ਪਰਮਿੰਦਰ ਕੌਰ ਸਵੈਚ
ਪੁਰਾਣੇ ਸਮਿਆਂ ਦੀ ਤਰ੍ਹਾਂ ਅੱਜ ਵੀ ਅੰਧਵਿਸ਼ਵਾਸ ਦਾ ਬੋਲਬਾਲਾ ਹੈ। ਅੰਧਵਿਸ਼ਵਾਸ ਦਾ ਆਧਾਰ ਸਿਰਫ਼ ਤੇ ਸਿਰਫ਼ ਅਗਿਆਨਤਾ ਹੁੰਦੀ ਹੈ, ਪਰ ਉਸ ਦਾ ਬਾਹਰੀ ਢਾਂਚਾ ਵਿਸ਼ਵਾਸ ਹੁੰਦਾ ਹੈ। ਜਦੋਂ ਕਿਸੇ ਗੱਲ ਜਾਂ ਵਿਸ਼ਵਾਸ ਵਿੱਚੋਂ ਕਾਰਨ ਤੇ ਕਾਰਜ ਖ਼ਤਮ ਹੋ ਜਾਂਦਾ ਹੈ ਤਾਂ ਉਹ ਸਿਰਫ਼ ਮਨਘੜਤ ਵਿਸ਼ਵਾਸ ਹੁੰਦਾ ਹੈ ਤੇ ਬਿਨਾਂ ਸਿਰ ਪੈਰੋਂ ਉਹ ਅੰਧਵਿਸ਼ਵਾਸ ਬਣ ਜਾਂਦਾ ਹੈ।
ਪਹਿਲਾਂ ਪਹਿਲ ਮਨੁੱਖ ਨੂੰ ਕੁਦਰਤ ਦੀ ਐਨੀ ਸੋਝੀ ਨਹੀਂ ਸੀ ਤਾਂ ਉਸ ਨੇ ਆਪਣੀ ਅਗਿਆਨਤਾ ਵਸ ਕੁਦਰਤੀ ਵਾਪਰਨ ਵਾਲੇ ਵਰਤਾਰਿਆਂ ਦੇ ਭਰਮ ਭੁਲੇਖਿਆਂ ਤੋਂ ਬਚਣ ਦੇ ਉਪਾਅ ਲੱਭਣੇ ਸ਼ੁਰੂ ਕੀਤੇ। ਜਿਵੇਂ ਅਚਾਨਕ ਅੱਗ ਦਾ ਲੱਗਣਾ, ਮੀਂਹ ਦਾ ਪੈਣਾ ਜਾਂ ਨਾ ਪੈਣਾ, ਭੂਚਾਲ, ਤੂਫ਼ਾਨ, ਝੱਖੜਾਂ ਦਾ ਆਉਣਾ, ਗ੍ਰਹਿਣਾਂ ਦਾ ਲੱਗਣਾ, ਅਕਾਲ ਪੈ ਜਾਣਾ, ਪਲੇਗ ਵਰਗੀਆਂ ਬਿਮਾਰੀਆਂ ਦੀ ਕਰੋਪੀ ਆਦਿ ਦਾ ਆਉਣਾ, ਬਾਰੇ ਚਿੰਤਤ ਹੋ ਕੇ ਉਸ ਨੇ ਡਰ ਵਿੱਚੋਂ ਉਨ੍ਹਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਤਾਂ ਕਿ ਉਹ ਆਪ ਕਰੋਪੀ ਤੋਂ ਬਚ ਸਕਣ। ਹਰ ਕਰੋਪੀ ਪਿੱਛੇ ਕੰਮ ਕਰਦੇ ਦੇਵ ਤੇ ਦੈਂਤ ਘੜ ਲਏ, ਜੇਕਰ ਦੇਵਤਿਆਂ ਦਾ ਪਲੜਾ ਭਾਰੀ ਹੈ ਤਾਂ ਸਾਰੇ ਸ਼ੁਭ ਕੰਮ ਹੁੰਦੇ ਹਨ ਤੇ ਜੇ ਦੈਂਤਾਂ ਦਾ ਤਾਂ ਸਾਰੇ ਕੰਮ ਅਸ਼ੁਭ ਹੋ ਜਾਂਦੇ ਹਨ। ਅਸਲ ਵਿੱਚ ਕੁਦਰਤ ਦਾ ਦਸਤੂਰ ਇਹ ਹੈ ਕਿ ਜਦੋਂ ਧਰਤੀ ’ਤੇ ਇੱਕ ਵੀ ਮਨੁੱਖ ਨਹੀਂ ਸੀ ਤਾਂ ਇਹ ਕੁਦਰਤ ਦਾ ਵਰਤਾਰਾ ਇਵੇਂ ਚੱਲਦਾ ਸੀ ਤੇ ਹੁਣ ਮਨੁੱਖ ਜਾਤੀ ਦੇ ਹੁੰਦਿਆਂ ਵੀ ਉਵੇਂ ਚੱਲ ਰਿਹਾ ਹੈ। ਅਸਲ ਵਿੱਚ ਮਨੁੱਖ ਨੇ ਜਿੰਨਾ ਚਿਰ ਇਨ੍ਹਾਂ ਕਰੋਪੀਆਂ ਦੇ ਕਾਰਨ ਜਾਂ ਹੱਲ ਨਹੀਂ ਸੀ ਲੱਭੇ ਉਦੋਂ ਉਸ ਦੇ ਡਰ ਵਿੱਚੋਂ ਇਨ੍ਹਾਂ ਵਹਿਮਾਂ ਭਰਮਾਂ ਤੇ ਅੰਧਵਿਸ਼ਵਾਸਾਂ ਨੇ ਜਨਮ ਲਿਆ। ਸਮਾਂ ਪਾ ਕੇ ਜਦੋਂ ਕਿਸੇ ਨੇ ਇਨ੍ਹਾਂ ਦੇ ਖਿਲਾਫ਼ ਆਵਾਜ਼ ਉਠਾਈ ਤਾਂ ਉਨ੍ਹਾਂ ਨੂੰ ਮੌਤ ਤੱਕ ਦੇ ਹਰਜਾਨੇ ਭੁਗਤਣੇ ਪਏ ਸਨ।
ਕਿਹਾ ਜਾ ਸਕਦਾ ਹੈ ਕਿ ਅੰਧਵਿਸ਼ਵਾਸ ਜਿੰਨਾ ਆਪਣੇ ਆਪ ਵਿੱਚ ਖੋਖਲਾ ਸੰਕਲਪ ਹੈ, ਉਸ ਤੋਂ ਕਿਤੇ ਜ਼ਿਆਦਾ ਇਹਦਾ ਘੇਰਾ ਵਿਸ਼ਾਲ ਹੈ ਤੇ ਇਸ ਦੀਆਂ ਬਹੁਤ ਸਾਰੀ ਸ਼ਾਖਾਵਾਂ ਸਾਡੇ ਸਾਹਮਣੇ ਆਉਂਦੀਆਂ ਹਨ। ਜਿਵੇਂ ਆਤਮਾ-ਪਰਮਾਤਮਾ, ਭੈੜੀ ਕਿਸਮਤ, ਕਰਮਾਂ ਦਾ ਚੱਕਰ, ਭੂਤ-ਪ੍ਰੇਤ, ਵਹਿਮ-ਭਰਮ, ਧਾਗੇ-ਤਵੀਤ, ਪੂਜਾ-ਪਾਠ, ਜੋਤਿਸ਼ ਵਿੱਦਿਆ, ਸ਼ੁਭ-ਅਸ਼ੁਭ ਚੀਜ਼ਾਂ, ਚੰਗਾ-ਮਾੜਾ, ਅਰਦਾਸਾਂ-ਅਰਜ਼ੋਈਆਂ, ਚਮਤਕਾਰ, ਭਵਿੱਖਬਾਣੀਆਂ, ਚੰਗੇ ਮਾੜੇ ਅੰਕ, ਦਿਨ, ਰੰਗ-ਬਿਰੰਗੇ ਪੱਥਰ, ਨਗ, ਚਿੰਨ੍ਹ, ਜਾਨਵਰ, ਪੰਛੀ, ਰਹੁ-ਰੀਤਾਂ, ਰਿਵਾਜ, ਚੰਗੇ-ਮਾੜੇ ਗ੍ਰਹਿ, ਭਿੰਨ ਭਿੰਨ ਰੰਗ, ਵੱਖਰੇ ਵੱਖਰੇ ਧਰਮ, ਧਰਮਾਂ ਵਿੱਚ ਅੰਧਭਗਤੀ, ਦੇਵ-ਦੈਂਤ, ਰੂਹਾਂ-ਬਦਰੂਹਾਂ, ਪੁਨਰਜਨਮ, ਸਵਰਗ-ਨਰਕ, ਬਲੀਆਂ (ਮਨੁੱਖਾਂ ਜਾਂ ਪਸ਼ੂਆਂ) ਦੇਣੀਆਂ, ਵਰਤ ਰੱਖਣੇ, ਦਾਨ-ਪੁੰਨ ਦੇਣੇ ਆਦਿ ਕਿੰਨਾ ਹੀ ਕੁਝ। ਸਾਨੂੰ ਸਹਿਜੇ ਹੀ ਦੇਖਣ ਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਸਾਡੀ ਆਮ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ ਹੈ। ਅਸੀਂ ਸਭ ਕਿਤੇ ਨਾ ਕਿਤੇ ਚੁੱਪ-ਚੁਪੀਤੇ, ਸਹਿਜ-ਸੁਭਾਅ ਇਨ੍ਹਾਂ ਦਾ ਅੰਗ ਬਣ ਕੇ ਵਿਚਰਦੇ ਰਹਿੰਦੇ ਹਾਂ ਤੇ ਪਤਾ ਹੁੰਦਿਆਂ ਹੋਇਆਂ ਵੀ ਇਨ੍ਹਾਂ ਦਾ ਵਿਰੋਧ ਵੀ ਨਹੀਂ ਕਰ ਸਕਦੇ ਕਿਉਂਕਿ ਇਹ ਗੱਲਾਂ ‘ਸਿਆਣਿਆਂ’ ਦੀਆਂ ਕਹੀਆਂ ਹੋਈਆਂ ਹਨ ਤੇ ਅਸੀਂ ਸੁੱਤੇ ਸੁਭਾਅ ਮੰਨਦੇ ਚਲੇ ਆਏ ਹਾਂ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਹ ਸੰਕਲਪ ਐਨਾ ਖੋਖਲਾ ਹੈ ਤਾਂ ਲੋਕ ਇਸ ਨਾਲ ਐਨੀ ਬੁਰੀ ਤਰ੍ਹਾਂ ਬੱਝੇ ਕਿਉਂ ਹੋਏ ਹਨ ? ਇਹ ਧਾਰਨਾਵਾਂ ਟੁੱਟ ਕਿਉਂ ਨਹੀਂ ਰਹੀਆਂ? ਸਮਾਜ ਦੇ ਵਿੱਚ ਧਰਮਾਂ ਦਾ ਐਨਾ ਬੋਲਬਾਲਾ ਹੈ ਕਿ ਵਿਗਿਆਨ ਨੇ ਜਦੋਂ ਆਪਣੇ ਤਜਰਬੇ ਸ਼ੁਰੂ ਹੀ ਕੀਤੇ ਸਨ ਤਾਂ ਉਨ੍ਹਾਂ ਨੂੰ ਸਿੱਧ ਕਰਨ ਵਿੱਚ ਸਮਾਂ ਲੱਗਿਆ, ਪਰ ਧਰਮਾਂ ਨੇ ਆਪਣੀ ਧਿਰ ਨੂੰ ਵੱਡੀ ਕਰਨ ਲਈ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਤੇ ਕਰ ਰਹੇ ਹਨ। ਪਹਿਲਾਂ ਪਹਿਲ ਗੈਬੀ ਸ਼ਕਤੀ ਨੂੰ ਵਸ ਵਿੱਚ ਕਰਨ ਲਈ ਪਾਠ ਪੂਜਾ ਕਰਦੇ ਸਨ, ਫਿਰ ਮਨੁੱਖਾਂ ਜਾਂ ਜਾਨਵਰਾਂ ਦੀ ਬਲੀ ਦੇਣ ਲੱਗੇ। ਜਦੋਂ ਦਾਨ ਦਾ ਸੰਕਲਪ ਸ਼ੁਰੂ ਹੋਇਆ ਤਾਂ ਪੁਜਾਰੀਵਾਦ ਨੇ ਜਨਮ ਲੈ ਲਿਆ ਕਿਉਂਕਿ ਜਿੱਥੇ ਬਾਕੀ ਸਾਰਿਆਂ ਨੂੰ ਕੰਮ ਕਰਕੇ ਆਪਣੀ ਰੋਟੀ ਰੋਜ਼ੀ ਦਾ ਆਹਰ ਕਰਨਾ ਪੈਂਦਾ ਸੀ, ਉੱਥੇ ਉਨ੍ਹਾਂ ਨੂੰ ਸਭ ਕੁਝ ਸੌਖਾ ਹੀ ਮਿਲਣ ਲੱਗ ਪਿਆ। ਉਨ੍ਹਾਂ ਨੇ ਇਸ ਦਾ ਹੋਰ ਵੀ ਪ੍ਰਚਾਰ ਕੀਤਾ, ਆਪਣੇ ਚੇਲੇ ਚਾਟੜੇ ਪੈਦਾ ਕਰ ਲਏ। ਜਿਨ੍ਹਾਂ ਦੀ ਆਪਸ ਵਿੱਚ ਭਾਈਵਾਲੀ ਨਾ ਚੱਲੀ ਤਾਂ ਉਨ੍ਹਾਂ ਨੇ ਥੋੜ੍ਹੀ ਦੂਰ ਜਾ ਕੇ ਆਪਣਾ ਜੁਗਾੜ ਖੜ੍ਹਾ ਕਰ ਲਿਆ। ਕਹਿਣ ਨੂੰ ਇਹ ਕਹਿੰਦੇ ਹਨ ਕਿ ਮਾਇਆ ਤੋਂ ਦੂਰ ਰਹੋ, ਪਰ ਅੱਜ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਧਾਰਮਿਕ ਸਥਾਨਾਂ ਵਿੱਚ ਕੁਇੰਟਲਾਂ ਦੇ ਹਿਸਾਬ ਨਾਲ ਸੋਨਾ ਤੇ ਰੁਪਿਆ ਪਿਆ ਹੈ, ਦੂਜੇ ਪਾਸੇ ਜਨਤਾ ਨੂੰ ਇੱਕ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਭਾਰਤ ਦੇ ਪਿੰਡਾਂ ਵਿੱਚ ਹਰ ਪਿੰਡ ਵਿੱਚ ਸਕੂਲ ਤਾਂ ਨਹੀਂ ਹੋਵੇਗਾ, ਪਰ ਧਾਰਮਿਕ ਸਥਾਨ ਜਾਂ ਸਾਧਾਂ ਦੇ ਡੇਰੇ ਕਈ ਕਈ ਮਿਲ ਜਾਣਗੇ। ਜੋ ਲੋਕਾਂ ਦੀਆਂ ਮੁਸ਼ਕਲਾਂ ਤੇ ਭਾਵਨਾਵਾਂ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਦੀ ਸਿੱਧੀ ਅਸਿੱਧੀ ਆਰਥਿਕ ਲੁੱਟ ਕਰਦੇ ਹਨ।
