ਪੱਤਰ ਪ੍ਰੇਰਕ
ਘਨੌਰ, 7 ਅਕਤੂਬਰ
ਇਸ ਖੇਤਰ ਦੀਆਂ ਨਾਮੀਂ ਸ਼ਖ਼ਸੀਅਤਾਂ ਨੇ ਘਨੌਰ ਤੋਂ ਚੰਡੀਗੜ੍ਹ ਵਾਇਆ ਸ਼ੰਭੂ-ਅੰਬਾਲਾ ਸ਼ਹਿਰ ਰੂਟ ਨੰ. 122 ’ਤੇ ਬੰਦ ਪਈ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀ ਬੱਸ ਸਰਵਿਸ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ। ਇਥੋਂ ਦੇ ਵਸਨੀਕ ਸਮਾਜ ਸੇਵੀ ਡਾ. ਸੁਦੇਸ਼ ਸ਼ਰਮਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਕਿਸਾਨ ਆਗੂ ਸੁਖਜੀਤ ਸਿੰਘ ਬਘੌਰਾ, ਖੇਤ ਮਜ਼ਦੂਰ ਆਗੂ ਡਾ. ਵਿਜੇਪਾਲ ਘਨੌਰ, ਅਕਾਲੀ ਆਗੂ ਲਾਲ ਸਿੰਘ ਮਰਦਾਂਪੁਰ ਅਤੇ ਦਾਰਾ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਕਸਬਾ ਘਨੌਰ ਵਿੱਚ ਅਨੇਕਾਂ ਸਰਕਾਰੀ ਅਤੇ ਅਰਧ ਸਰਕਾਰੀ ਦਫਤਰ ਹਨ। ਇਸ ਖੇਤਰ ਵਿੱਚ ਪਿੰਡ ਸੰਧਾਰਸੀ ਨੇੜੇ ਇੰਡਸਟਰੀ ਜ਼ੋਨ ਹੈ। ਇਸ ਤੋਂ ਇਲਾਵਾ ਪੰਜਾਬ-ਹਰਿਆਣਾ ਦੀ ਸਰਹੱਦ ’ਤੇ ਪੈਂਦੇ ਇਸ ਖੇਤਰ ਵਿੱਚ ਵੱਡੀ ਗਿਣਤੀ ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਹੋਰ ਮੁਲਾਜ਼ਮ ਅੰਬਾਲਾ ਸ਼ਹਿਰ ਤੋਂ ਆਪਣੀ ਡਿਊਟੀ ਨਿਭਾਉਣ ਆਉਂਦੇ ਹਨ। ਪ੍ਰੰਤੂ ਕਸਬਾ ਘਨੌਰ ਤੋਂ ਚੰਡੀਗੜ੍ਹ ਵਾਇਆ ਸ਼ੰਭੂ-ਅੰਬਾਲਾ ਸ਼ਹਿਰ ਰੂਟ ’ਤੇ ਚੱਲਦੀ ਸੀਟੀਯੂ ਦੀ ਬੱਸ ਪਿਛਲੇ ਲੰਮੇ ਅਰਸੇ ਤੋਂ ਬੰਦ ਹੋਣ ਕਾਰਨ ਮੁਲਾਜ਼ਮਾਂ ਅਤੇ ਇਲਾਕੇ ਦੇ ਲੋਕਾਂ ਨੂੰ ਅੰਬਾਲਾ ਸ਼ਹਿਰ ਰਾਹੀਂ ਚੰਡੀਗੜ੍ਹ ਜਾਣ ਵਾਸਤੇ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਤੋਂ ਮੰਗ ਕੀਤੀ ਕਿ ਘਨੌਰ-ਚੰਡੀਗੜ੍ਹ ਵਾਇਆ ਸ਼ੰਭੂ-ਅੰਬਾਲਾ ਸ਼ਹਿਰ ਰੂਟ ’ਤੇ ਬੰਦ ਸੀਟੀਯੂ ਦੀ ਬੱਸ ਸਰਵਿਸ ਚਾਲੂ ਕੀਤੀ ਜਾਵੇ।