ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ/ਮੋਗਾ, 4 ਅਕਤੂਬਰ
ਪੰਜਾਬ ਪੁਲੀਸ ਨੇ ਆਈਐਸਆਈ ਦੀ ਹਮਾਇਤ ਪ੍ਰਾਪਤ ਡਰੋਨ ਆਧਾਰਤ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਅਤਿਵਾਦੀ ਜਥੇਬੰਦੀ ਦੇ ਇਕ ਹੋਰ ਕਾਰਕੁਨ ਨੂੰ ਗ੍ਰਿਫਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਦੀ ਕਾਰ ਵਿੱਚੋਂ ਤਿੰਨ ਹੈਂਡ ਗ੍ਰਨੇਡ ਤੇ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੀਆਂ ਦਹਿਸ਼ਤੀ ਕਾਰਵਾਈਆਂ ਕੈਨੇਡਾ ਆਧਾਰਤ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦੇ ਇਸ਼ਾਰੇ ’ਤੇ ਚਲਾਈਆਂ ਜਾ ਰਹੀਆਂ ਸਨ ਜੋ ਕੇਟੀਐਫ ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਦਾ ਨਜ਼ਦੀਕੀ ਸਾਥੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੀਰਾ ਵਾਸੀ ਜੁਝਾਰ ਨਗਰ ਬਠਿੰਡਾ ਵਜੋਂ ਹੋਈ ਹੈ। ਪੁਲੀਸ ਨੇ ਤਿੰਨ ਹੈਂਡ ਗ੍ਰਨੇਡਾਂ ਤੋਂ ਇਲਾਵਾ ਦੋ ਪਿਸਤੌਲਾਂ ਸਣੇ 60 ਕਾਰਤੂਸ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਚਮਕੌਰ ਸਾਹਿਬ ਇਲਾਕੇ ਤੋਂ ਕਾਬੂ ਕੀਤੇ ਗਏ ਦੋ ਕਾਰਕੁਨਾਂ ਵੀਜਾ ਸਿੰਘ ਅਤੇ ਰਣਜੋਧ ਸਿੰਘ ਦੀ ਗ੍ਰਿਫਤਾਰੀ ਤੋਂ ਦੋ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਮੋਗਾ ਪੁਲੀਸ ਨੇ ਕੋਟਕਪੂਰਾ-ਬਾਘਾਪੁਰਾਣਾ ਰੋਡ ’ਤੇ ਨਾਕਾ ਲਾ ਕੇ ਹਰਪ੍ਰੀਤ ਨੂੰ ਕਾਬੂ ਕੀਤਾ। ਪੜਤਾਲ ਦੌਰਾਨ ਹਰਪ੍ਰੀਤ ਨੇ ਕਬੂਲਿਆ ਕਿ ਉਹ ਅਰਸ਼ ਡਾਲਾ ਦੇ ਹੁਸ਼ਿਆਰਪੁਰ ਜੇਲ੍ਹ ’ਚ ਬੰਦ ਨਜ਼ਦੀਕੀ ਸਾਥੀ ਅਮਨਦੀਪ ਸਿੰਘ ਦੇ ਇਸ਼ਾਰੇ ’ਤੇ ਅੰਮ੍ਰਿਤਸਰ ’ਚ ਹੈਂਡ ਗ੍ਰਨੇਡ ਤੇ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ।
ਟਿਫਨ ਬੰਬ, ਦੋ ਏਕੇ 56 ਰਾਈਫਲਾਂ ਅਤੇ ਪਿਸਤੌਲ ਸਣੇ ਕਾਬੂ
ਅੰਮ੍ਰਿਤਸਰ (ਟ੍ਰਿਬਿਊਨ ਨਿਉੂਜ਼ ਸਰਵਿਸ): ਜ਼ਿਲ੍ਹਾ ਦਿਹਾਤੀ ਪੁਲੀਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇਕ ਟਿਫਨ ਬੰਬ, ਦੋ ਏਕੇ 56 ਰਾਈਫਲਾਂ, ਇਕ ਪਿਸਤੌਲ, ਕਾਰਤੂਸ ਤੇ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਇਸ ਬਰਾਮਦਗੀ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਵੱਲੋਂ ਚਲਾਏ ਜਾ ਰਹੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮ ਦੀ ਸ਼ਨਾਖਤ ਯੋਗਰਾਜ ਸਿੰਘ ਉਰਫ਼ ਯੋਗ ਵਾਸੀ ਪਿੰਡ ਰਾਜੋਕੇ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲੀਸ ਨੇ ਇਸ ਦੇ ਪੰਜ ਹੋਰ ਸਾਥੀਆਂ ਦੀ ਵੀ ਸ਼ਨਾਖਤ ਕੀਤੀ ਹੈ ਜੋ ਪੰਜਾਬ ਅਤੇ ਇਸ ਨਾਲ ਲਗਦੇ ਸੂਬਿਆਂ ਵਿੱਚ ਅਜਿਹੀਆਂ ਗਤੀਵਿਧੀਆਂ ਚਲਾ ਰਹੇ ਹਨ। ਉਨ੍ਹਾਂ ਵਲੋਂ ਦੇਸ਼ ਵਿਰੋਧੀ ਗਤੀਵਿਧੀਆਂ ਕੈਨੇਡਾ ਵਿੱਚ ਰਹਿ ਰਹੇ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ, ਪਾਕਿਸਤਾਨ ਵਿੱਚ ਰਹਿ ਰਹੇ ਹਰਵਿੰਦਰ ਸਿੰਘ ਰਿੰਦਾ ਅਤੇ ਇਟਲੀ ਵਿਚ ਰਹਿੰਦੇ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਇਸ਼ਾਰੇ ’ਤੇ ਕੀਤੀਆਂ ਜਾ ਰਹੀਆਂ ਸਨ।