ ਦਾ ਉਮੀਦਵਾਰ ਇਸ ਹਲਕੇ ਤੋਂ ਜਿੱਤਦਾ ਹੈ ਉਸੇ ਪਾਰਟੀ ਦੀ ਸਰਕਾਰ ਸੂਬੇ ਦੀ ਸੱਤਾ ਉੱਤੇ ਕਾਬਜ਼ ਹੁੰਦੀ ਹੈ ਤੇ ਇਹੋ ਮੱਤ ਅੱਜ ਆਏ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਕ ਵਾਰ ਫਿਰ ਸੱਚ ਸਿੱਧ ਹੋਇਆ ਹੈ ਕਿਉਂਕਿ ਇਸ ਹਲਕੇ ਤੋਂ ਚੋਣ ਲੜ ਰਹੇ ਹਰਜੋਤ ਸਿੰਘ ਬੈਂਸ ਜਿੱਥੇ ਸ੍ਰੀ ਆਨੰਦਪੁਰ ਸਾਹਿਬ ਦੇ ਸਭ ਤੋਂ ਛੋਟੀ ਉਮਰ ਵਾਲੇ ਵਿਧਾਇਕ ਬਣੇ ਹਨ ਉੱਥੇ ਹੀ ਸਮੁੱਚੇ ਸੂਬੇ ਅੰਦਰ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਹੈ। ਇਥੋਂ ਨੌਜਵਾਨ ਵਕੀਲ ਨੇ ਤਜਰਬੇਕਾਰ ਵਕੀਲ ਨੂੰ ਹਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਸਮਝਿਆ ਜਾ ਰਿਹਾ ਸੀ ਕਿ ਜ਼ਿਲ੍ਹਾ ਰੋਪੜ ਦੇ ਜਰਨੈਲ ਵਜੋਂ ਜਾਣੇ ਜਾਂਦੇ ਰਾਣਾ ਕੇਪੀ ਸਿੰਘ ਕੋਈ ਹਰਾ ਨਹੀਂ ਸਕਦਾ ਪਰ ਆਪ ਦੇ ਹੱਕ ਵਿੱਚ ਚੱਲੇ ਤੂਫਾਨ ਨੇ ਰਾਣਾ ਕੇ ਪੀ ਦੇ ਕਿਲ੍ਹੇ ਨੂੰ ਢਹਿ ਢੇਰੀ ਕਰਦੇ ਹੋਏ ਰਿਕਾਰਡ ਤੋੜ ਫ਼ਰਕ ਨਾਲ ਹਰਾ ਕੇ ਜਿੱਤ ਦਾ ਪਰਚਮ ਲਹਿਰਾਇਆ ਹੈ।