ਜੈਵਿਕ ਖੇਤੀ ਦਾ ਦਲੇਰਾਨਾ ਫੈਸਲਾ
7 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਦਵਿੰਦਰ ਸ਼ਰਮਾ ਦਾ ਲੇਖ ‘ਜੈਵਿਕ ਖੇਤੀ ਅਪਣਾਉਣ ਦਾ ਦਲੇਰਾਨਾ ਫੈਸਲਾ’ ਪੜ੍ਹਿਆ। ਇਸ ਵਿਚ ਸ੍ਰੀਲੰਕਾ ਵੱਲੋਂ ਕਾਰਪੋਰੇਟ ਲਾਬੀ ਦੇ ਦਬਾਅ ਦੇ ਬਾਵਜੂਦ ਜੈਵਿਕ ਖੇਤੀ ਅਪਣਾਉਣ ਦੇ ਸਰਕਾਰੀ ਫੈਸਲੇ ਦਾ ਜ਼ਿਕਰ ਹੈ। ਕਾਸ਼! ਸਾਡੇ ਆਪਣੇ ਮੁਲਕ ਵਿਚ ਵੀ ਅਜਿਹਾ ਸੰਭਵ ਹੋ ਜਾਵੇ। ਪੰਜਾਬ ਵਿਚ ਖੇਤੀ ਲਈ ਵਰਤੀਆਂ ਜਾਂਦੀਆਂ ਜ਼ਹਿਰਾਂ ਨੇ ਜੋ ਹਾਲ ਸਾਡੀ ਧਰਤੀ ਅਤੇ ਜੀਵਾਂ ਦਾ ਕੀਤਾ ਹੈ, ਉਸ ਬਾਰੇ ਸੋਚ ਕੇ ਹੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਫਿ਼ਲਹਾਲ ਭਾਰਤ ਜਾਂ ਕੋਈ ਸੂਬਾ ਸਰਕਾਰ ਸ਼ਾਇਦ ਹੀ ਇਸ ਬਾਰੇ ਸਖਤ ਫੈਸਲਾ ਕਰ ਸਕੇ; ਇਸ ਲਈ ਹੁਣ ਲੋਕਾਂ ਨੂੰ ਇਸ ਬਾਰੇ ਸੋਚ-ਵਿਚਾਰ ਕਰਨੀ ਚਾਹੀਦੀ ਹੈ। ਲੇਖ ਵਿਚ ਸਹੀ ਲਿਖਿਆ ਹੈ ਕਿ ਪਹਿਲਾਂ-ਪਹਿਲ ਤਾਂ ਫਸਲਾਂ ਦਾ ਝਾੜ ਘਟੇਗਾ ਪਰ ਹੌਲੀ ਹੌਲੀ ਇਹ ਘਾਟਾ ਪੂਰਾ ਹੋ ਜਾਵੇਗਾ। ਹੁਣ ਸਾਨੂੰ ਅਗਲੀਆਂ ਪੀੜ੍ਹੀਆਂ ਦਾ ਫਿਕਰ ਕਰਕੇ ਅਜਿਹੇ ਫੈਸਲੇ ਕਰਨੇ ਚਾਹੀਦੇ ਹਨ।
ਜਗਤਾਰ ਸਿੰਘ ਸੇਖੋਂ, ਜਲੰਧਰ
ਅਦਾਲਤ ਤੋਂ ਉਮੀਦ
8 ਅਕਤੂਬਰ ਨੂੰ ਸਵਰਾਜਬੀਰ ਦਾ ਲੇਖ ‘ਇਹ ਸਾਡੀ ਫਿ਼ਤਰਤ ਨਹੀਂ’ ਹਕੀਕਤ ਦਾ ਬਿਰਤਾਂਤ ਹੈ। ਸੰਵਿਧਾਨ ਵਿਚ ਕਿਤੇ ‘ਅਸੀਂ’, ‘ਤੁਸੀਂ’ ਦਰਜ ਨਹੀਂ ਹੈ ਸਗੋਂ ‘ਅਸੀਂ ਭਾਰਤ ਦੇ ਲੋਕ’ ਦਰਜ ਹੈ। ਸੰਵਿਧਾਨ ਦੀ ਸੰਘੀ ਘੁੱਟ ਰਹੀ ਸਰਕਾਰ ਤੋਂ ਲੋਕਤੰਤਰ, ਸੰਵਿਧਾਨ ਤੇ ਭਾਰਤ ਦੇ ਲੋਕਾਂ ਨੂੰ ਬਚਾਉਣ ਲਈ ਕਿਸਾਨ, ਅੰਦੋਲਨ ਕਰ ਰਹੇ ਹਨ। ਇਹ ਭਾਰਤ ਅਤੇ ਇਨਸਾਨੀਅਤ ਨੂੰ ਬਚਾਉਣ ਦੀ ਹੱਕ-ਸੱਚ ਦੀ ਇਤਿਹਾਸਕ ਜੱਦੋ-ਜਹਿਦ ਹੈ ਅਤੇ ਸੁਪਰੀਮ ਕੋਰਟ ਇਸ ਵਿਚ ਅਹਿਮ ਭੂਮਿਕਾ ਨਿਭਾਏਗੀ, ਇਸ ਦੀ ਉਮੀਦ ਰੱਖਣੀ ਚਾਹੀਦੀ ਹੈ।
ਪਰਮਿੰਦਰ ਸਿੰਘ ਗਿੱਲ, ਮੁਹਾਲੀ
ਜ਼ਾਲਮ ਧਿਰ
8 ਅਕਤੂਬਰ ਦਾ ਸੰਪਾਦਕੀ ‘ਸੁਪਰੀਮ ਕੋਰਟ ਦਾ ਦਖਲ’ ਪੜ੍ਹਿਆ। ਮੋਦੀ ਸਰਕਾਰ ਕਿਸਾਨ ਅੰਦੋਲਨਕਾਰੀਆਂ ਨੂੰ ਦੁਸ਼ਮਣ ਵਾਂਗ ਦੇਖ ਰਹੀ ਹੈ, ਕੁੱਟ ਰਹੀ ਹੈ ਤੇ ਮਾਰ ਵੀ ਰਹੀ ਹੈ। ਭਾਰਤੀ ਜਨਤਾ ਪਾਰਟੀ ਸੱਤਾ ਦੇ ਨਸ਼ੇ ਵਿਚ ਅੰਨ੍ਹੀ ਹੋ ਗਈ ਹੈ ਅਤੇ ਜ਼ਾਲਮ ਬਣ ਗਈ ਹੈ।
ਬਲਵੀਰ ਸਿੰਘ, ਈਮੇਲ
ਥੋੜ੍ਹੇ ਸ਼ਬਦਾਂ ਚ ਵੱਡਾ ਸੁਨੇਹਾ
7 ਅਕਤੂਬਰ ਨੂੰ ਨਜ਼ਰੀਆ ਪੰਨੇ ਉਤੇ ਜਸਵਿੰਦਰ ਸੁਰਗੀਤ ਦੀ ਰਚਨਾ ‘ਬੇਚੈਨ ਹੋਣਾ ਸਿੱਖੋ’ ਥੋੜ੍ਹੇ ਸ਼ਬਦਾਂ ਵਿਚ ਬਹੁਤ ਵੱਡੇ ਸੁਨੇਹੇ ਦੇ ਗਈ। ਅਜਿਹੇ ਅਧਿਆਪਕਾਂ ਨੇ ਕਿਤਾਬੀ ਗਿਆਨ ਤੋਂ ਬਾਹਰ ਜਾ ਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਆਪਣਾ ਰਾਹ ਲੱਭਣ ਲਈ ਪ੍ਰੇਰਿਆ ਹੈ। ਬੇਚੈਨੀ ਦੇ ਆਲਮ ਵਿਚੋਂ ਹੀ ਨਵੇਂ ਦਿਸਹੱਦੇ ਨਜ਼ਰ ਆਉਂਦੇ ਹਨ। ‘ਕੰਫਰਟ ਜ਼ੋਨ’ ਵਿਚ ਬੈਠੇ ਲੋਕ ਉਨ੍ਹਾਂ ਅਮਲੀਆਂ ਵਰਗੇ ਹੁੰਦੇ ਹਨ ਜਿਹੜੇ ਸਾਰਾ ਦਿਨ ਖੂਹ ਨੂੰ ਖਿੱਚ ਕੇ ਛਾਵੇਂ ਕਰਦੇ ਰਹੇ ਸਨ।
ਨਿਰਮਲ ਸਿੰਘ ਕੰਧਾਲਵੀ, ਯੂਕੇ
ਸਿਦਕ ਦੀ ਦਾਸਤਾਨ
6 ਅਕਤੂਬਰ ਨੂੰ ਨਜ਼ਰੀਆ ਪੰਨੇ ਉਤੇ ਸਵਰਾਜਬੀਰ ਦਾ ਲੇਖ ‘ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥’ ਜਿੱਥੇ ਕਿਸਾਨੀ ਸੰਘਰਸ਼ ਦੇ ਸਬਰ ਤੇ ਸਿਦਕ ਦੀ ਸੱਚੀ ਦਾਸਤਾਨ ਪੇਸ਼ ਕਰਦਾ ਹੈ, ਉਥੇ ਭਾਜਪਾ ਦੀ ਵਧੀਕੀ ਨੂੰ ਪਰਤ-ਦਰ-ਪਰਤ ਬਿਆਨ ਕਰਦਾ ਹੈ।
ਰਵਿੰਦਰ ਸਿੰਘ ਧਾਲੀਵਾਲ, ਪਿੰਡ ਨੱਥੂ ਮਾਜਰਾ (ਮਾਲੇਰਕੋਟਲਾ)
(2)
ਸਵਰਾਜਬੀਰ ਦਾ ਲੇਖ ‘ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥’ ਭਾਵੁਕ ਕਰਨ ਵਾਲਾ ਹੈ। ਲੇਖਕ ਨੇ ਸਹੀ ਕਿਹਾ ਹੈ ਕਿ ਸਿਦਕ ਅਤੇ ਸੰਜਮ ਨਾਲ ਕਿਸਾਨ ਅੰਦੋਲਨ ਨੂੰ ਸ਼ਾਂਤਮਈ ਰੱਖਿਆ ਜਾਵੇ, ਇਹੋ ਲਖੀਮਪੁਰ ਖੀਰੀ ਦੀ ਮੰਦਭਾਗੀ ਘਟਨਾ ਵਿਚ ਜਾਨਾਂ ਗਵਾਉਣ ਵਾਲਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਦੀ ਯਾਦ ਅਤੇ ਅਕਾਲੀ ਲਹਿਰ ਦੀਆਂ ਚਿਣਗਾਂ ਅਜੇ ਵੀ ਸਿੱਖ ਸਮਾਜ ਵਿਚ ਹਨ।
ਰਿਪਨਜੋਤ ਕੌਰ ਸੋਨੀ ਬੱਗਾ, ਪਟਿਆਲਾ
(3)
ਸਵਰਾਜਬੀਰ ਨੇ ਆਪਣੇ ਲੇਖ ਵਿਚ ਜੋ ਕ੍ਰਮਵਾਰ ਇਤਿਹਾਸਕ ਮਿਸਾਲਾਂ ਦਿੱਤੀਆਂ ਹਨ, ਬਿਲਕੁਲ ਅੱਜ ਵੀ ਸਰਕਾਰ ਆਪਣੇ ਹੱਕ ਮੰਗਣ ਵਾਲਿਆਂ ਨਾਲ ਉਹੀ ਵਿਹਾਰ ਕਰ ਰਹੀ ਹੈ। ਕਿੰਨਾ ਮੰਦਭਾਗਾ ਤੇ ਘਿਨਾਉਣਾ ਵਹਿਸ਼ੀ ਕਾਰਾ ਕੀਤਾ ਗਿਆ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਆਪਣੀਆਂ ਹੱਕੀ ਮੰਗਾਂ ਮੰਗ ਰਹੇ ਕਿਸਾਨਾਂ ਉਪਰ ਕਾਰਾਂ ਹੀ ਚੜ੍ਹਾ ਦਿੱਤੀਆਂ।
ਜਸਬੀਰ ਕੌਰ, ਅੰਮ੍ਰਿਤਸਰ
ਵਕਤ ਦੀ ਨਬਜ਼
5 ਅਕਤੂਬਰ ਨੂੰ ਸੰਸਾਰ ਅਧਿਆਪਕ ਦਿਵਸ ’ਤੇ ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਮਿਥੇ ਮਕਸਦ ਵੱਲ ਵਧਣ ਦਾ ਵੇਲਾ’ ਵਕਤ ਦੀ ਨਬਜ਼ ਤੇ ਉਂਗਲੀ ਰੱਖਦਾ ਹੈ। ਅਜੋਕੇ ਸਮੇਂ ਸਿੱਖਿਆ ਵਿਭਾਗ ਦੀਆਂ ਨਿੱਤ ਨਵੀਆਂ ਹਦਾਇਤਾਂ ਵਿਚ ਉਲਝਿਆ ਅਧਿਆਪਕ ਬੱਚਿਆਂ ਦਾ ਸਰਵ-ਪੱਖੀ ਵਿਕਾਸ ਕਰਨ ਤੋਂ ਅਸਮਰਥ ਹੈ। ਇਸ ਕਰਕੇ ਅਧਿਆਪਕ ਦਾ ਆਪਣਾ ਵਿਕਾਸ ਤਾਂ ਦੂਰ ਦੀ ਗੱਲ ਹੈ, ਕਈ ਤਾਂ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅਧਿਆਪਕ ਲਈ ਕੋਈ ਸਿਰਜਣਾਤਮਕ ਏਜੰਡਾ ਹੋਣਾ ਚਾਹੀਦਾ ਹੈ। ਨਾਲ ਹੀ ਜਮਾਤ ਵਿਚ ਬੱਚਿਆਂ ਦੇ ਬੌਧਿਕ ਪੱਧਰ ਅਤੇ ਰੁਚੀ ਅਨੁਸਾਰ ਕੰਮ ਕਰਵਾਉਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ।
ਮਨਦੀਪ ਕੌਰ, ਲੁਧਿਆਣਾ