ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ 9 ਮਾਰਚ
ਇਲਾਕੇ ਦੇ ਆਲੂ ਕਾਸ਼ਤਕਾਰ ਅੱਜਕੱਲ੍ਹ ਆਪਣੀ ਸਿਆਲੂ ਆਲੂ ਦੀ ਫ਼ਸਲ ਸੰਭਾਲਣ ਵਿੱਚ ਰੁੱਝੇ ਹੋਏ ਹਨ। ਪੱਕੀ ਪੁਟਾਈ ਕਰਨ ਉਪਰੰਤ ਆਲੂ ਕਾਸ਼ਤਕਾਰ ਆਪਣੇ ਖੇਤਾਂ ਵਿੱਚ ਖੁੱਲ੍ਹੇ ਅਸਮਾਨ ਹੇਠਾਂ ਵੱਡੀਆਂ-ਵੱਡੀਆਂ ਢੇਰੀਆਂ ਲਗਾ ਕੇ ਆਲੂ ਸੰਭਾਲ ਰਹੇ ਹਨ। ਇਸ ਵਾਰ ਆਲੂ ਦੀ ਫਸਲ ਦਾ ਝਾੜ ਘੱਟ ਨਿਕਲਣ ਕਾਰਨ ਚੰਗੇ ਭਾਅ ਮਿਲਣ ਦੀ ਆਸ ਲਗਾਈ ਬੈਠੇ ਕਿਸਾਨ ਆਪਣੀ ਆਲੂ ਦੀ ਫਸਲ ਨੂੰ ਕੋਲਡ ਸਟੋਰਾਂ ਵਿੱਚ ਰੱਖਣ ਨੂੰ ਤਰਜੀਹ ਦੇ ਰਹੇ ਹਨ। ਇਸ ਦੇ ਨਾਲ ਹੀ ਕਈ ਆਲੂ ਕਾਸ਼ਤਕਾਰਾਂ ਨੇ ਹਾੜੂ ਆਲੂ ਦੀ ਫ਼ਸਲ ਦੀ ਪਹਿਲਾਂ ਹੀ ਬਿਜਾਈ ਕੀਤੀ ਹੋਈ ਹੈ। ਪੰਜਾਬ ਤੋਂ ਬਾਹਰਲੇ ਸੂਬੇ ਬੰਗਾਲ, ਬਿਹਾਰ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਆਲੂ ਦੀ ਖਰੀਦ ਕਰਨ ਲਈ ਵਪਾਰੀਆਂ ਨੇ ਕਿਸਾਨਾਂ ਕੋਲ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ।
ਇਸ ਸਬੰਧੀ ਆਲੂ ਕਾਸ਼ਤਕਾਰ ਹਰਨੇਕ ਸਿੰਘ ਰਾਏ ਨੇ ਦੱਸਿਆ ਕਿ ਕਿਸਾਨ ਜ਼ਿਆਦਾਤਰ ਪੁਖਰਾਜ ਅਤੇ ਜੋਤੀ ਆਲੂ ਹੀ ਬੀਜਦੇ ਹਨ। ਪੱਕੀ ਪੁਟਾਈ ਕਰਨ ਉਪਰੰਤ ਕਿਸਾਨ ਆਲੂ ਨੂੰ ਲਗਪਗ ਅੱਠ ਦਿਨ ਖੁੱਲ੍ਹੇ ਅਸਮਾਨ ਹੇਠ ਪਿਆ ਰਹਿਣ ਦਿੰਦੇ ਹਨ। ਮੌਸਮ ਦੀ ਮਾਰ ਤੋਂ ਬਚਾਉਣ ਅਤੇ ਆਲੂਆਂ ਵਿੱਚ ਨਮੀ ਘਟਾਉਣ ਲਈ ਕਿਸਾਨ ਆਪਣੀ ਫ਼ਸਲ ਨੂੰ ਪਰਾਲੀ ਅਤੇ ਤਿਰਪਾਲਾਂ ਨਾਲ ਢੱਕ ਕੇ ਰੱਖਦੇ ਹਨ। ਆਮ ਕਿਸਾਨ ਖੇਤਾਂ ਵਿੱਚ ਪਏ ਆਲੂ ਦੀ ਗਰੇਡਿੰਗ ਕਰ ਕੇ ਭਰਾਈ ਕਰਨ ਉਪਰੰਤ ਇੱਥੋਂ ਹੀ ਵਪਾਰੀਆਂ ਨੂੰ ਵੇਚ ਦਿੰਦੇ ਹਨ ਜਦੋਂ ਕਿ ਵੱਡੇ ਕਾਸ਼ਤਕਾਰ ਆਪਣੀ ਫਸਲ ਕੋਲਡ ਸਟੋਰਾਂ ਵਿੱਚ ਰੱਖ ਦਿੰਦੇ ਹਨ। ਕੋਲਡ ਸਟੋਰ ਦੇ ਮਾਲਕ ਜਗਰੂਪ ਸਿੰਘ ਚੋਹਲਾ ਨੇ ਦੱਸਿਆ ਕਿ ਕਰਤਾਰਪੁਰ ਦੇ ਆਸਪਾਸ ਬਣੇ ਕੋਲਡ ਸਟੋਰਾਂ ਵਿੱਚ ਆਲੂਆਂ ਦੀਆ 10 ਤੋਂ 12 ਲੱਖ ਬੋਰੀਆਂ ਸਟੋਰ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਆਲੂ ਦਾ ਝਾੜ ਘੱਟ ਹੋਣ ਕਾਰਨ ਅਤੇ ਦੂਸਰੇ ਸੂਬਿਆਂ ਦੇ ਆਲੂਆਂ ਦੇ ਮੁਕਾਬਲੇ ਇੱਥੋਂ ਦੇ ਆਲੂ ਖਾਣ ਲਈ ਵੱਧ ਵਰਤੇ ਜਾਂਦੇ ਅਤੇ ਬੀਜ ਵਾਲੇ ਆਲੂ ਦੀ ਫਸਲ ਦੀ ਗੁਣਵੱਤਾ ਵੱਧ ਹੋਣ ਕਾਰਨ ਮੰਗ ਵੀ ਵਧ ਜਾਂਦੀ ਹੈ।