ਸਵਾਲ ਪੈਦਾ ਹੁੰਦਾ ਹੈ ਕਿ ਅੱਜ ਵਿਗਿਆਨ ਦਾ ਯੁੱਗ ਹੈ, ਪਰ ਅੰਧਵਿਸ਼ਵਾਸ ਕਿਸੇ ਠੋਸ ਸਬੂਤ ’ਤੇ ਨਾ ਟਿਕਿਆ ਹੋਣ ਦੇ ਬਾਵਜੂਦ ਐਨਾ ਪ੍ਰਫੁੱਲਿਤ ਕਿਉਂ ਹੋ ਰਿਹਾ ਹੈ? ਇੰਨਾ ਵੀ ਨਹੀਂ ਕਿ ਇਹ ਦੁਨੀਆ ਦੇ ਪੱਛੜੇ, ਦੁੱਖਾਂ ਤੇ ਭੁੱਖਾਂ ਦੇ ਸਤਾਏ ਦੇਸ਼ਾਂ ਵਿੱਚ ਹੀ ਫੈਲ ਰਿਹਾ ਹੈ, ਸਗੋਂ ਕੈਨੇਡਾ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿੱਚ ਵੀ ਰੇਡਿਓ, ਟੀ.ਵੀ. ਤੇ ਅਖ਼ਬਾਰਾਂ ਵਿੱਚ ਇਨ੍ਹਾਂ ਦੇ ਬਹੁਤ ਇਸ਼ਤਿਹਾਰ ਦੇਖੇ ਜਾ ਸਕਦੇ ਹਨ। ਦੁਨੀਆ ਵਿੱਚ ਅੱਜ ਜਿੱਥੇ ਸਾਇੰਸ ਨੇ ਤਰੱਕੀ ਕਰਕੇ ਲੋਕਾਂ ਵਿੱਚ ਇਨਕਲਾਬ ਲਿਆਂਦਾ ਹੈ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਨਵੀਆਂ ਕਾਢਾਂ ਕੱਢ ਕੇ ਸੁੱਖ ਸਹੂਲਤਾਂ ਨਾਲ ਅੋਤ ਪੋਤ ਕਰ ਦਿੱਤਾ ਹੈ। ਇਸ ਕਰਕੇ ਹੀ ਸਾਰੀ ਦੁਨੀਆ ਇੱਕ ਗਲੋਬਲੀ ਪਿੰਡ ਬਣ ਚੁੱਕੀ ਹੈ, ਜਿਸ ਕਰਕੇ ਸਭ ਇੱਕ ਦੂਜੇ ਨਾਲ ਬੱਝੇ ਹੋਏ ਹਨ। ਜਦੋਂ ਇੱਕ ਥਾਂ ’ਤੇ ਕੋਈ ਕੁਦਰਤੀ ਆਫ਼ਤ, ਆਪਸੀ ਯੁੱਧ ਜਾਂ ਕਰੋਨਾ ਵਰਗੀ ਮਹਾਮਾਰੀ ਆਉਂਦੀ ਹੈ ਤਾਂ ਸਾਰਾ ਸੰਸਾਰ ਦਹਿਲ ਉੱਠਦਾ ਹੈ, ਇਹ ਸਾਇੰਸ ਦਾ ਹੀ ਕਮਾਲ ਹੈ। ਇਸ ਸਭ ਕਾਸੇ ਦੇ ਬਾਵਜੂਦ ਦੁਨੀਆ ਭਰ ’ਤੇ ਸਾਮਰਾਜੀ ਪ੍ਰਬੰਧ ਦਾ ਬੋਲਬਾਲਾ ਹੈ, ਉਸ ਨੂੰ ਜਿਸ ਸਾਇੰਸ ਦੀ ਕਾਢ ਤੋਂ ਲਾਭ ਪਹੁੰਚਦਾ ਹੈ, ਉਹਨੂੰ ਰੱਜ ਕੇ ਪ੍ਰਚਾਰਦਾ ਹੈ, ਨਹੀਂ ਤਾਂ ਅਣਗੌਲਿਆਂ ਕਰਕੇ ਆਪਣੇ ਮਕਸਦ ਪੂਰੇ ਕਰਦਾ ਰਹਿੰਦਾ ਹੈ।
