ਨਵੀਂ ਦਿੱਲੀ, 10 ਮਾਰਚ
ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਵੀਰਵਾਰ ਨੂੰ ਆਏ ਨਤੀਜੇ ਦਰਸਾਉਂਦੇ ਹਨ ਚਾਰ ਸੂਬਿਆਂ ਵਿੱਚ ਭਾਜਪਾ ਦਾ ਵੋਟ ਸ਼ੇਅਰ ਵਧਿਆ ਹੈ, ਜਦੋਂ ਕਿ ਉਤਰਾਖੰਡ ਵਿੱਚ ਘਟਿਆ ਹੈ। ਪੰਜਾਬ ਵਿੱਚ ਭਾਜਪਾ ਸਿਰਫ ਦੋ ਸੀਟਾਂ ਹੀ ਜਿੱਤ ਸਕੀ। ਉੱਤਰ ਪ੍ਰਦੇਸ਼ ਵਿੱਚ ਭਗਵਾ ਪਾਰਟੀ ਦਾ ਵੋਟ ਸੇ਼ਅਰ 39.67 ਫੀਸਦੀ ਤੋਂ ਵੱਧ ਕੇ 41.8 ਹੋ ਗਿਆ, ਜੋ 2.13 ਫੀਸਦੀ ਦਾ ਵਧਾ ਦਰਸਾਉਂਦਾ ਹੈ। ਇਥੇ ਪੰਜ ਸਾਲ ਪਹਿਲਾਂ ਉਸ ਨੂੰ 312 ਸੀਟਾਂ ਮਿਲੀਆਂ ਸਨ। ਸ਼ਾਮ 7.30 ਵਜੇ ਤਕ ਆਏ ਨਤੀਜਿਆਂ ਅਨੁਸਾਰ ਪਾਰਟੀ 81 ਸੀਟਾਂ ਜਿੱਤ ਚੁੱਕੀ ਹੈ ਤੇ 168 ’ਤੇ ਅੱਗੇ ਚਲ ਰਹੀ ਹੈ। ਸਮਾਜਵਾਦੀ ਪਾਰਟੀ ਦਾ ਵੋਟ ਸ਼ੇਅਰ 21.82 ਤੋਂ ਵਧ ਕੇ 32.02 ਫੀਸਦੀ ਹੋ ਗਿਆ ਹੈ ਜੋ 21 ਸੀਟਾਂ ਜਿੱਤ ਚੁੱਕੀ ਹੈ ਤੇ 95 ’ਤੇ ਅੱਗੇ ਚਲ ਰਹੀ ਹੈ। ਬਸਪਾ ਜਿਸ ਨੂੰ 2017 ਵਿੱਚ 22.23 ਫੀਸਦੀ ਵੋਟਾਂ ਮਿਲੀਆਂ ਸਨ, ਇਸ ਵਾਰ 12.66 ਫੀਸਦੀ ਦੇ ਨਾਲ ਤੀਜੇ ਸਥਾਨ ’ਤੇ ਹੈ ਤੇ ਉਹ 1 ਸੀਟ ’ਤੇ ਲੀਡ ਕਰ ਰਹੀ ਹੈ। ਸਪਾ ਦਾ ਵੋਟ ਸ਼ੇਅਰ 10.2 ਫੀਸਦੀ ਵਧਿਆ ਹੈ ਜਦੋਂ ਬਸਪਾ ਦਾ ਵੋਟ ਸ਼ੇਅਰ 9.57 ਫੀਸਦੀ ਘਟਿਆ ਹੈ। ਕਾਂਗਰਸ ਦਾ ਵੋਟ ਸ਼ੇਅਰ 2017 ਵਿੱਚ 6.25 ਫੀਸਦੀ ਸੀ, ਜੋ ਡਿੱਗ ਕੇ 2.4 ਫੀਸਦੀ ਰਹਿ ਗਿਆ ਹੈ। ਉੱਤਰਾਖੰਡ ਹੀ ਇਕੋ ਇਕ ਸੂਬਾ ਹੈ ਜਿਥੇ ਭਾਜਪਾ ਦਾ ਵੋਟ ਸ਼ੇਅਰ 46.5 ਫੀਸਦੀ ਤੋਂ ਘੱਟ ਕੇ 44.3 ਫੀਸਦੀ ਰਿਹਾ ਹੈ। ਪਾਰਟੀ ਇਥੇ 70 ਵਿਚੋਂ 57 ਸੀਟਾਂ ਜਿੱਤਣ ’ਚ ਸਫਲ ਰਹੀ। ਉਹ 32 ਸੀਟਾਂ ਜਿੱਤ ਚੁੱਕੀ ਹੈ ਤੇ 15 ਹੋਰਨਾਂ ’ਤੇ ਲੀਡ ਕਰ ਰਹੀ ਹੈ।