ਅੰਧਵਿਸ਼ਵਾਸ ਨੂੰ ਦੁਨੀਆ ਵਿੱਚੋਂ ਦੂਰ ਕਰਨ ਲਈ ਗਿਆਨ ਦੀ ਲੋੜ ਹੈ, ਵਿਗਿਆਨ ਦੀ ਲੋੜ ਹੈ, ਜੋ ਘਰ ਘਰ ਪਹੁੰਚਣਾ ਚਾਹੀਦਾ ਹੈ। ਭਾਰਤ ਦੀ ਮੌਜੂਦਾ ਸਰਕਾਰ ਸਕੂਲਾਂ ਦੇ ਸਿਲੇਬਸ ਬਦਲ ਕੇ ਅੱਜ ਕੱਲ੍ਹ ਮਿੱਥਾਂ ’ਤੇ ਆਧਾਰਿਤ ਕਿਸਮ ਦਾ ਸਿਲੇਬਸ ਲਿਆ ਕੇ ਤਰੱਕੀ ਦੇ ਰਾਹ ਤੋਂ ਹਟਾ ਕੇ ਪਿਛਲੇ ਯੁੱਗ ਵੱਲ ਨੂੰ ਪਲਟਾ ਮਾਰਨ ਦੀਆਂ ਤਿਆਰੀਆਂ ਵਿੱਚ ਹੈ। ਸਰਕਾਰ ਨਹੀਂ ਚਾਹੁੰਦੀ ਕਿ ਲੋਕਾਂ ਵਿੱਚ ਜਾਗਰੂਕਤਾ ਆਵੇ ਅਤੇ ਉਹ ਆਪਣੀਆਂ ਬਦ ਤੋਂ ਬਦਤਰ ਆਰਥਿਕ ਭੈੜੀਆਂ ਹਾਲਤਾਂ ਦੇ ਜ਼ਿੰਮੇਵਾਰ ਸਿਸਟਮ ਵੱਲ ਉਂਗਲ ਵੀ ਕਰ ਸਕਣ। ਲੋਕ ਸਿਰਫ਼ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦੇ ਹੋਏ ਆਪਣੀ ਮਾੜੀ ਕਿਸਮਤ ਜਾਂ ਕਰਮਾਂ ਨੂੰ ਹੀ ਦੋਸ਼ ਦਿੰਦੇ ਰਹਿਣ। ਸਰਕਾਰਾਂ ਦਾ ਮਕਸਦ ਸਿਰਫ਼ ਤੇ ਸਿਰਫ਼ ਵੋਟਾਂ ਦੀ ਰਾਜਨੀਤੀ ਕਰਨਾ ਹੁੰਦਾ ਹੈ, ਲੋਕਾਂ ਵਿੱਚ ਜਾਗਰੂਕਤਾ ਦਾ ਮੁੱਦਾ ਉਨ੍ਹਾਂ ਲਈ ਅੱਜ ਤੱਕ ਅਹਿਮ ਹੀ ਨਹੀਂ ਹੈ। ਜਿਹੜੀਆਂ ਸਰਕਾਰਾਂ ਇਹੋ ਜਿਹੇ ਲੁਟੇਰਿਆਂ ਨੂੰ ਅੱਖਾਂ ਮੀਚ ਕੇ, ਹੋਊ ਪਰੇ ਕਰਕੇ ਛੱਡ ਦਿੰਦੀਆਂ ਹਨ, ਉਹ ਵੀ ਕਿਤੇ ਨਾ ਕਿਤੇ ਇਨ੍ਹਾਂ ਦਾ ਹੀ ਪੱਖ ਪੂਰ ਰਹੀਆਂ ਹੁੰਦੀਆਂ ਹਨ, ਇੱਥੇ ਵੀ ਲੋਕਾਂ ਨੂੰ ਸਮਝਣ ਦੀ ਲੋੜ ਹੈ। ਜਿਹੜੇ ਲੋਕ ਕਿਸੇ ਡਰ ਤਹਿਤ ਇਨ੍ਹਾਂ ਲੁਟੇਰਿਆਂ ਕੋਲ ਫਸ ਜਾਂਦੇ ਹਨ, ਉਨ੍ਹਾਂ ਦੀ ਮਦਦ ਕਰਨ ਦੀ ਵੀ ਲੋੜ ਹੈ।
ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਮਾਨਦਾਰੀ ਨਾਲ ਅੰਧ ਵਿਸ਼ਵਾਸ ’ਤੇ ਆਧਾਰਿਤ ਸਭ ਗੱਲਾਂ ਦਾ ਖੰਡਨ ਕਰਕੇ ਵਿਗਿਆਨਕ ਤੱਥਾਂ ਨੂੰ ਲੋਕਾਂ ਵਿੱਚ ਨਸ਼ਰ ਕਰਨ ਦੀ ਜ਼ਿੰਮੇਵਾਰੀ ਆਪ ਲੈਣ ਅਤੇ ਲੋਕਾਂ ਦੀ ਹੋ ਰਹੀ ਸਿੱਧੀ ਅਸਿੱਧੀ ਲੁੱਟ ਤੋਂ ਬਚਾਉਣ ਲਈ ਲੁੱਟਣ ਵਾਲੇ ਲੁਟੇਰਿਆਂ ਨੂੰ ਨੱਥ ਪਾਉਣ ਤਾਂ ਕਿ ਸਮਾਜ ਵਿੱਚ ਹੋ ਰਹੀ ਕਾਣੀ ਵੰਡ ਖਤਮ ਹੋਵੇ। ਉਹ ਕਾਣੀ ਵੰਡ ਜੋ ਲੋਕਾਂ ਵਿੱਚ ਬੇਚੈਨੀ ਪੈਦਾ ਕਰ ਰਹੀ ਹੈ ਜਿਸ ਕਰਕੇ ਲਾਲਚ, ਲੁੱਟ, ਖੋਹ, ਲੜਾਈ ਝਗੜੇ, ਗੈਂਗਵਾਰ, ਕਤਲ, ਬਲਾਤਕਾਰ ਆਦਿ ਵਰਗੀਆਂ ਘਟਨਾਵਾਂ ਦਿਨੋਂ ਦਿਨ ਵਧ ਰਹੀਆਂ ਹਨ। ਲੋਕਾਂ ਨੂੰ ਵੀ ਅੱਖਾਂ ਖੋਲ੍ਹ ਕੇ ਰੱਖਣੀਆਂ ਪੈਣਗੀਆਂ। ਜੇਕਰ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਤਾਂ ਇਸ ਵਿੱਚ ਲੋਕਾਂ ਨੂੰ ਇਕੱਠੇ ਹੋ ਕੇ ਅੰਧਵਿਸ਼ਵਾਸਾਂ ਦੇ ਖਿਲਾਫ਼ ਲੜਾਈ ਲੜਨੀ ਪਵੇਗੀ ਅਤੇ ਵਿਗਿਆਨ ਦਾ ਪਸਾਰਾ ਕਰਨ ਲਈ ਸਰਕਾਰਾਂ ਨੂੰ ਮਜਬੂਰ ਕਰਕੇ ਯਤਨ ਆਰੰਭਣੇ ਪੈਣਗੇ ਤਾਂ ਹੀ ਲੋਕ ਇਨ੍ਹਾਂ ਤੋਂ ਛੁਟਕਾਰਾ ਪਾ ਸਕਣਗੇ।
ਸੰਪਰਕ: 604 760 4794