ਉਧਰ ਦੂਜੇ ਪਾਸੇ ਕਾਂਗਰਸ ਦਾ ਵੋਟ ਸ਼ੇਅਰ ਉਤਰਾਖੰਡ ਨੂੰ ਛੱਡ ਕੇ ਸਭ ਥਾਈਂ ਡਿੱਗਿਆ ਹੈ। ਵੋਟ ਸ਼ੇਅਰ ਵਧਣ ਦਾ ਅਸਰ ਉਸ ਵੱਲੋਂ ਜਿਤੀਆਂ ਸੀਟਾਂ ’ਤੇ ਅਸਰਅੰਦਾਜ਼ ਹੁੰਦਾ ਨਜ਼ਰ ਨਹੀਂ ਆਇਆ। ਪਾਰਟੀ ਨੇ ਇਥੇ 13 ਸੀਟਾਂ ਜਿੱਤੀਆਂ ਹਨ ਤੇ 6 ਹੋਰਨਾਂ ’ਤੇ ਲੀਡ ਕਰ ਰਹੀ ਹੈ। ਗੋਆ ਵਿੱਚ ਭਾਜਪਾ ਦਾ ਵੋਟ ਸ਼ੇਅਰ 32.5 ਫੀਸਦੀ ਤੋਂ ਵਧ ਕੇ 33.2 ਫੀਸਦੀ ਹੋਇਆ ਹੈ। ਇਥੇ ਕਾਂਗਰਸ ਦਾ ਵੋਟ ਸ਼ੇਅਰ 28.4 ਫੀਸਦੀ ਤੋਂ ਘਟ ਕੇ 23.5 ਫੀਸਦੀ ਰਹਿ ਗਿਆ ਹੈ। ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਵੱਡਾ ਉਲਟਫੇਰ ਕੀਤਾ ਹੈ। 2017 ਦੀਆਂ 20 ਸੀਟਾਂ ਦੇ ਮੁਕਾਬਲੇ ਪਾਰਟੀ ਨੇ ਇਥੇ 92 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ। ਇਥੇ ਕਾਂਗਰਸ ਦਾ ਵੋਟ ਸ਼ੇਅਰ 38.5 ਫੀਸਦੀ ਤੋਂ ਘੱਟ ਕੇ 23 ’ਤੇ ਆ ਗਿਆ ਹੈ। ਭਾਜਪਾ ਦਾ ਸ਼ੇਅਰ 5.4 ਫੀਸਦੀ ਤੋਂ ਵਧ ਕੇ 6.6 ਤੇ ਅਕਾਲੀ ਦਲ ਦਾ 25.2 ਤੋਂ ਘੱਟ ਕੇ 18.48 ਫੀਸਦੀ ਹੋ ਗਿਆ ਹੈ।
ਮਣੀਪੁਰ ਵਿੱਚ ਭਾਜਪਾ ਦਾ ਵੋਟ ਸ਼ੇਅਰ 36.5 ਫੀਸਦੀ ਤੋਂ ਵਧ ਦੇ 37.5 ਫੀਸਦੀ ਹੋ ਗਿਆ ਹੈ। ਇਥੇ ਕਾਂਗਰਸ ਦਾ ਵੋਟ ਸ਼ੇਅਰ 35.1 ਫੀਸਦੀ ਤੋਂ ਘੱਟ ਕੇ 16.48 ਫੀਸਦੀ ਰਹਿ ਗਿਆ ਹੈ। –ਏਜੰਸੀ